ਕਾਰ ਤੇ ਟ੍ਰੈਕਟਰ-ਟਰਾਲੀ ਦੀ ਜ਼ਬਰਦਸਤ ਟੱਕਰ, 2 ਸਕੇ ਭਰਾ ਗੰਭੀਰ ਰੂਪ ਜ਼ਖਮੀਂ
Tuesday, Mar 04, 2025 - 01:50 PM (IST)

ਨੂਰਪੁਰਬੇਦੀ (ਸੰਜੀਵ ਭੰਡਾਰੀ) : ਦੇਰ ਸ਼ਾਮ ਨੂਰਪੁਰਬੇਦੀ-ਗੜ੍ਹਸ਼ੰਕਰ ਮੁੱਖ ਮਾਰਗ 'ਤੇ ਸਥਿਤ ਪਿੰਡ ਸਮੀਰੋਵਾਲ ਵਿਖੇ ਇਕ ਕਾਰ ਤੇ ਲੋਡਿਡ ਟ੍ਰੈਕਟਰ-ਟਰਾਲੀ ਦਰਮਿਆਨ ਹੋਈ ਜ਼ਬਰਦਸਤ ਟੱਕਰ ''ਚ ਕਾਰ ਚਾਲਕ ਅਤੇ ਨਾਲ ਬੈਠਾ ਉਸਦਾ ਭਰਾ ਗੰਭੀਰ ਰੂਪ ''ਚ ਜ਼ਖਮੀਂ ਹੋ ਗਏ। ਇਸ ਦੌਰਾਨ ਕਾਰ ਚਾਲਕ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਇਲਾਜ ਲਈ ਡਾਕਟਰਾਂ ਵੱਲੋਂ ਪੀ.ਜੀ.ਆਈ. ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ ਅਤੇ ਨਾਲ ਬੈਠੇ ਉਸਦੇ ਭਰਾ ਨੂੰ ਜ਼ਖਮੀਂ ਹੋਣ ''ਤੇ ਸਰਕਾਰੀ ਹਸਪਤਾਲ ਸਿੰਘਪੁਰ (ਨੂਰਪੁਰਬੇਦੀ) ਵਿਖੇ ਭਰਤੀ ਕਰਵਾਇਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਬਲਵੀਰ ਕੁਮਾਰ ਨੇ ਦੱਸਿਆ ਕਿ ਰਾਤ ਕਰੀਬ 8 ਵਜੇ ਉਕਤ ਹਾਦਸਾ ਹੋਇਆ ਹੈ | ਉਨ੍ਹਾਂ ਦੱਸਿਆ ਕਿ ਕਾਰ ਸਵਾਰ ਪਿੰਡ ਰੈਂਸੜਾ ਦੇ 2 ਵਿਅਕਤੀ ਜੋ ਕਿ ਸਕੇ ਭਰਾ ਦੱਸੇ ਜਾ ਰਹੇ ਹਨ ਕਿਸੀ ਵਿਆਹ ਸਮਾਗਮ ''ਚ ਹੋ ਕੇ ਵਾਪਸ ਘਰ ਪਰਤ ਰਹੇ ਸਨ ਜਦੋਂ ਨੂਰਪੁਰਬੇਦੀ-ਗੜ੍ਹਸ਼ੰਕਰ ਮਾਰਗ ''ਤੇ ਪੈਂਦੇ ਪਿੰਡ ਸਮੀਰੋਵਾਲ ਨੇੜੇ ਅਚਾਨਕ ਝੱਜ ਦੀ ਤਰਫ਼ੋਂ ਆ ਰਹੀ ਇਕ ਲੋਡਿਡ ਟ੍ਰੈਕਟਰ-ਟਰਾਲੀ ਨਾਲ ਉਨ੍ਹਾਂ ਦੀ ਕਾਰ ਦੀ ਟੱਕਰ ਹੋ ਗਈ। ਇਸ ਦੌਰਾਨ ਕਾਰ ਚਾਲਕ ਪਰਮੀਤ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ, ਜਿਸਨੂੰ ਮੁੱਢਲੇ ਇਲਾਜ ਉਪਰੰਤ ਹਾਲਤ ਨੂੰ ਨਾਜ਼ੁਕ ਦੇਖਦਿਆਂ ਡਾਕਟਰਾਂ ਵੱਲੋਂ ਪੀ.ਜੀ.ਆਈ. ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਜੇ ਤੱਕ ਹਾਦਸੇ ਦੇ ਅਸਲ ਕਾਰਣਾਂ ਦਾ ਪਤਾ ਨਹੀਂ ਚੱਲ ਸਕਿਆ ਹੈ ਅਤੇ ਤਫਤੀਸ਼ ਉਪਰੰਤ ਕਾਨੂੰਨੀ ਕਾਰਵਾਈ ਅਮਲ ''ਚ ਲਿਆਂਦੀ ਜਾਵੇਗੀ।