ਕਾਮੇਡੀਅਨ ਭਾਰਤੀ ਸਿੰਘ ਵੱਲੋਂ ਦਾੜ੍ਹੀ ਮੁੱਛਾਂ ’ਤੇ ਕੀਤੀ ਟਿੱਪਣੀ ’ਤੇ SGPC ਨੇ ਜਤਾਇਆ ਇਤਰਾਜ਼

Monday, May 16, 2022 - 05:17 PM (IST)

ਕਾਮੇਡੀਅਨ ਭਾਰਤੀ ਸਿੰਘ ਵੱਲੋਂ ਦਾੜ੍ਹੀ ਮੁੱਛਾਂ ’ਤੇ ਕੀਤੀ ਟਿੱਪਣੀ ’ਤੇ SGPC ਨੇ ਜਤਾਇਆ ਇਤਰਾਜ਼

ਅੰਮ੍ਰਿੰਤਸਰ (ਗੁਰਿੰਦਰ ਸਾਗਰ) - ਪਿਛਲੇ ਦਿਨੀਂ ਕਾਮੇਡੀਅਨ ਭਾਰਤੀ ਸਿੰਘ ਵੱਲੋਂ ਇਕ ਸ਼ੋਅ ਦੌਰਾਨ ਆਪਣੀ ਸਹੇਲੀ ਨਾਲ ਕਾਮੇਡੀ ਕਰਦੇ ਵੇਲੇ ਦਾੜ੍ਹੀ ਅਤੇ ਮੁੱਛਾਂ ਬਾਰੇ ਟਿੱਪਣੀ ਕੀਤੀ ਗਈ ਸੀ। ਇਸੇ ਗੱਲ ਨੂੰ ਲੈ ਕੇ ਪੰਜਾਬ ਵਿੱਚ ਸਿੱਖਾਂ ਵਿਚ ਇਸ ਗੱਲ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ ਅਤੇ ਭਾਰਤੀ ਸਿੰਘ ਖ਼ਿਲਾਫ਼ ਕਾਰਵਾਈ ਦੀ ਗੱਲ ਕੀਤੀ ਜਾ ਰਹੀ ਹੈ। ਹੁਣ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਭਾਰਤੀ ਸਿੰਘ ’ਤੇ ਐਕਸ਼ਨ ਲੈਂਦੇ ਹੋਏ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐੱਸ.ਜੀ.ਪੀ.ਸੀ. ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਕਾਮੇਡੀਅਨ ਭਾਰਤੀ ਸਿੰਘ ਵੱਲੋਂ ਜਾਣ ਬੁੱਝ ਕੇ ਸਿੱਖਾਂ ਨੂੰ ਟਾਰਗੇਟ ਕਰਕੇ ਅਜਿਹੀ ਹਰਕਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸਿੰਘ ਖੁਦ ਗੁਰੂ ਨਗਰੀ ਅੰਮ੍ਰਿਤਸਰ ਦੀ ਜੰਮਪਲ ਹੈ ਅਤੇ ਸਿੱਖਾਂ ਨੂੰ ਉਹ ਭਲੀ ਭਾਂਤ ਜਾਣਦੀ ਹੈ। ਉਹ ਸਿੱਖਾਂ ਦੀ ਦਾੜ੍ਹੀ-ਮੁੱਛਾਂ ਬਾਰੇ ਜਾਣਬੁੱਝ ਕੇ ਅਜਿਹੇ ਬਿਆਨ ਦੇ ਰਹੀ ਹੈ।

ਇਸ ਦੇ ਚੱਲਦੇ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ਾਂ ’ਤੇ ਕਾਮੇਡੀਅਨ ਭਾਰਤੀ ਸਿੰਘ ਖ਼ਿਲਾਫ਼ ਦਰਖ਼ਾਸਤ ਪੁਲਸ ਨੂੰ ਦੇ ਦਿੱਤੀ ਹੈ। ਐੱਸ.ਜੀ.ਪੀ.ਸੀ. ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਪੁਲਸ ਤੋਂ ਮੰਗ ਕੀਤੀ ਕਿ ਭਾਰਤੀ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਜਲਦ ਨੂੰ ਗ੍ਰਿਫ਼ਤਾਰ ਕੀਤਾ ਜਾਵੇ।

ਦੂਜੇ ਪਾਸੇ ਇਸ ਮਾਮਲੇ ’ਚ ਕਾਮੇਡੀਅਨ ਭਾਰਤੀ ਸਿੰਘ ਵੱਲੋਂ ਇੱਕ ਵੀਡੀਓ ਜਾਰੀ ਕੀਤਾ ਗਿਆ ਹੈ। ਵੀਡੀਓ ’ਚ ਭਾਰਤੀ ਨੇ ਕਿਹਾ ਕਿ ਉਹ ਕਿਸੇ ਧਰਮ ਦੇ ਖ਼ਿਲਾਫ਼ ਨਹੀਂ ਬੋਲਦੀ ਅਤੇ ਨਾ ਹੀ ਉਨ੍ਹਾਂ ਦਾੜ੍ਹੀ ਮੁੱਛ ’ਤੇ ਟਿੱਪਣੀ ਕੀਤੀ। ਦਾੜ੍ਹੀ ਮੁੱਛ ਹਰ ਧਰਮ ਦਾ ਵਿਅਕਤੀ ਰੱਖਦਾ ਹੈ। ਇਸ ਦੇ ਬਾਵਜੂਦ ਜੇਕਰ ਕਿਸੇ ਨੂੰ ਠੇਸ ਪਹੁੰਚੀ ਹੋਵੇ ਤਾਂ ਮੈਂ ਉਸ ਕੋਲੋਂ ਮੁਆਫ਼ੀ ਮੰਗਦੀ ਹਾਂ।


author

rajwinder kaur

Content Editor

Related News