ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ’ਚ ਸਿੰਜਾਈ ਨੈੱਟਵਰਕ ਯਕੀਨੀ ਬਣਾਉਣ ਲਈ ਵਚਨਬੱਧ: ਮੀਤ ਹੇਅਰ
Monday, May 15, 2023 - 03:42 PM (IST)
ਚੰਡੀਗੜ੍ਹ (ਬਿਊਰੋ) : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ’ਚ ਪਾਣੀ ਦੀ ਵੰਡ ਨੂੰ ਹੋਰ ਬਿਹਤਰ ਤੇ ਸੁਚੱਜਾ ਬਣਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤਹਿਤ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਜਲ ਸਰੋਤ ਵਿਭਾਗ, ਹੁਸ਼ਿਆਰਪੁਰ ਦੇ ਏਰੀਆ ਡੈਮ ਸਰਕਲ ਅਧੀਨ ਪੈਂਦੇ ਕੰਢੀ ਖੇਤਰ ਦੇ 7 ਡੈਮਾਂ ਦੀ ਬਹਾਲੀ ਲਈ 5.72 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਹੈ। ਜਲ ਸਰੋਤ ਮੰਤਰੀ ਨੇ ਦੱਸਿਆ ਕਿ ਕੰਢੀ ਖੇਤਰ ਦੇ ਮੌਜੂਦਾ 7 ਘੱਟ ਜਲ ਪੱਧਰ ਵਾਲੇ ਡੈਮ ਜਿਵੇਂ ਸਲੇਰਾਂ ਡੈਮ, ਪਰਚ ਡੈਮ, ਪਟਿਆਰੀ ਡੈਮ, ਥਾਨਾ ਡੈਮ, ਜੈਂਤੀ ਡੈਮ, ਸਿਸਵਾਂ ਡੈਮ ਅਤੇ ਮਿਰਜ਼ਾਪੁਰ ਡੈਮ ਜਿੱਥੇ ਸ਼ਿਵਾਲਿਕ ਪਹਾੜੀਆਂ ਦੇ ਬਰਸਾਤੀ ਪਾਣੀ ਨਾਲ ਨਜਿੱਠਣ ਅਤੇ ਕੰਢੀ ਖੇਤਰ ਨੂੰ ਸਿੰਜਾਈ ਦੀ ਸਹੂਲਤ ਪ੍ਰਦਾਨ ਕਰਦੇ ਹਨ ਉੱਥੇ ਹੀ ਸੁਚੱਜੀ ਜਲ ਵੰਡ ਪ੍ਰਣਾਲੀ ਰਾਹੀਂ ਇਸ ਖੇਤਰ ਨੂੰ ਹੜ੍ਹਾਂ ਤੋਂ ਬਚਾਉਣ ਲਈ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ।
ਇਹ ਵੀ ਪੜ੍ਹੋ : ਦੋਆਬੇ ਦੀ ਰਾਜਨੀਤੀ ’ਚ ਸੁਸ਼ੀਲ ਰਿੰਕੂ ਦਾ ਕੱਦ ਵਧਿਆ
ਮੀਤ ਹੇਅਰ ਨੇ ਅੱਗੇ ਕਿਹਾ ਕਿ ਇਨ੍ਹਾਂ 7 ਡੈਮਾਂ ਦੀ ਵੰਡ ਪ੍ਰਣਾਲੀ ਰੱਖ-ਰਖਾਅ ਨਾ ਹੋਣ ਕਾਰਨ ਠੱਪ ਪਈ ਹੈ, ਜਿਸ ਕਾਰਨ ਕੰਢੀ ਖੇਤਰ ਦੇ ਇਨ੍ਹਾਂ 7 ਡੈਮਾਂ ਅਧੀਨ ਆਉਂਦੇ ਖੇਤਰ ਦੀ ਸਿੰਜਾਈ ਨਹੀਂ ਹੋ ਰਹੀ ਹੈ। ਏਅਰ ਕੰਪ੍ਰੈਸ਼ਰ ਦੀ ਮਦਦ ਨਾਲ 7 ਡੈਮਾਂ ਦੇ ਜਲ ਵੰਡ ਨੈੱਟਵਰਕ ਪ੍ਰਣਾਲੀ ਨੂੰ ਖੋਲ੍ਹ ਕੇ ਕਾਰਜਸ਼ੀਲ ਬਣਾਉਣ ਲਈ ਇੱਕ ਪ੍ਰਾਜੈਕਟ ਤਿਆਰ ਕੀਤਾ ਗਿਆ ਹੈ। ਜਲ ਸਰੋਤ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿੱਚ ਸਿੰਜਾਈ ਢਾਂਚੇ ਨੂੰ ਮਜ਼ਬੂਤ ਕਰਨ ਲਈ ਨਿਰੰਤਰ ਉਪਰਾਲੇ ਕਰ ਰਹੀ ਹੈ। ਕਿਸਾਨਾਂ ਨੂੰ ਨਹਿਰੀ ਪਾਣੀ ਪਹੁੰਚਦਾ ਕਰਨ ਲਈ ਬਿਹਤਰ ਨੈਟਵਰਕ ਤਿਆਰ ਕਰ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਮਹਿੰਗੀ ਹੋਈ ਬਿਜਲੀ, ਨਵੀਂਆਂ ਦਰਾਂ ਕੀਤੀਆਂ ਗਈਆਂ ਜਾਰੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।