ਮੋਟਰਸਾਈਕਲ ਡਿਵਾਈਡਰ ਨਾਲ ਟਕਰਾਇਆ, 1 ਦੀ ਮੌਤ
Sunday, Apr 22, 2018 - 02:47 AM (IST)
ਪਠਾਨਕੋਟ, (ਸ਼ਾਰਦਾ)- ਬੀਤੀ ਦੇਰ ਰਾਤ ਸਥਾਨਕ ਟੈਂਕ ਚੌਕ 'ਤੇ ਮੋਟਰਸਾਈਕਲ ਸਵਾਰ ਨੌਜਵਾਨ ਨਾਲ ਦਰਦਨਾਕ ਹਾਦਸਾ ਵਾਪਰਿਆ, ਜਿਸ 'ਚ ਇਕ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਦੂਸਰੇ ਦੀ ਸਥਿਤੀ ਗੰਭੀਰ ਬਣੀ ਹੋਈ ਹੈ, ਜਿਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਦੀ ਪਛਾਣ ਚੰਦਨ ਪੁੱਤਰ ਵਿਨੋਦ ਕੁਮਾਰ ਵਾਸੀ ਅਰਜੁਨ ਨਗਰ ਵਜੋਂ ਹੋਈ ਹੈ ਜਦ ਕਿ ਗੰਭੀਰ ਤੌਰ 'ਤੇ ਜ਼ਖ਼ਮੀ ਹੋਇਆ ਸਾਹਿਲ ਸਥਾਨਕ ਚਾਰ ਮਰਲੇ ਕੁਆਰਟਰ ਦਾ ਰਹਿਣ ਵਾਲਾ ਹੈ। ਦੁਪਹਿਰ ਬਾਅਦ ਮ੍ਰਿਤਕ ਚੰਦਨ ਦੀ ਲਾਸ਼ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਦੇ ਦਿੱਤੀ ਹੈ। ਹਾਦਸੇ ਦੇ ਬਾਰੇ 'ਚ ਜਾਂਚ ਕਰ ਰਹੇ ਐੱਸ.ਐੱਚ.ਓ. ਇਕਬਾਲ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਦੋਨੋਂ ਦੋਸਤ ਰਾਤ ਇਕ ਵਜੇ ਦੇ ਕਰੀਬ ਆਪਣੇ ਰਿਸ਼ਤੇਦਾਰ ਦਾ ਵਿਆਹ ਅਟੈਂਡ ਕਰ ਕੇ ਵਾਪਸ ਘਰ ਆ ਰਹੇ ਸਨ ਅਤੇ ਜਿਵੇਂ ਹੀ ਉਹ ਟੈਂਕ ਚੌਕ ਪਾਰ ਕਰਨ ਲੱਗੇ ਤਾਂ ਉਨ੍ਹਾਂ ਦਾ ਮੋਟਰਸਾਈਕਲ ਡਿਵਾਈਡਰ ਨਾਲ ਟਕਰਾ ਗਿਆ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ 174 ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਚੰਦਨ ਫਾਈਨਲ ਈਅਰ ਦਾ ਸਟੂਡੈਂਟ ਸੀ ਜਦ ਕਿ ਸਾਹਿਲ ਨੇ 12ਵੀਂ ਕਲਾਸ ਦੇ ਪੇਪਰ ਦਿੱਤੇ ਹਨ।
