ਕਾਲੋਨਾਈਜ਼ਰਾਂ ਨੂੰ ਚੋਰ ਕਹਿਣ ਵਾਲੇ ਸਿੱਧੂ ਨੂੰ ਕਮੇਟੀ ਤੋਂ ਬਾਹਰ ਕੀਤਾ ਜਾਵੇ

03/13/2018 6:26:29 PM

ਜਲੰਧਰ (ਖੁਰਾਣਾ)— ਬੀਤੇ ਦਿਨ ਸਥਾਨਕ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਨਾਜਾਇਜ਼ ਕਾਲੋਨੀਆਂ ਦੇ ਮੁੱਦੇ 'ਤੇ ਬੋਲਦਿਆਂ ਕਾਲੋਨਾਈਜ਼ਰਾਂ ਨੂੰ ਚੋਰ ਤਕ ਕਹਿ ਦਿੱਤਾ ਸੀ। ਜਿਸ ਨੂੰ ਲੈ ਕੇ ਸਮੁੱਚੇ ਪੰਜਾਬ ਦੇ ਕਾਲੋਨਾਈਜ਼ਰਾਂ ਵਿਚ ਰੋਸ ਦੀ ਲਹਿਰ ਪੈਦਾ ਹੋ ਗਈ ਹੈ। 
ਇਸ ਵਿਸ਼ੇ 'ਤੇ ਪੰਜਾਬ ਪ੍ਰਾਪਰਟੀ ਡੀਲਰ ਐਂਡ ਕਾਲੋਨਾਈਜ਼ਰ ਐਸੋ. ਦੇ ਜਲੰਧਰ ਯੂਨਿਟ ਦੀ ਇਕ ਬੈਠਕ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸ਼ਹਿਰ ਦੇ ਉੱਘੇ ਕਾਲੋਨਾਈਜ਼ਰਾਂ ਤਰਵਿੰਦਰ ਸਿੰਘ ਰਾਜੂ, ਮੇਜਰ ਸਿੰਘ, ਬਖਸ਼ੀਸ਼ ਸਿੰਘ ਬੇਦੀ, ਭੁਪਿੰਦਰ ਸਿੰਘ ਪਿੰਕੀ, ਐੱਸ. ਐੱਸ. ਬਿੱਲਾ, ਜਰਨੈਲ ਸਿੰਘ, ਅਨਿਲ ਚਾਵਲਾ, ਜੋਗਾ ਸਿੰਘ, ਤਿਰਵੈਣੀ ਮਲਹੋਤਰਾ, ਸੰਜੀਪ ਆਨੰਦ, ਪ੍ਰਭਪਾਲ ਸਿੰਘ ਪੰਨੂ, ਰਾਜੇਸ਼ ਅਗਰਵਾਲ, ਸੁਖਦੀਪ ਸਿੰਘ, ਚਰਨਜੀਤ ਸਿੰਘ ਚੰਨੀ, ਅਮਰਜੋਤ ਸਿੰਘ, ਸੰਜੀਵ ਕੁੰਦਰਾ, ਨਿਸ਼ਾਂਤ ਗੁਪਤਾ, ਅਸ਼ਵਨੀ ਗੁਪਤਾ, ਆਰ. ਐੱਸ. ਗਿੱਲ, ਹਰਵਿੰਦਰ, ਐੱਸ. ਪੀ. ਅਰੋੜਾ, ਸੁਸ਼ੀਲ ਹਾਂਡਾ, ਲਖਬੀਰ ਸਿੰਘ ਆਦਿ ਮੌਜੂਦ ਸਨ। 
ਭਿੰਦਾ ਨੇ ਬੈਠਕ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਲੋਕਲ ਬਾਡੀਜ਼ ਮੰਤਰੀ ਜਿਹੇ ਉਚ ਅਹੁਦੇ 'ਤੇ ਬੈਠੇ ਨਵਜੋਤ ਸਿੱਧੂ ਨੂੰ ਅਜਿਹੇ ਸ਼ਬਦ ਬੋਲਣੇ ਸ਼ੋਭਾ ਨਹੀਂ ਦਿੰਦੇ। ਇਨ੍ਹਾਂ ਸ਼ਬਦਾਂ ਦੀ ਸਖਤ ਨਿੰਦਾ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਵੋਟ ਲੈਂਦੇ ਸਮੇਂ ਕਾਂਗਰਸੀ ਆਗੂਆਂ ਨੇ ਚੋਣ ਐਲਾਨ ਪੱਤਰ ਦੇ ਪੇਜ ਨੰ. 95 ਵਿਚ ਕਾਲੋਨਾਈਜ਼ਰਾਂ ਦੀਆਂ ਸਾਰੀਆਂ ਮੰਗਾਂ ਨੂੰ ਜਾਇਜ਼ ਮੰਨਿਆ ਅਤੇ ਸਰਕਾਰ ਬਣਦਿਆਂ ਤੁਰੰਤ ਇਨ੍ਹਾਂ ਨੂੰ ਲਾਗੂ ਕਰਵਾਉਣ ਦਾ ਭਰੋਸਾ ਦਿੱਤਾ ਸੀ ਪਰ ਹੁਣ ਸਰਕਾਰ ਵਿਚ ਬੈਠੇ ਜ਼ਿੰਮੇਵਾਰ ਲੋਕ ਅਜਿਹੀਆਂ ਗੈਰਜ਼ਿੰਮੇਵਾਰਾਨਾ ਗੱਲਾਂ ਕਰ ਰਹੇ ਹਨ। 
ਇਨ੍ਹਾਂ ਪ੍ਰਾਪਰਟੀ ਕਾਰੋਬਾਰੀਆਂ ਨੇ ਮੰਗ ਰੱਖੀ ਕਿ ਕੈਪਟਨ ਅਮਰਿੰਦਰ ਸਿੰਘ ਐੱਨ. ਓ. ਸੀ. ਮਾਮਲੇ ਬਾਰੇ ਬਣਾਈ ਗਈ 4 ਮੈਂਬਰੀ ਕਮੇਟੀ ਵਿਚੋਂ ਨਵਜੋਤ ਸਿੰਘ ਸਿੱਧੂ ਨੂੰ ਹਟਾਉਣ ਤੇ ਉਨ੍ਹਾਂ ਦੀ ਥਾਂ ਕਿਸੇ ਹੋਰ ਮੈਂਬਰ ਨੂੰ ਲਿਆ ਜਾਵੇ। ਬੈਠਕ ਦੌਰਾਨ ਫੈਸਲਾ ਹੋਇਆ ਕਿ ਐਸੋ. ਦੇ ਪੰਜਾਬ ਪ੍ਰਧਾਨ ਕੁਲਤਾਰ ਸਿੰਘ ਜੋਗੀ 13 ਮਾਰਚ ਨੂੰ ਜਲੰਧਰ ਆ ਕੇ ਪ੍ਰੈੱਸ ਕਾਨਫਰੰਸ ਕਰਨਗੇ। ਜਿਸ ਦੌਰਾਨ ਨਵਜੋਤ ਸਿੰਘ ਸਿੱਧੂ ਵਿਰੁੱਧ ਅਗਲੀ ਰਣਨੀਤੀ ਐਲਾਨ ਕੀਤੀ ਜਾਵੇਗੀ।


Related News