ਦੀਵਾਲੀ ਤੋਂ ਪਹਿਲਾਂ CM ਮਾਨ ਦਾ ਵੱਡਾ ਤੋਹਫਾ, ਮੁਆਵਜ਼ਾ ਰਾਸ਼ੀ ਵੰਡਣ ਦੀ ਕੀਤੀ ਸ਼ੁਰੂਆਤ

Monday, Oct 13, 2025 - 03:46 PM (IST)

ਦੀਵਾਲੀ ਤੋਂ ਪਹਿਲਾਂ CM ਮਾਨ ਦਾ ਵੱਡਾ ਤੋਹਫਾ, ਮੁਆਵਜ਼ਾ ਰਾਸ਼ੀ ਵੰਡਣ ਦੀ ਕੀਤੀ ਸ਼ੁਰੂਆਤ

ਅਜਨਾਲਾ- ਅਜਨਾਲਾ 'ਚ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਮੁਆਵਜ਼ਾ ਵੰਡ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿਹੜੇ ਲੋਕ ਦੁਖਾਂ 'ਚੋਂ ਗੁਜ਼ਰੇ ਹਨ, ਅੱਜ ਉਨ੍ਹਾਂ ਦੇ ਜ਼ਖਮਾਂ 'ਤੇ ਮਰਹਮ ਲਗਾਉਣ ਦਾ ਸਮਾਂ ਹੈ। ਉਨ੍ਹਾਂ ਕਿਹਾ ਕਿ ਪਰਮਾਤਮਾ ਦਾ ਭਾਣਾ ਹੈ, ਇਸ ਉੱਤੇ ਕਿਸੇ ਦਾ ਵੱਸ ਨਹੀਂ, ਪਰ ਹੁਣ ਸਾਡਾ ਫਰਜ਼ ਹੈ ਕਿ ਪ੍ਰਭਾਵਿਤ ਲੋਕਾਂ ਦੀ ਮਦਦ ਕਰੀਏ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 11 ਸਤੰਬਰ ਨੂੰ ਵਾਅਦਾ ਕੀਤਾ ਸੀ ਕਿ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਅੱਜ ਸਿਰਫ਼ 32 ਦਿਨਾਂ ਵਿੱਚ ਹੀ ਗੁਰੂਆਂ ਦੀ ਧਰਤੀ ਤੋਂ ਮੁਆਵਜ਼ਾ ਚੈਕ ਵੰਡ ਰਹੇ ਹਾਂ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਕਿਸਾਨਾਂ ਨੂੰ ਪਹਿਲੀ ਵਾਰ 20 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਰੂਪ ਵਿੱਚ ਮੁਆਵਜ਼ਾ ਦਿੱਤਾ ਜਾ ਰਿਹਾ ਹੈ, ਜੋ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਹੜ੍ਹਾਂ ਅਤੇ ਹਨੇਰੀਆਂ ਦੇ ਦੌਰਾਨ ਕੇਵਲ 25 ਤੋਂ 37 ਰੁਪਏ ਦੇ ਚੈਕ ਆਉਂਦੇ ਸਨ, ਅਤੇ ਜਿਨ੍ਹਾਂ ਨੂੰ ਨੁਕਸਾਨ ਹੁੰਦਾ ਸੀ ਉਨ੍ਹਾਂ ਨੂੰ ਪੈਸਾ ਨਹੀਂ ਮਿਲਦਾ ਸੀ, ਜਦਕਿ ਜਿਨ੍ਹਾਂ ਨੂੰ ਨੁਕਸਾਨ ਨਹੀਂ ਹੁੰਦਾ ਸੀ, ਉਨ੍ਹਾਂ ਦੇ ਪੈਸੇ ਆ ਜਾਂਦੇ ਸਨ।

ਇਹ ਵੀ ਪੜ੍ਹੋ-ਪੰਜਾਬ ਦਾ ਮੌਸਮ ਲੈ ਰਿਹਾ ਕਰਵਟ, ਪੜ੍ਹੋ ਵਿਭਾਗ ਦੀ ਨਵੀਂ ਅਪਡੇਟ

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਨੇ ਹੜ੍ਹ ਪੀੜਤਾਂ ਦੀ ਬਾਂਹ ਫੜੀ ਹੈ। ਸਰਕਾਰਾਂ ਇਕੱਲੀਆਂ ਇਨ੍ਹਾਂ ਹਾਲਾਤਾਂ ਦਾ ਸਾਹਮਣਾ ਨਹੀਂ ਕਰ ਸਕਦੀਆਂ। ਉਨ੍ਹਾਂ ਕਿਹਾ ਕਿ ਜੇ ਇਹ ਕਹਿਰ ਕਿਸੇ ਹੋਰ ਸੂਬੇ 'ਚ ਆਇਆ ਹੁੰਦਾ, ਤਾਂ ਸ਼ਾਇਦ ਸਾਲ ਲੱਗ ਜਾਂਦੇ, ਪਰ ਇਹ ਸ਼ਹੀਦਾਂ ਅਤੇ ਗੁਰੂਆਂ ਦੀ ਧਰਤੀ ਹੈ, ਸਾਨੂੰ ਵਰਦਾਨ ਹੈ ਇਸ ਲਈ ਅਸੀਂ ਜਲਦੀ ਖੜ੍ਹੇ ਹੋਏ ਹਾਂ। ਉਨ੍ਹਾਂ ਕਿਹਾ ਕਿ ਸੰਕਟ ਦੇ ਬਾਵਜੂਦ ਵੀ ਪੰਜਾਬ ਦੇ ਕਿਸਾਨ 170 ਲੱਖ ਮੈਟਰਿਕ ਟਨ ਝੋਨਾ ਦੇਸ਼ ਨੂੰ ਦੇਣਗੇ ਅਤੇ ਹੁਣ ਕਣਕ ਦੀ ਫਸਲ ਵੀ ਤਿਆਰ ਹੈ ।

ਇਹ ਵੀ ਪੜ੍ਹੋ-ਬਟਾਲਾ 'ਚ ਅੰਨ੍ਹੇਵਾਹ ਫਾਇਰਿੰਗ ਕਰ ਮਾਰ'ਤੇ 2 ਬੰਦੇ, ਗੈਂਗਸਟਰ ਬੋਲਿਆ- ਵਾਰੀ ਸਭ ਦੀ ਆਉਗੀ

ਮਾਨ ਨੇ ਦੱਸਿਆ ਕਿ ਹੜ੍ਹਾਂ ਦੌਰਾਨ ਸੂਬੇ 'ਚ ਵੱਡਾ ਨੁਕਸਾਨ ਹੋਇਆ ਹੈ, ਜਿਸ 'ਚ 32 ਹਜ਼ਾਰ ਸਰਕਾਰੀ ਸਕੂਲ ਮਲਵੇ 'ਚ ਤਬਦੀਲ ਹੋਏ, 25 ਸੌ ਦੇ ਕਰੀਬ ਛੋਟੇ-ਵੱਡੇ ਪੁਲ ਰੁੜ ਗਏ, ਕਾਲਜ ਅਤੇ ਹਸਪਤਾਲ ਪ੍ਰਭਾਵਿਤ ਹੋਏ, 60 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ, 5 ਲੱਖ ਏਕੜ ਤੋਂ ਵੱਧ ਫਸਲ ਤਬਾਹ ਹੋ ਗਈ ਹੈ। ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਸਿਰਫ਼ ਅਜਨਾਲਾ ਵਿੱਚ ਹੀ 3 ਕਰੋੜ 84 ਲੱਖ ਰੁਪਏ ਘਰਾਂ ਦੇ ਮੁਆਵਜ਼ੇ ਵਜੋਂ, 1 ਕਰੋੜ 16 ਲੱਖ ਰੁਪਏ ਫਸਲਾਂ ਲਈ, ਅਤੇ 73 ਲੱਖ ਰੁਪਏ ਜਾਨਵਰਾਂ ਲਈ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ-ਤਰਨਤਾਰਨ 'ਚ ਵੱਡੀ ਵਾਰਦਾਤ, ਮੈਡੀਕਲ ਸਟੋਰ ਮਾਲਕ 'ਤੇ ਚੱਲੀਆਂ ਤਾਬੜਤੋੜ ਗੋਲੀਆਂ

ਉਨ੍ਹਾਂ ਕਿਹਾ ਕਿ ਅੱਜ ਮੁਆਵਜ਼ਾ ਦੇਣ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਉਹ ਖੁਦ ਦੁਬਾਰਾ ਪਿੰਡਾਂ ਦਾ ਦੌਰਾ ਕਰਨਗੇ, ਜੇਕਰ ਕੋਈ ਪਿੰਡ ਬਾਕੀ ਰਹਿ ਗਿਆ ਹੋਵੇ, ਤਾਂ ਉਥੇ ਵੀ ਪਹੁੰਚਣਗੇ। ਉਨ੍ਹਾਂ ਕਿਹਾ ਕਿ ਇਹ ਸਾਡਾ ਫਰਜ਼ ਹੈ, ਕੋਈ ਅਹਿਸਾਨ ਨਹੀਂ। ਸਕੂਲੀ ਬੱਚਿਆਂ ਬਾਰੇ ਗੱਲ ਕਰਦਿਆਂ ਮਾਨ ਨੇ ਕਿਹਾ ਕਿ ਜਿਨ੍ਹਾਂ ਬੱਚਿਆਂ ਦੀਆਂ ਕਿਤਾਬਾਂ ਤੇ ਸਮਾਨ ਹੜ੍ਹ ਵਿੱਚ ਨਸ਼ਟ ਹੋ ਗਿਆ ਹੈ, ਉਨ੍ਹਾਂ ਨੂੰ ਨਵਾਂ ਸਾਮਾਨ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਉਹ ਆਪਣੀ ਪੜ੍ਹਾਈ ਜਾਰੀ ਰੱਖ ਸਕਣ।

ਡੀਸੀ ਸਾਕਸ਼ੀ ਸਾਹਨੀ ਦੀ ਵੀ ਕੀਤੀ ਤਾਰੀਫ਼

ਇਸ ਮੌਕੇ 'ਤੇ ਉਨ੍ਹਾਂ ਨੇ ਅੰਮ੍ਰਿਤਸਰ ਦੀ ਡੀਸੀ ਸਾਕਸ਼ੀ ਸਾਹਨੀ ਦੀ ਵੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਡੀਸੀ ਮੈਡਮ ਦੀ ਪੂਰੇ ਦੇਸ਼ ਵਿੱਚ ਸੀਫ਼ਤ ਹੋ ਰਹੀ ਹੈ, ਇਨ੍ਹਾਂ ਨੇ ਧੀ ਵਾਂਗ ਹੜ੍ਹ ਪੀੜਤਾਂ ਦੀ ਸੇਵਾ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News