3 ਸਾਲਾਂ ਵਿਚ ਵੀ ਨਹੀਂ ਬਣ ਸਕਿਆ 1.61 ਕਰੋੜ ਦੀ ਲਾਗਤ ਨਾਲ ਬਣਨ ਵਾਲਾ ਕਮਿਊਨਿਟੀ ਸੈਂਟਰ

Monday, Dec 26, 2022 - 02:02 PM (IST)

3 ਸਾਲਾਂ ਵਿਚ ਵੀ ਨਹੀਂ ਬਣ ਸਕਿਆ 1.61 ਕਰੋੜ ਦੀ ਲਾਗਤ ਨਾਲ ਬਣਨ ਵਾਲਾ ਕਮਿਊਨਿਟੀ ਸੈਂਟਰ

ਸ੍ਰੀ ਕੀਰਤਪੁਰ ਸਾਹਿਬ (ਬਾਲੀ)- ਇਤਿਹਾਸਕ ਧਾਰਮਿਕ ਨਗਰੀ ਸ੍ਰੀ ਕੀਰਤਪੁਰ ਸਾਹਿਬ ਦੇ ਵਸਨੀਕਾਂ ਨੂੰ ਵਿਆਹ-ਸ਼ਾਦੀ ਅਤੇ ਹੋਰ ਨਿੱਜੀ ਸਮਾਗਮ ਕਰਨ ਲਈ ਸ਼ਹਿਰ ਵਿਚ ਕੋਈ ਯੋਗ ਥਾਂ ਨਾ ਹੋਣ ਕਾਰਨ ਸ਼ਹਿਰ ਦੇ ਵਸਨੀਕਾਂ ਦੀ ਮੰਗ ਉਪਰ ਕਾਂਗਰਸ ਦੀ ਸਰਕਾਰ ਸਮੇਂ ਉਸ ਸਮੇਂ ਦੇ ਹਲਕਾ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਵੱਲੋਂ ਮੁੱਢਲਾ ਸਿਹਤ ਕੇਂਦਰ ਅਤੇ ਗੁਰਦੁਆਰਾ ਮੰਜੀ ਸਾਹਿਬ ਦੇ ਨਜ਼ਦੀਕ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੀ ਜ਼ਮੀਨ ਵਿਚ ਅਤਿਧੁਨਿਕ ਕਮਿਊਨਿਟੀ ਸੈਂਟਰ ਦੀ ਉਸਾਰੀ ਕਰਨ ਲਈ ਮਿਤੀ 4 ਦਸੰਬਰ 2019 ਨੂੰ ਆਪਣੇ ਕਰ ਕਮਲਾਂ ਨਾਲ ਨੀਂਹ ਪੱਥਰ ਰੱਖਿਆ ਸੀ ਪਰ ਤਿੰਨ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਇਹ ਅਤਿ-ਆਧੁਨਿਕ ਕਮਿਊਨਿਟੀ ਸੈਂਟਰ ਬਣ ਕੇ ਤਿਆਰ ਨਹੀਂ ਹੋਇਆ ਜਿਸ ਕਾਰਨ ਸ਼ਹਿਰ ਦੇ ਲੋਕਾਂ ਨੂੰ ਆਪਣੇ ਸਮਾਗਮ ਕਰਨ ਲਈ ਆਲੇ ਦੁਆਲੇ ਨਿੱਜੀ ਪੈਲਸਾਂ ਵਿਚ ਜਾਂ ਜ਼ਮੀਨ ਕਿਰਾਏ ਉਪਰ ਲੈ ਕੇ ਆਪਣੇ ਨਿੱਜੀ ਸਮਾਗਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਵਾਰਡਾਂ ਦੇ ਵਸਨੀਕਾਂ ਦੀ ਸਹੂਲਤ ਲਈ ਸ਼ਹਿਰ ’ਚ ਨਹੀਂ ਸੀ ਕੋਈ ਵੀ ਕਮਿਊਨਿਟੀ ਸੈਂਟਰ
ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਜਿਸ ਵਿਚ ਪੰਜ ਪਿੰਡ ਸ਼ਾਮਲ ਹਨ ਅਤੇ ਇਨ੍ਹਾਂ ਨੂੰ ਅੱਗੇ 11 ਵਾਰਡਾਂ ਵਿਚ ਵੰਡਿਆ ਹੋਇਆ ਹੈ। ਇਨ੍ਹਾਂ ਵਾਰਡਾਂ ਦੇ ਵਸਨੀਕਾਂ ਦੀ ਸਹੂਲਤ ਲਈ ਸ਼ਹਿਰ ਵਿਚ ਕੋਈ ਵੀ ਕਮਿਊਨਿਟੀ ਸੈਂਟਰ ਨਹੀਂ ਹੈ ਅਤੇ ਨਾ ਹੀ ਸ਼ਹਿਰ ਵਿਚ ਕੋਈ ਸਰਕਾਰੀ ਖੁੱਲ੍ਹੀ ਥਾਂ (ਜਮੀਨ) ਹੈ ਜਿੱਥੇ ਲੋਕ ਟੈਂਟ ਲਗਾ ਕੇ ਆਪਣੇ ਪਰਿਵਾਰਕ ਮੈਂਬਰਾਂ ਦੇ ਵਿਆਹ, ਸ਼ਾਦੀ ਅਤੇ ਹੋਰ ਨਿੱਜੀ ਪ੍ਰੋਗਰਾਮ ਕਰ ਸਕਣ, ਲੋਕਾਂ ਦੇ ਘਰਾਂ ਨਾਲ ਲੱਗਦੀਆਂ ਗਲੀਆਂ ਛੋਟੀਆਂ ਅਤੇ ਤੰਗ ਹੋਣ ਕਾਰਨ ਉਨ੍ਹਾਂ ਵਿਚ ਟੈਂਟ ਲਗਾ ਕੇ ਸਮਾਗਮ ਨਹੀਂ ਸੀ ਹੋ ਸਕਦੇ, ਦੂਸਰਾ ਅਜਿਹਾ ਕਰਨ ਨਾਲ ਰਾਹਗੀਰ ਲੋਕਾਂ ਨੂੰ ਵੀ ਮੁਸ਼ਕਿਲ ਪੇਸ਼ ਆਉਂਦੀ ਸੀ। ਮਜਬੂਰੀ ਵਸ ਲੋਕਾਂ ਨੂੰ ਸ਼ਹਿਰ ਤੋਂ ਕਾਫ਼ੀ ਦੂਰ ਜਾ ਕੇ ਮਹਿੰਗੇ ਕਿਰਾਏ ਦੇ ਹੋਟਲ, ਪੈਲਸ ਬੁੱਕ ਕ ਰਕੇ ਆਪਣੇ ਨਿੱਜੀ ਸਮਾਗਮ ਕਰਨੇ ਪੈਂਦੇ ਸਨ। ਸ਼ਹਿਰ ਦੇ ਗਰੀਬ ਲੋਕਾਂ ਨੂੰ ਪੈਸੇ ਦੀ ਘਾਟ ਕਾਰਨ ਆਪਣੇ ਨਿੱਜੀ ਸਮਾਗਮ ਕਰਨ ਲਈ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ।

ਇਹ ਵੀ ਪੜ੍ਹੋ : 11 ਸਾਲਾਂ ਤੋਂ ਬਾਅਦ ਦਸੰਬਰ ਦੇ ਆਖਰੀ ਦਿਨ ਸਭ ਤੋਂ ਠੰਡੇ, ਸੀਤ ਲਹਿਰ ਨੇ ਠੁਰ-ਠੁਰ ਕਰਨੇ ਲਾਏ ਲੋਕ

ਰਾਣਾ ਕੇ. ਪੀ. ਸਿੰਘ ਨੇ 4 ਦਸੰਬਰ 2019 ਨੂੰ ਰੱਖਿਆ ਸੀ ਨੀਂਹ ਪੱਥਰ
ਲੋਕਾਂ ਦੀ ਮੰਗ ਨੂੰ ਪੁਰਾ ਕਰਦੇ ਹੋਏ ਕਾਂਗਰਸ ਸਰਕਾਰ ਸਮੇਂ ਉਸ ਸਮੇਂ ਦੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਵੱਲੋਂ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੇ ਜਰੀਏ ਦੇ ਕਰੀਬ 1.61 ਕਰੋਡ਼ ਰੁਪਏ ਦੀ ਲਾਗਤ ਨਾਲ ਕਰੀਬ 6 ਹਜ਼ਾਰ ਵਰਗ ਫੁੱਟ ’ਚ ਬਣਨ ਵਾਲੇ ਕਮਿਊਨਿਟੀ ਸੈਂਟਰ ਦਾ 4 ਦਸੰਬਰ 2019 ਨੂੰ ਨੀਂਹ ਪੱਥਰ ਰੱਖਿਆ ਸੀ। ਨਗਰ ਪੰਚਾਇਤ ਵੱਲੋਂ ਕਮਿਊਨਿਟੀ ਸੈਂਟਰ ਬਣਾਉਣ ਲਈ ਪਟਿਆਲਾ ਦੇ ਇਕ ਮੰਨੇ ਪ੍ਰਮੰਨੇ ਠੇਕੇਦਾਰ ਜਿਸ ਨੇ ਪਹਿਲਾਂ ਤੋਂ ਹੀ ਸ਼ਹਿਰ ਦੇ ਹੋਰ ਕੰਮ ਕਰਨ ਦੇ ਠੇਕੇ ਲਏ ਹੋਏ ਸਨ ਨੂੰ ਠੇਕਾ ਦਿੱਤਾ ਗਿਆ ਸੀ।

PunjabKesari

ਕਮਿਊਨਿਟੀ ਸੈਂਟਰ ਬਣਾਉਣ ਲਈ ਗ੍ਰਾਮ ਪੰਚਾਇਤ ਕੀਰਤਪੁਰ ਸਾਹਿਬ ਦੀ ਇਮਾਰਤ ਨੂੰ ਢਾਹਿਆ ਸੀ
ਗ੍ਰਾਮ ਪੰਚਾਇਤ ਕੀਰਤਪੁਰ ਸਾਹਿਬ ਵੱਲੋਂ ਲੱਖਾਂ ਰੁਪਏ ਖ਼ਰਚ ਕਰਕੇ ਗੁਰਦੁਆਰਾ ਮੰਜੀ ਸਾਹਿਬ ਨਜ਼ਦੀਕ ਇਮਾਰਤ ਬਣਾਈ ਗਈ ਸੀ, ਜਿਸ ਵਿਚ ਸਿਲਾਈ ਕਢਾਈ ਸੈਂਟਰ ਅਤੇ ਜਿੰਮ ਚਲਦਾ ਸੀ ਅਤੇ ਇਕ ਕਮਰੇ ਵਿਚ ਸਫਾਈ ਕਰਮਚਾਰੀ ਸਮਾਨ ਰਖਦੇ ਸਨ ਨੂੰ ਨਗਰ ਪੰਚਾਇਤ ਨੇ ਕਮਿਊਨਿਟੀ ਸੈਂਟਰ ਬਣਾਉਣ ਲਈ ਢਾਹ ਢੇਰੀ ਕਰ ਦਿੱਤਾ ਸੀ। ਕਮਿਊਨਿਟੀ ਸੈਂਟਰ ਬਣਾਉਣ ਲਈ ਪਹਿਲਾਂ ਬਿਲਾਸਪੁਰ ਰੋਡ ਤੇ ਪਿੰਡ ਕਲਿਆਣਪੁਰ ਦੀ ਜਮੀਨ ਦੀ ਚੋਣ ਕੀਤੀ ਗਈ ਸੀ ਪਰ ਉਹ ਜ਼ਮੀਨ ਜੰਗਲਾਤ ਵਿਭਾਗ ਦੀ ਦਫ਼ਾ ਚਾਰ ਅਧੀਨ ਬੰਦ ਸੀ ਜਿਸ ਵਿਚ ਉਸਾਰੀ ਨਹੀਂ ਸੀ ਕੀਤੀ ਜਾ ਸਕਦੀ ਜਿਸ ਤੋਂ ਬਾਅਦ ਉਕਤ ਜ਼ਮੀਨ ਦੀ ਚੋਣ ਕੀਤੀ ਗਈ ਸੀ।

ਇਹ ਵੀ ਪੜ੍ਹੋ : ਅਗਲੇ 24 ਘੰਟਿਆਂ ’ਚ ਸੰਘਣੀ ਧੁੰਦ ਤੇ ਕੜਾਕੇ ਦੀ ਠੰਡ ਪਵੇਗੀ, ਮੌਸਮ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ

ਪਹਿਲਾਂ ਵੀ ਕਮਿਊਨਿਟੀ ਸੈਂਟਰ ਦਾ ਰੁਕਿਆ ਸੀ ਕੰਮ- ਠੇਕੇਦਾਰ ਵੱਲੋਂ ਕਮਿਊਨਿਟੀ ਸੈਂਟਰ ਬਣਾਉਣ ਦਾ ਕੰਮ ਪਹਿਲਾਂ ਬੜੀ ਤੇਜ਼ੀ ਨਾਲ ਸ਼ੁਰੂ ਕੀਤਾ ਗਿਆ ਸੀ ਪਰ ਪਿੱਲਰ ਖਡ਼੍ਹੇ ਕਰਨ ਤੋਂ ਬਾਅਦ ਕੋਰੋਨਾ ਮਹਾਮਾਰੀ ਦੌਰਾਨ ਉਸ ਨੇ ਕਈ ਮਹੀਨੇ ਤੱਕ ਕੰਮ ਨਹੀਂ ਸੀ ਕੀਤਾ ਜਿਸ ਕਾਰਨ ਪਿੱਲਰਾਂ ਦੇ ਸਰੀਏ ਜੰਗਾਲ ਨਾਲ ਖਰਾਬ ਹੋਣ ਲੱਗ ਪਏ ਸਨ। ਜੁਲਾਈ 2021 ਨੂੰ ਪ੍ਰਿੰਟ ਮੀਡੀਆ ਵਿਚ ਕਮਿਊਨਿਟੀ ਸੈਂਟਰ ਦਾ ਕੰਮ ਬੰਦ ਹੋਣ ਬਾਰੇ ਖ਼ਬਰ ਲਗਾਈ ਗਈ ਸੀ, ਜਿਸ ਤੋਂ ਬਾਅਦ ਅਧਿਕਾਰੀ ਹਰਕਤ ਵਿਚ ਆਏ ਸਨ ਅਤੇ ਉਨ੍ਹਾਂ ਨੇ ਠੇਕੇਦਾਰ ’ਤੇ ਦਬਾਅ ਪਾ ਕੇ ਕੰਮ ਸ਼ੁਰੂ ਕਰਵਾਇਆ ਸੀ। ਜਿਸ ਤੋਂ ਬਾਅਦ ਠੇਕੇਦਾਰ ਨੇ ਧੀਮੀ ਗਤੀ ਨਾਲ ਕੰਮ ਕਰਦੇ ਹੋਏ ਕਮਿਊਨਿਟੀ ਸੈਂਟਰ ਦਾ ਲੈਂਟਰ ਤੱਕ ਪਾ ਦਿੱਤਾ ਸੀ ਪਰ ਉਸ ਤੋਂ ਬਾਅਦ ਉਸ ਨੇ ਕੋਈ ਕੰਮ ਨਹੀਂ ਕੀਤਾ। ਭਰਤਗੜ੍ਹ ਦਾ ਕਾਫ਼ੀ ਸਮਾਂ ਪਹਿਲਾਂ ਹੀ ਤਿਆਰ ਹੋ ਚੁੱਕਾ ਹੈ ਕਮਿਊਨਿਟੀ ਸੈਂਟਰ- ਨਗਰ ਪੰਚਾਇਤ ਕੀਰਤਪੁਰ ਸਾਹਿਬ ਵੱਲੋਂ ਬਣਾਏ ਜਾਣ ਵਾਲੇ ਕਮਿਊਨਿਟੀ ਸੈਂਟਰ ਦਾ ਨੀਂਹ ਪੱਥਰ ਰੱਖਣ ਤੋਂ ਕਰੀਬ ਦੋ ਮਹੀਨੇ ਪਹਿਲਾਂ ਗ੍ਰਾਮ ਪੰਚਾਇਤ ਭਰਤਗਡ਼੍ਹ ਵੱਲੋਂ ਪੰਚਾਇਤੀ ਜ਼ਮੀਨ ’ਚ ਕਮਿਊਨਿਟੀ ਸੈਂਟਰ ਬਣਾਉਣ ਦਾ 3 ਅਕਤੂਬਰ 2019 ਨੂੰ ਰਾਣਾ ਕੰਵਰਪਾਲ ਸਿੰਘ ਵੱਲੋਂ ਨੀਂਹ ਪੱਥਰ ਰੱਖਿਆ ਗਿਆ ਸੀ ਜੋ ਹੁਣ ਬਣ ਕੇ ਤਿਆਰ ਹੋ ਚੁੱਕਾ ਹੈ ਅਤੇ ਲੋਕਾਂ ਵੱਲੋਂ ਉਸ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਦੀ 45 ਫੁੱਟ ਚੌਡ਼ਾਈ ਅਤੇ 95 ਫੁੱਟ ਲੰਬਾਈ ਹੈ, ਇਸ ਉਪਰ ਸਿਰਫ਼ 50-55 ਲੱਖ ਰੁਪਏ ਖਰਚਾ ਹੀ ਆਇਆ ਹੈ ਜਦਕਿ ਕੀਰਤਪੁਰ ਸਾਹਿਬ ਦਾ ਕਮਿਊਨਿਟੀ ਸੈਂਟਰ ਜਿਸ ਉਪਰ 1.61 ਕਰੋੜ ਰੁਪਏ ਖਰਚ ਆ ਰਿਹਾ ਹੈ, ਹੁਣ ਤੱਕ ਬਣ ਕੇ ਤਿਆਰ ਨਹੀਂ ਹੋਇਆ। ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੇ ਵਸਨੀਕਾਂ ਨੇ ਹਲਕਾ ਵਿਧਾਇਕ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਫੰਡ ਜਾਰੀ ਕਰਕੇ ਕਮਿਊਨਿਟੀ ਸੈਂਟਰ ਦਾ ਬੰਦ ਪਿਆ ਕੰਮ ਚਾਲੂ ਕਰਵਾਇਆ ਜਾਵੇ।

ਕੀ ਕਹਿਣਾ ਹੈ ਕਾਰਜ ਸਾਧਕ ਅਫ਼ਸਰ ਦਾ 
ਇਸ ਬਾਰੇ ਜਦੋਂ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੇ ਕਾਰਜ ਸਾਧਕ ਅਫ਼ਸਰ ਹਰਬਖਸ਼ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਪਾਸ ਫੰਡ ਦੀ ਘਾਟ ਹੈ ਜਿਸ ਕਾਰਨ ਕਮਿਊਨਿਟੀ ਸੈਂਟਰ ਦਾ ਕੰਮ ਬੰਦ ਪਿਆ ਹੈ। ਜਦੋਂ ਵੀ ਨਗਰ ਪੰਚਾਇਤ ਪਾਸ ਕੋਈ ਫੰਡ ਆਵੇਗਾ ਤਾਂ ਕਮਿਊਨਿਟੀ ਸੈਂਟਰ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।

ਕੀ ਕਹਿਣਾ ਹੈ ਆਪ ਆਗੂ ਡਾ. ਸੰਜੀਵ ਗੌਤਮ ਦਾ 
ਇਸ ਬਾਰੇ ਜਦੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਸੰਜੀਵ ਗੌਤਮ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਨਗਰ ਪੰਚਾਇਤ ਦੇ ਠੇਕੇ ਸਿਰਫ਼ ਇਕ ਠੇਕੇਦਾਰ ਨੂੰ ਹੀ ਦਿੱਤੇ ਗਏ ਸਨ, ਜੋ ਕਿ ਕੰਮ ਕਰਨ ਦੇ ਮੁਕਾਬਲੇ ਅਧਿਕਾਰੀਆਂ ਨਾਲ ਮਿਲੀ ਭੁਗਤ ਕਰ ਕੇ ਜ਼ਿਆਦਾ ਪੈਸੇ ਲੈ ਚੁੱਕਾ ਹੈ, ਪਰ ਉਸ ਦੇ ਕੰਮ ਪੂਰੇ ਨਹੀਂ ਹੋਏ। ਜਿਸ ਬਾਰੇ ਉਨ੍ਹਾਂ ਨੂੰ ਸਥਾਨਕ ਲੋਕਾਂ ਨੇ ਜਾਣਕਾਰੀ ਦਿੱਤੀ ਹੈ। ਕਮਿਊਨਿਟੀ ਸੈਂਟਰ ਦਾ ਕਿੰਨਾ ਪੈਸਾ ਜਾਰੀ ਹੋਇਆ ਹੈ ਅਤੇ ਕਿੰਨਾ ਕੰਮ ਹੋਇਆ ਹੈ ਬਾਰੇ ਜਾਂਚ ਕਰਵਾਈ ਜਾਵੇਗੀ ਜੇਕਰ ਇਸ ਵਿਚ ਕੋਈ ਅਧਿਕਾਰੀ ਵੀ ਸ਼ਾਮਲ ਹੋਇਆ ਤਾਂ ਉਸ ਖ਼ਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਮਿਊਨਿਟੀ ਸੈਂਟਰ ਬਣਾਉਣ ਲਈ ਕਿੰਨਾ ਫੰਡ ਚਾਹੀਦਾ ਹੈ, ਬਾਰੇ ਪਤਾ ਕਰਵਾ ਕੇ ਸਰਕਾਰ ਨੂੰ ਭੇਜਿਆ ਜਾਵੇਗਾ ਤਾਂ ਜੋ ਫੰਡ ਜਾਰੀ ਹੋ ਸਕੇ ਅਤੇ ਬੰਦ ਪਿਆ ਕੰਮ ਚਾਲੂ ਹੋ ਸਕੇ।

ਇਹ ਵੀ ਪੜ੍ਹੋ : ਵਿਦੇਸ਼ੋਂ ਆਈ ਖ਼ਬਰ ਨੇ ਪਰਿਵਾਰ 'ਚ ਪੁਆਏ ਵੈਣ, ਲੋਹੀਆਂ ਖ਼ਾਸ ਦੇ ਨੌਜਵਾਨ ਦੀ ਕੈਨੇਡਾ 'ਚ ਸ਼ੱਕੀ ਹਾਲਾਤ 'ਚ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News