ਕੰਬਾਈਨ ਹਾਰਵੈਸਟਰ ਮਸ਼ੀਨਾਂ ਅਤੇ ਕਾਮਿਆ ਨੂੰ ਵੀ ਸੈਨੀਟਾਈਜ਼ ਜਰੂਰ ਕੀਤਾ ਜਾਵੇ: ਡਾ. ਸੁਰਿੰਦਰ ਸਿੰਘ
Thursday, Apr 09, 2020 - 05:17 PM (IST)
ਜਲੰਧਰ (ਨਰੇਸ਼ ਗੁਲਾਟੀ)- ਕੋਵਿਡ-19 ਦੀ ਬਿਮਾਰੀ ਨੂੰ ਧਿਆਨ 'ਚ ਰੱਖਦੇ ਹੋਏ ਜ਼ਿਲਾ ਜਲੰਧਰ 'ਚ ਲਗਭਗ 4.25 ਲੱਖ ਏਕੜ ਰਕਬੇ ਅਧੀਨ ਕਣਕ ਦੀ ਵਾਢੀ ਨੂੰ ਨੇਪਰੇ ਚਾੜਨ ਲਈ ਵਿਸ਼ੇਸ਼ ਉੱਦਮ ਕੀਤੇ ਜਾ ਰਹੇ ਹਨ। ਡਾ. ਸੁਰਿੰਦਰ ਸਿੰਘ, ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਇਸ ਸਬੰਧੀ ਸਕੱਤਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਵਾਢੀ 'ਚ ਲੱਗੇ ਕਾਮਿਆਂ ਦੀ ਨਿੱਜੀ ਸਫਾਈ ਦਾ ਖਾਸ ਧਿਆਨ ਰੱਖਦੇ ਹੋਏ ਦਿਨ 'ਚ ਕਈ ਵਾਰ ਸੈਨੀਟਾਈਜ਼ ਕਰਨ ਲਈ ਕਿਹਾ ਗਿਆ ਹੈ ਅਤੇ ਰਾਤ ਨੂੰ ਕੰਬਾਈਨ ਬੰਦ ਕਰਨ ਸਮੇਂ ਘੱਟੋ-ਘੱਟ ਉਹਨਾਂ ਹਿੱਸਿਆ ਨੂੰ ਜਿੱਥੇ ਕਾਮਿਆਂ ਦੇ ਹੱਥ-ਪੈਰ ਵਗੈਰਾ ਲਗਦੇ ਹਨ, ਨੂੰ ਸੈਨੀਟਾਈਜ਼ ਜਰੂਰ ਕੀਤਾ ਜਾਵੇ। ਉੱਥੇ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਵਾਢੀ 'ਚ ਲਗੇ ਕੰਬਾਈਨ ਦੇ ਕਾਮੇ ਜੋ ਕਿ ਪਿੰਡ-ਪਿੰਡ ਜਾ ਕੇ ਕੰਮ ਕਰਦੇ ਹਨ, ਉਨ੍ਹਾਂ ਲਈ ਆਰਾਮ ਦਾ ਇੰਤਜ਼ਾਮ ਪਿੰਡੋਂ ਬਾਹਰ ਖੇਤਾਂ 'ਚ ਹੀ ਕੀਤਾ ਜਾਵੇ। ਵਾਢੀ ਦਾ ਕੰਮ ਨੇਪਰੇ ਚਾੜਦੇ ਹੋਏ ਇਹ ਵੀ ਗੱਲ ਯਕੀਨੀ ਬਣਾਈ ਜਾਵੇ ਕਿ ਵਾਢੀ 'ਚ ਲੱਗਾ ਕਾਮਾ ਢਿੱਲਾ-ਮੱਠਾ ਜਾਂ ਖਾਂਸੀ ਆਦਿ ਤੋਂ ਪੀੜਿਤ ਨਾ ਹੋਵੇ ਅਜਿਹੀ ਸੂਰਤ 'ਚ ਉਸਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਅਧੀਨ ਅਗਲੀ ਕਾਰਵਾਈ ਕੀਤੀ ਜਾਵੇ।
ਮਾਨਯੋਗ ਡਿਪਟੀ ਕਮਿਸ਼ਨਰ ਜਲੰਧਰ ਦੇ ਹੁਕਮਾਂ ਅਨੁਸਾਰ ਕੰਬਾਈਨ ਹਾਰਵੈਸਟਰ ਮਸ਼ੀਨਾਂ ਦੀ ਮੂਵਮੈਂਟ ਲਈ ਖੁੱਲ ਦਿੱਤੀ ਗਈ ਹੈ ਅਤੇ ਹਦਾਇਤ ਕੀਤੀ ਗਈ ਹੈ ਕਿ ਕੰਬਾਈਨ ਚਲਾਉਣ ਵਾਲੇ ਕਾਮੇ ਅਤੇ ਹੋਰ ਮਜ਼ਦੂਰ ਆਦਿ ਕੋਵਿਡ-19 ਦੇ ਪ੍ਰਕੋਪ ਨੂੰ ਰੋਕਣ ਲਈ ਜਾਰੀ ਹਦਾਇਤਾਂ ਜਿਸ 'ਚ ਆਪਸੀ 1.5 ਮੀਟਰ ਤੋਂ 2.0 ਮੀਟਰ ਦਾ ਫਾਸਲਾ ਅਤੇ ਮਾਸਕ ਨੂੰ ਪਾਉਣਾ ਆਦਿ ਵਰਗੇ ਉਪਰਾਲੇ ਜਰੂਰ ਕੀਤੇ ਜਾਣਗੇ।ਇਸ ਸਬੰਧੀ ਜਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਹੁਕਮਾਂ ਅਨੁਸਾਰ ਸਮੂਹ ਕੰਬਾਈਨਾਂ ਕਣਕ ਦੀ ਕਟਾਈ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਕਰਨਗੀਆ, ਜਿਸ ਲਈ ਕਰਫਿਊ ਪਾਸ ਦੀ ਲੋੜ ਨਹੀਂ ਹੋਵੇਗੀ ਅਤੇ ਹਾਰਵੈਸਟਰ ਕੰਬਾਈਨਾਂ ਨੂੰ ਸੜਕਾ 'ਤੇ ਇਕ ਥਾਂ ਤੋਂ ਦੂਜੀ ਥਾਂ 'ਤੇ ਜਾਣ ਵਾਸਤੇ ਪੂਰੇ ਜਿਲ੍ਹਾ ਜਲੰਧਰ 'ਚ ਖੁੱਲ ਹੋਵੇਗੀ।ਹਾਰਵੈਸਟਰ ਕੰਬਾਈਨਾਂ ਦੇ ਸਪੇਅਰ ਪਾਰਟਸ ਅਤੇ ਟਰੈਕਟਰ ਦੀਆਂ ਵਰਕਸ਼ਾਪਾ ਦੀਆਂ ਦੁਕਾਨਾ ਵੀ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ ਖੁੱਲ ਸਕਣਗੀਆਂ।ਇਹਨਾਂ ਦੇ ਪਾਸ ਅਤੇ ਸਪੇਅਰ ਪਾਰਟਸ ਸਪਲਾਈ ਕਰਨ ਲਈ ਮੂਵਮੈਂਟ ਪਾਸ ਆਨਲਾਈਨ ਲਿੰਕ ਤੋਂ ਬਣਾਏ ਜਾ ਸਕਦੇ ਹਨ ਅਤੇ ਨਾਲ ਹੀ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਟਰੈਕਟਰਾਂ ਦੀ ਮੁਰੰਮਤ ਵਰਕਸ਼ਾਪ ਅੰਦਰ ਹੀ ਕੀਤੀ ਜਾਵੇ ਅਤੇ ਡਿਲੀਵਰੀ ਸ਼ਾਮੀ 4 ਵਜੇ ਤੋਂ 6 ਵਜੇ ਤੱਕ ਕੀਤੀ ਜਾਵੇ।
ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਕਿਸਾਨਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਕੋਰੋਨਾਵਾਇਰਸ ਮਹਾਮਾਰੀ ਦੇ ਮੱਦੇਨਜਰ ਕਣਕ ਦੀ ਵਾਢੀ ਦਾ ਮਹੱਤਵਪੂਰਨ ਕੰਮ ਨੇਪਰੇ ਚਾੜਦਿਆਂ ਹੋਇਆ ਕਾਮਿਆ ਲਈ ਮਾਸਕ, ਸੈਨੀਟਾਈਜ਼ਰ ਅਤੇ ਇਕ ਦੂਜੇ ਤੋਂ ਘੱਟ ਤੋਂ ਘੱਟ 1.5 ਮੀਟਰ ਤੋਂ 2.0 ਮੀਟਰ ਦੀ ਦੂਰੀ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਦੇ ਹੋਏ ਨੇਪਰੇ ਚਾੜਿਆ ਜਾਵੇ।ਇਸ ਦੇ ਨਾਲ ਹਾਰਵੈਸਟਰ ਕੰਬਾਈਨਾਂ ਦਿਨ ਵੇਲੇ ਹੀ ਚਲਾਈਆ ਜਾਣ ਅਤੇ ਕੰਬਾਈਨਾਂ 'ਚੋ ਨਿਕਲਦੇ ਚੰਗਿਆੜੀਆਂ ਦਾ ਪੂਰਾ ਧਿਆਨ ਰੱਖਿਆ ਜਾਵੇ ਤਾਂ ਜੋ ਪੱਕੀ ਕਣਕ ਨੂੰ ਅੱਗ ਲੱਗਣ ਦੇ ਹਾਦਸਿਆ ਤੋਂ ਬਚਾਇਆ ਜਾ ਸਕੇ।
ਡਾ. ਸੁਰਿੰਦਰ ਸਿੰਘ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸਪੇਅਰ ਪਾਰਟਸ ਸਪਲਾਈ ਕਰਨ ਵਾਲੇ ਅਤੇ ਵਰਕਸ਼ਾਪ ਅਧੀਨ ਕੰਮ ਕਰਨ ਵਾਲੇ ਆਨਲਾਈਨ ਕਰਫਿਊ ਪਾਸ ਇਸ ਵੈਬਸਾਈਟ https://epasscovid19.pais.net.in/ 'ਤੇ ਅਪਲਾਈ ਕਰਨ ਉਪਰੰਤ ਮੁੱਖ ਖੇਤੀਬਾੜੀ ਅਫਸਰ ਜਲੰਧਰ ਦੇ ਦਫਤਰ ਨੂੰ ਲਿਖਤੀ ਰੂਪ ਵਿੱਚ ਸਮੇਤ ਫਾਰਮ ਦੀ ਕਾਪੀ ਅਤੇ ਅਥਾਰਟੀ ਜਮਾਂ ਕਰਵਾਉਣਗੇ ਤਾਂ ਜੋ ਵੇਲੇ ਸਿਰ ਕਰਫਿਊ ਪਾਸ ਆਨਲਾਈਨ ਜਾਰੀ ਕਰਵਾਇਆ ਜਾ ਸਕੇ।
ਸੰਪਰਕ ਅਫਸਰ
ਦਫਤਰ ਮੁੱਖ ਖੇਤੀਬਾੜੀ ਅਫਸਰ