ਕਮਿਸ਼ਨ ਖਾਤਿਰ ਸਰਕਾਰੀ ਡਾਕਟਰ ਬ੍ਰਾਂਡਿਡ ਦਵਾਈ ਕੰਪਨੀਆਂ 'ਤੇ ਹਨ ਮਿਹਰਬਾਨ

Wednesday, Apr 04, 2018 - 03:22 AM (IST)

ਅੰਮ੍ਰਿਤਸਰ, (ਦਲਜੀਤ)- ਸਿਵਲ ਹਸਪਤਾਲ ਦੇ ਡਾਕਟਰ ਬ੍ਰਾਂਡਿਡ ਦਵਾਈ ਕੰਪਨੀਆਂ ਦਾ ਮੋਹ ਨਹੀਂ ਤਿਆਗ ਰਹੇ। ਹਸਪਤਾਲ ਦੇ ਡਾਕਟਰ ਮਰੀਜ਼ਾਂ ਨੂੰ ਮੁਫਤ ਮਿਲਣ ਵਾਲੀਆਂ ਦਵਾਈਆਂ ਨਾ ਲਿਖ ਕੇ ਬ੍ਰਾਂਡਿਡ ਕੰਪਨੀਆਂ ਤੋਂ ਕਮਿਸ਼ਨ ਦੀ ਖਾਤਿਰ ਮਹਿੰਗੀਆਂ ਦਵਾਈਆਂ ਧੜਾਧੜ ਲਿਖ ਰਹੇ ਹਨ। ਸਿਹਤ ਵਿਭਾਗ ਦੀ ਸਖ਼ਤੀ ਦੇ ਬਾਵਜੂਦ ਉਕਤ ਡਾਕਟਰ ਆਪਣੀ ਮਨਮਰਜ਼ੀ ਕਰਦੇ ਹੋਏ ਸਰਕਾਰੀ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ।
ਜਾਣਕਾਰੀ ਅਨੁਸਾਰ ਸਿਹਤ ਵਿਭਾਗ ਵੱਲੋਂ ਜ਼ਿਲਾ ਪੱਧਰੀ ਸਿਵਲ ਹਸਪਤਾਲ 'ਚ ਆਉਣ ਵਾਲੇ ਰੋਜ਼ਾਨਾ ਹਜ਼ਾਰਾਂ ਮਰੀਜ਼ਾਂ ਦੀਆਂ ਸਹੂਲਤਾਂ ਲਈ 285 ਤਰ੍ਹਾਂ ਦੀਆਂ ਮੁਫਤ ਦਵਾਈਆਂ ਦੇਣ ਦੀ ਸੁਵਿਧਾ ਦਿੱਤੀ ਗਈ ਹੈ। ਸਿਹਤ ਵਿਭਾਗ ਵੱਲੋਂ ਵੀ ਡਾਕਟਰਾਂ ਨੂੰ ਖਾਸ ਹਦਾਇਤ ਕੀਤੀ ਗਈ ਹੈ ਕਿ ਜੇਕਰ ਸਰਕਾਰੀ ਸਟਾਕ ਵਿਚ ਮੁਫਤ ਮਿਲਣ ਵਾਲੀਆਂ ਦਵਾਈਆਂ ਨਹੀਂ ਹਨ ਤਾਂ ਜੈਨਰਿਕ ਦਵਾਈਆਂ, ਸਾਲਟ ਲਿਖ ਕੇ ਸਰਕਾਰੀ ਪਰਚੀ 'ਤੇ ਦਿੱਤੀਆਂ ਜਾਣ ਪਰ ਇਸ ਦੇ ਬਾਵਜੂਦ ਹਸਪਤਾਲ ਦੇ ਕੁਝ ਡਾਕਟਰ ਆਪਣੀ ਮਨਮਰਜ਼ੀ ਕਰਦੇ ਹੋਏ ਧੜਾਧੜ ਬ੍ਰਾਂਡਿਡ ਦਵਾਈਆਂ ਲਿਖ ਕੇ ਮੋਟੀ ਕਮਿਸ਼ਨ ਆਪਣੀਆਂ ਜੇਬਾਂ ਵਿਚ ਪਾ ਰਹੇ ਹਨ।
ਜਗ ਬਾਣੀ ਵੱਲੋਂ ਮਰੀਜ਼ਾਂ ਦੇ ਹੋ ਰਹੇ ਸ਼ੋਸ਼ਣ ਸਬੰਧੀ ਜਦੋਂ ਅੱਜ ਹਸਪਤਾਲ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਕਿ ਸਕਿਨ ਅਤੇ ਮੈਡੀਸਨ ਵਿਭਾਗ ਦੇ ਕੁਝ ਡਾਕਟਰ ਮੁਫਤ ਮਿਲਣ ਵਾਲੀਆਂ ਜੈਨਰਿਕ ਦਵਾਈਆਂ ਨਾ ਲਿਖ ਕੇ ਬ੍ਰਾਂਡਿਡ ਦਵਾਈਆਂ ਲਿਖ ਰਹੇ ਸਨ। ਮਰੀਜ਼ਾਂ ਨੂੰ ਡਾਕਟਰਾਂ ਵੱਲੋਂ ਲਿਖੀਆਂ ਗਈਆਂ ਦਵਾਈਆਂ ਹਸਪਤਾਲ ਦੇ ਬਾਹਰ ਸਥਿਤ ਖਾਸ ਮੈਡੀਕਲ ਸਟੋਰਾਂ 'ਤੇ ਹੀ ਮਿਲ ਰਹੀਆਂ ਹਨ।
ਡਾਇਰੈਕਟਰ ਇੰਟੈਲੀਜੈਂਸ ਦੀ ਰਿਪੋਰਟ 'ਚ ਵੀ ਹੋ ਚੁੱਕੈ ਖੁਲਾਸਾPunjabKesari
ਡਾਇਰੈਕਟਰ ਇੰਟੈਲੀਜੈਂਸ ਨੇ ਸਿਹਤ ਵਿਭਾਗ ਦੇ ਮੁੱਖ ਸਕੱਤਰ ਨੂੰ ਭੇਜੀ ਰਿਪੋਰਟ ਵਿਚ ਕਿਹਾ ਹੈ ਕਿ ਸਿਵਲ ਹਸਪਤਾਲ ਦੇ ਮੈਡੀਸਨ ਵਿਭਾਗ ਦੇ ਡਾ. ਮਨਿੰਦਰ ਸਿੰਘ, ਸਕਿਨ ਵਿਭਾਗ ਦੀ ਡਾ. ਨਿਧੀ ਸ਼ਰਮਾ ਤੇ ਈ. ਐੱਨ. ਟੀ. ਵਿਭਾਗ ਦੇ ਡਾ. ਅਮਿਤ ਗੁਪਤਾ ਮਰੀਜ਼ਾਂ ਨੂੰ ਬਾਹਰੀ ਦਵਾਈਆਂ ਲਿਖ ਰਹੇ ਹਨ। ਇਸ ਤੋਂ ਇਲਾਵਾਂ ਇੰਟੈਲੀਜੈਂਸ ਵਿਭਾਗ ਦੇ ਰਾਡਾਰ 'ਤੇ ਹਸਪਤਾਲ ਦੇ ਕੁਝ ਹੋਰ ਵੀ ਡਾਕਟਰ ਸ਼ਾਮਲ ਹਨ, ਜਿਨ੍ਹਾਂ ਦਾ ਆਉਣ ਵਾਲੇ ਸਮੇਂ ਵਿਚ ਖੁਲਾਸਾ ਹੋ ਸਕਦਾ ਹੈ।
ਅਧਿਕਾਰੀਆਂ ਵੱਲੋਂ ਕੀਤੇ ਗਏ ਪੱਤਰ-ਵਿਹਾਰ ਨੂੰ ਠੇਂਗਾ ਦਿਖਾ ਰਹੇ ਹਨ ਡਾਕਟਰ
ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਵੱਲੋਂ ਕਈ ਵਾਰ ਹਸਪਤਾਲ ਦੇ ਡਾਕਟਰਾਂ ਨੂੰ ਪੱਤਰ-ਵਿਹਾਰ ਕਰ ਕੇ ਹੁਕਮ ਦਿੱਤੇ ਗਏ ਹਨ ਕਿ ਉਹ ਮੁਫਤ ਮਿਲਣ ਵਾਲੀਆਂ ਦਵਾਈਆਂ ਦਾ ਲਾਭ ਮਰੀਜ਼ਾਂ ਨੂੰ ਦੇਣ, ਜੇਕਰ ਦਵਾਈਆਂ ਸਟਾਕ ਵਿਚ ਨਹੀਂ ਹਨ ਤਾਂ ਜੈਨਰਿਕ ਦਵਾਈਆਂ ਲਿਖੀਆਂ ਜਾਣ ਪਰ ਇਸ ਦੇ ਬਾਵਜੂਦ ਕੁਝ ਡਾਕਟਰ ਅਧਿਕਾਰੀਆਂ ਨੂੰ ਠੇਂਗਾ ਦਿਖਾਉਂਦੇ ਹੋਏ ਮਰੀਜ਼ਾਂ ਨੂੰ ਬ੍ਰਾਂਡਿਡ ਦਵਾਈਆਂ ਲਿਖ ਰਹੇ ਹਨ। 
ਤਨਖਾਹ ਤੋਂ ਵੱਧ ਬਣਦੀ ਹੈ ਕਮਿਸ਼ਨPunjabKesari


ਸਿਹਤ ਵਿਭਾਗ ਵੱਲੋਂ ਉਕਤ ਸਬੰਧਤ ਡਾਕਟਰਾਂ ਨੂੰ ਜਿੰਨੀ ਤਨਖਾਹ ਦਿੱਤੀ ਜਾਂਦੀ ਹੈ, ਤੋਂ ਦੁੱਗਣੀ ਬ੍ਰਾਂਡਿਡ ਦਵਾਈ ਕੰਪਨੀਆਂ ਆਪਣੀ ਦਵਾਈ ਲਿਖਾਉਣ ਲਈ ਡਾਕਟਰਾਂ ਨੂੰ ਕਮਿਸ਼ਨ ਦਿੰੰਦੀਆਂ ਹਨ। ਕੁਝ ਕੰਪਨੀਆਂ ਤਾਂ ਅਜਿਹੀਆਂ ਵੀ ਹਨ ਜੋ ਡਾਕਟਰਾਂ ਨੂੰ ਬੇਸ਼ਕੀਮਤੀ ਕਾਰਾਂ, ਵਿਦੇਸ਼ ਦੇ ਦੌਰੇ ਆਦਿ ਕਰਵਾਉਂਦੀਆਂ ਹਨ। ਕੰਪਨੀਆਂ ਜਦੋਂ ਤੱਕ ਡਾਕਟਰ ਉਨ੍ਹਾਂ ਦੀ ਦਵਾਈ ਲਿਖਦਾ ਹੈ, ਉਦੋਂ ਤੱਕ ਉਸ ਦੀ ਪੂਰੀ ਖਾਤਿਰਦਾਰੀ ਕਰਦੀਆਂ ਹਨ।
ਲਾਲਚ ਨੂੰ ਛੱਡਣਾ ਨਹੀਂ ਚਾਹੁੰਦੇ ਡਾਕਟਰ
ਹਸਪਤਾਲ 'ਚ ਮਰੀਜ਼ ਨਾਲ ਆਏ ਆਲ ਇੰਡੀਆ ਐਂਟੀ-ਕੁਰੱਪਸ਼ਨ ਮੋਰਚਾ ਦੇ ਚੇਅਰਮੈਨ ਮਹੰਤ ਰਮੇਸ਼ਾਨੰਦ ਸਰਸਵਤੀ ਨੇ ਕਿਹਾ ਕਿ ਅੱਜ ਉਨ੍ਹਾਂ ਦਾ ਮਰੀਜ਼ ਸਕਿਨ ਅਤੇ ਮੈਡੀਸਨ ਵਿਭਾਗ ਵਿਚ ਗਿਆ ਸੀ, ਜਿਸ ਨੂੰ ਡਾਕਟਰਾਂ ਵੱਲੋਂ ਬ੍ਰਾਂਡਿਡ ਦਵਾਈਆਂ ਲਿਖੀਆਂ ਗਈਆਂ ਹਨ। ਸਰਕਾਰ ਵੱਲੋਂ ਕਈ ਵਾਰ ਡਾਕਟਰਾਂ ਨੂੰ ਸਮਝਾਇਆ ਗਿਆ ਹੈ ਕਿ ਮਰੀਜ਼ਾਂ ਦਾ ਘਾਣ ਨਾ ਕੀਤਾ ਜਾਵੇ ਪਰ ਉਕਤ ਡਾਕਟਰ ਆਪਣੇ ਲਾਲਚ ਨੂੰ ਛੱਡਣਾ ਹੀ ਨਹੀਂ ਚਾਹੁੰਦੇ। ਉਹ ਇਸ ਸਬੰਧੀ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਕਰਨ ਜਾ ਰਹੇ ਹਨ।
ਨਹੀਂ ਚੁੱਕਿਆ ਫੋਨ
ਸਕਿਨ ਵਿਭਾਗ ਦੀ ਮਹਿਲਾ ਡਾਕਟਰ ਵੱਲੋਂ ਲਿਖੀਆਂ ਗਈਆਂ ਬ੍ਰਾਂਡਿਡ ਕੰਪਨੀ ਦੀਆਂ ਦਵਾਈਆਂ ਸਬੰਧੀ ਜਦੋਂ ਉਨ੍ਹਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਆਪਣਾ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ।
ਵਿਭਾਗ ਦੀਆਂ ਹਦਾਇਤਾਂ ਸਬੰਧੀ ਸਮੇਂ-ਸਮੇਂ 'ਤੇ ਡਾਕਟਰਾਂ ਨੂੰ ਜਾਣੂ ਕਰਵਾਇਆ ਜਾਂਦਾ ਹੈ। ਡਾਇਰੈਕਟਰ ਇੰਟੈਲੀਜੈਂਸ ਦੀ ਰਿਪੋਰਟ ਵਿਚ ਵੀ ਕਈ ਡਾਕਟਰਾਂ ਦੇ ਨਾਂ ਆਏ ਹਨ। ਜੇਕਰ ਡਾਕਟਰ ਅਜੇ ਵੀ ਬ੍ਰਾਂਡਿਡ ਦਵਾਈਆਂ ਲਿਖ ਰਹੇ ਹਨ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
-ਡਾ. ਰਜਿੰਦਰ ਅਰੋੜਾ, ਐੱਸ. ਐੱਮ. ਓ. ਸਿਵਲ ਹਸਪਤਾਲ ਅੰਮ੍ਰਿਤਸਰ
ਮਾਮਲਾ ਧਿਆਨ ਵਿਚ ਆ ਗਿਆ ਹੈ। ਮਰੀਜ਼ਾਂ ਦਾ ਸ਼ੋਸ਼ਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹ ਅੱਜ ਹੀ ਸਿਵਲ ਹਸਪਤਾਲ ਦੇ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਰਿਪੋਰਟ ਮੰਗਵਾਉਣ, ਰਿਪੋਰਟ ਵਿਚ ਜੋ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
-ਡਾ. ਹਰਦੀਪ ਸਿੰਘ ਘਈ, ਸਿਵਲ ਸਰਜਨ ਅੰਮ੍ਰਿਤਸਰ


Related News