ਕਮਿਸ਼ਨਰੇਟ ਪੁਲਸ ''ਤੇ ਵੀ ਭਾਰੀ ਰਿਹਾ ਸਾਲ 2019, 25 ਮੁਲਾਜ਼ਮ ਨੌਕਰੀ ਤੋਂ ਕੱਢੇ

12/30/2019 4:51:30 PM

ਲੁਧਿਆਣਾ (ਰਿਸ਼ੀ) : ਅਪਰਾਧਿਕ ਗਤੀਵਿਧੀਆਂ 'ਚ ਭਾਗ ਲੈਣ ਵਾਲੇ ਕਮਿਸ਼ਨਰੇਟ ਪੁਲਸ ਦੇ ਮੁਲਾਜ਼ਮਾਂ 'ਤੇ ਸਾਲ 2019 ਭਾਰੀ ਰਿਹਾ। ਮਹਾਨਗਰ ਦੇ ਪੁਲਸ ਕਪਤਾਨ ਵਲੋਂ ਖਾਕੀ ਨੂੰ ਦਾਗਦਾਰ ਕਰਨ ਵਾਲੇ 25 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ ਗਿਆ, ਜਦਕਿ 20 ਨੂੰ ਜਬਰਨ ਰਿਟਾਇਰ ਕਰ ਕੇ 3 ਮਹੀਨੇ ਦਾ ਨੋਟਿਸ ਦਿੱਤਾ ਗਿਆ। ਇਸ ਲਿਸਟ 'ਚ ਕਈ ਇਸ ਤਰ੍ਹਾਂ ਪੁਲਸ ਮੁਲਾਜ਼ਮ ਵੀ ਸ਼ਾਮਲ ਹਨ ਜੋ ਨਸ਼ੇ ਦਾ ਕਾਰੋਬਾਰ 'ਚ ਸ਼ਾਮਲ ਸਨ। ਇੰਨਾ ਹੀ ਨਹੀਂ, ਏ. ਡੀ. ਸੀ. ਪੀ. ਦਾ ਰੀਡਰ ਵੀ ਨਵੰਬਰ ਮਹੀਨੇ 'ਚ ਅਫੀਮ ਸਮੱਗਲਿੰਗ ਦੇ ਮਾਮਲੇ 'ਚ ਫੜਿਆ ਗਿਆ। ਸੀ. ਪੀ. ਰਾਕੇਸ਼ ਅਗਰਵਾਲ ਨੇ ਸਪੱਸ਼ਟ ਕਿਹਾ ਕਿ ਕਾਨੂੰਨ ਸਾਰਿਆਂ ਦੇ ਲਈ ਇਕ ਸਮਾਨ ਹੈ। ਅਪਰਾਧਿਕ ਗਤੀਵਿਧੀਆਂ 'ਚ ਸ਼ਾਮਲ ਹੋਣ ਵਾਲੇ ਕਿਸੇ ਵੀ ਪੁਲਸ ਮੁਲਾਜ਼ਮ ਨੂੰ ਕਿਸੇ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ ਭਾਵੇਂ ਉਹ ਕਿਸੇ ਵੀ ਰੈਂਕ ਦਾ ਕਿਉਂ ਨਾ ਹੋਵੇ।

733 ਨਸ਼ਾ ਸਮੱਗਲਰ ਵੀ ਦਬੋਚੇ
ਸਾਲ 2019 'ਚ ਕਮਿਸ਼ਨਰੇਟ ਪੁਲਸ ਵਲੋਂ ਲਗਭਗ 733 ਨਸ਼ਾ ਸਮੱਗਲਰ ਦਬੋਚ ਕੇ ਵੱਖ-ਵੱਖ ਪੁਲਸ ਸਟੇਸ਼ਨਾਂ 'ਚ ਐੱਨ. ਡੀ. ਪੀ. ਐੱਸ. ਐਕਟ ਦੇ ਅਧੀਨ ਕੇਸ ਦਰਜ ਕੀਤੇ ਗਏ। ਪੁਲਸ ਨੂੰ ਉਨ੍ਹਾਂ ਪਾਸੋਂ 27 ਕਿਲੋ ਅਫੀਮ, 6.45 ਕਿਲੋ ਚੂਰਾ-ਪੋਸਤ, 600 ਗ੍ਰਾਮ ਸਮੈਕ, 209 ਕਿਲੋ ਗਾਂਜਾ, 19 ਕਿਲੋ ਹੈਰੋਇਨ, 5 ਕਿਲੋ ਨਾਰਕੋਟਿਕ ਪਾਊਡਰ, 1.80 ਲੱਖ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ। ਉਥੇ ਸ਼ਰਾਬ ਸਮੱਗਲਿਗ ਦੇ 720 ਕੇਸ ਦਰਜ ਕ ਰਕੇ 864 ਸਮੱਗਲਰ ਦਬੋਚੇ।

54 ਕਤਲ ਦੇ ਮਾਮਲੇ ਹੱਲ ਕਰ ਕੇ 148 ਦੋਸ਼ੀ ਪਹੁੰਚਾਏ ਜੇਲ
ਪੁਲਸ ਦੀ ਮੰਨੀਏ ਤਾਂ ਸਾਲ 2019 ਵਿਚ ਕਮਿਸ਼ਨਰੇਟ ਪੁਲਸ ਵਿਚ 56 ਲੋਕਾਂ ਦਾ ਕਤਲ ਹੋਇਆ, ਜਿਨ੍ਹਾਂ ਵਿਚੋਂ 54 ਮਾਮਲੇ ਪੁਲਸ ਨੇ ਹੱਲ ਕਰ ਲਏ, ਜਦਕਿ 2 ਅਣਪਛਾਤੀਆਂ ਲਾਸ਼ਾਂ ਹੋਣ ਕਾਰਨ ਪੁਲਸ ਦੇ ਹੱਥ ਕਾਮਯਾਬੀ ਨਾ ਲੱਗ ਸਕੀ। ਉਥੇ ਪੁਲਸ ਵਲੋਂ 32 ਗੈਂਗਾਂ ਦਾ ਪਰਦਾਫਾਸ਼ ਕੀਤਾ ਗਿਆ ਅਤੇ 120 ਮਾਮਲੇ ਦਰਜ ਕਰ ਕੇ 148 ਅਪਰਾਧੀਆਂ ਨੂੰ ਦਬੋਚ ਕੇ ਸਲਾਖਾਂ ਦੇ ਪਿੱਛੇ ਪਹੁੰਚਾਇਆ ਗਿਆ, ਜਿਨ੍ਹਾਂ ਪਾਸੋਂ ਪੁਲਸ ਨੂੰ 26 ਪਿਸਤੌਲ, 8 ਵਾਹਨ, 17 ਲੱਖ ਕੈਸ਼ ਅਤੇ ਹੋਰ ਸਾਮਾਨ ਬਰਾਮਦ ਹੋਇਆ। ਉਥੇ 21 ਡਕੈਤੀ ਦੇ ਮਾਮਲੇ ਹੱਲ ਕਰ ਕੇ ਲਗਭਗ 50 ਲੱਖ ਦੀ ਕੇਸ ਪ੍ਰਾਪਰਟੀ ਜ਼ਬਤ ਕੀਤੀ।


Anuradha

Content Editor

Related News