ਟਰੱਕ ਦੀ ਟੱਕਰ ਨਾਲ ਹੋਈ ਸੀ ਮੌਤ, ਪਰਿਵਾਰ ਨੂੰ ਮਿਲੇਗਾ 22.26 ਲੱਖ ਦਾ ਮੁਆਵਜ਼ਾ

Sunday, Feb 09, 2025 - 01:59 PM (IST)

ਟਰੱਕ ਦੀ ਟੱਕਰ ਨਾਲ ਹੋਈ ਸੀ ਮੌਤ, ਪਰਿਵਾਰ ਨੂੰ ਮਿਲੇਗਾ 22.26 ਲੱਖ ਦਾ ਮੁਆਵਜ਼ਾ

ਚੰਡੀਗੜ੍ਹ (ਪ੍ਰੀਕਸ਼ਿਤ) : ਮੋਟਰ ਐਕਸੀਡੈਂਟਲ ਟ੍ਰਿਬੀਊਨਲ ਨੇ ਮ੍ਰਿਤਕ ਦੀ ਪਤਨੀ ਤੇ 2 ਨਾਬਾਲਗ ਬੱਚਿਆਂ ਨੂੰ 22.26 ਲੱਖ ਰੁਪਏ ਮੁਆਵਜ਼ੇ ਵਜੋਂ ਦੇਣ ਦਾ ਹੁਕਮ ਦਿੱਤਾ ਹੈ। ਮੁਆਵਜ਼ੇ ਦੀ ਰਕਮ ਬੀਮਾ ਕੰਪਨੀ, ਟਰੱਕ ਡਰਾਈਵਰ ਤੇ ਮਾਲਕ ਨੂੰ ਅਦਾ ਕਰਨੀ ਪਵੇਗੀ। ਇਹ ਹਾਦਸਾ ਕਰੀਬ 2 ਸਾਲ ਪਹਿਲਾਂ ਹੋਇਆ ਸੀ। ਪੀੜਤ ਸੁਰੱਖਿਆ ਗਾਰਡ ਟਰੱਕ ’ਚ ਯੂ. ਪੀ. ਤੋਂ ਪੰਜਾਬ ਤੋਂ ਆ ਰਿਹਾ ਸੀ। ਤੇਜ਼ ਰਫ਼ਤਾਰ ਟਰੱਕ ਵਾਪਸ ਮੁੜਦਿਆਂ ਡੰਪਰ ਨਾਲ ਟਕਰਾ ਗਿਆ। ਇਸ ਹਾਦਸੇ ’ਚ ਉਹ ਗੰਭੀਰ ਜ਼ਖ਼ਮੀ ਹੋ ਗਿਆ ਅ ਮੌਤ ਹੋ ਗਈ।

ਹਾਦਸੇ ਸਬੰਧੀ ਮ੍ਰਿਤਕ ਦੀ ਪਤਨੀ ਨੇ ਟ੍ਰਿਬੀਊਨਲ ’ਚ ਪਟੀਸ਼ਨ ਦਾਇਰ ਕਰ ਕੇ 50 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਸੀ। ਟ੍ਰਿਬੀਊਨਲ ’ਚ ਦਾਇਰ ਮਾਮਲੇ ਤਹਿਤ ਮ੍ਰਿਤਕ ਮੋਹਨ ਯਾਦਵ ਦੀ ਪਤਨੀ ਸੁਨੀਤਾ ਨੇ ਮੁਆਵਜ਼ੇ ਲਈ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ਵਿਚ ਕਿਹਾ ਗਿਆ ਸੀ ਕਿ ਪਤੀ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ। ਹਾਦਸੇ ਸਮੇਂ ਪਤੀ ਟਰੱਕ ’ਚ ਗਜਰੌਲਾ ਤੋਂ ਬਰਨਾਲਾ ਜਾ ਰਿਹਾ ਸੀ। ਇਸ ਦੌਰਾਨ ਇਕ ਡੰਪਰ ਪਿੱਛੇ ਆ ਰਿਹਾ ਸੀ ਅਤੇ ਤੇਜ਼ ਰਫ਼ਤਾਰ ਕਾਰਨ ਟਰੱਕ ਸਿੱਧਾ ਪਿੱਛੇ ਤੋਂ ਆ ਰਹੇ ਡੰਪਰ ਨਾਲ ਟਕਰਾ ਗਿਆ।

ਇਸ ਹਾਦਸੇ ’ਚ ਪਤੀ ਮੋਹਿਨੀ ਯਾਦਵ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਪਟੀਸ਼ਨਕਰਤਾ ਸੁਨੀਤਾ ਨੇ ਦੋਸ਼ ਲਗਾਇਆ ਕਿ ਇਹ ਹਾਦਸਾ ਸਿਰਫ਼ ਟਰੱਕ ਡਰਾਈਵਰ ਦੀ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਕਾਰਨ ਹੋਇਆ, ਜਿਸ ਕਾਰਨ ਉਸ ਦੇ ਪਤੀ ਦੀ ਮੌਤ ਹੋ ਗਈ। ਟ੍ਰਿਬੀਊਨਲ ’ਚ ਪਟੀਸ਼ਨ ਦਾਇਰ ਕਰਨ ਦੀ ਮਿਤੀ ਤੋਂ 24 ਫ਼ੀਸਦੀ ਸਾਲਾਨਾ ਦੀ ਦਰ ਨਾਲ ਵਿਆਜ ਸਮੇਤ 50 ਲੱਖ ਰੁਪਏ ਮੁਆਵਜ਼ੇ ਦਿੱਤੇ ਜਾਣ ਦਾ ਦਾਅਵਾ ਕੀਤਾ।

ਪਟੀਸ਼ਨ ਦਾ ਵਿਰੋਧ ਕਰਦਿਆਂ ਬੀਮਾ ਕੰਪਨੀ ਨੇ ਦਲੀਲ ਦਿੱਤੀ ਕਿ ਇਹ ਹਾਦਸਾ ਡੰਪਰ ਚਾਲਕ ਦੀ ਲਾਪਰਵਾਹੀ ਕਾਰਨ ਹੋਇਆ। ਹਾਲਾਂਕਿ ਟ੍ਰਿਬੀਊਨਲ ਨੇ ਬੀਮਾ ਕੰਪਨੀ ਦੀ ਦਲੀਲ ਨੂੰ ਰੱਦ ਕਰ ਦਿੱਤਾ ਕਿਉਂਕਿ ਬੀਮਾ ਕੰਪਨੀ ਇਹ ਸਾਬਤ ਕਰਨ ’ਚ ਅਸਫਲ ਰਹੀ ਕਿ ਹਾਦਸਾ ਡੰਪਰ ਚਾਲਕ ਦੀ ਲਾਪਰਵਾਹੀ ਕਾਰਨ ਹੋਇਆ ਸੀ। ਟ੍ਰਿਬੀਊਨਲ ਨੇ ਬੀਮਾ ਕੰਪਨੀ ਨੂੰ ਪਟੀਸ਼ਨ ਦੀ ਮਿਤੀ ਤੋਂ 9 ਫ਼ੀਸਦੀ ਸਾਲਾਨਾ ਦੀ ਦਰ ਨਾਲ ਵਿਆਜ ਸਮੇਤ ਦਾਅਵੇਦਾਰਾਂ ਨੂੰ 22.26 ਲੱਖ ਰੁਪਏ ਮੁਆਵਜ਼ੇ ਵਜੋਂ ਅਦਾ ਕਰਨ ਦਾ ਨਿਰਦੇਸ਼ ਦਿੱਤਾ ਹੈ।


author

Babita

Content Editor

Related News