ਕਾਲਜ ਬਣਾਉਣ ਲਈ ਦਾਨ ’ਚ ਮਿਲੀ ਥਾਂ ’ਤੇ ਨਗਰ ਕੌਂਸਲ ਨੇ ਸੁੱਟੀ ਨਾਲੇ ਦੀ ਗੰਦਗੀ

06/27/2018 7:50:33 AM

ਫ਼ਰੀਦਕੋਟ (ਹਾਲੀ) - ਦੋ ਦਹਾਕੇ ਪਹਿਲਾਂ ਫ਼ਰੀਦਕੋਟ-ਕੋਟਕਪੂਰਾ ਰੋਡ ’ਤੇ ਬੀ. ਐੱਡ ਕਾਲਜ ਬਣਾਉਣ ਲਈ ਦਾਨ ਵਿਚ ਮਿਲੀ 12 ਏਕਡ਼ ਜ਼ਮੀਨ ਉੱਪਰ ਪ੍ਰਸ਼ਾਸਨ ਨੇ ਕਾਲਜ ਉਸਾਰਨ ਦੀ ਥਾਂ ਸ਼ਹਿਰ ਦੇ ਗੰਦੇ ਨਾਲਿਆਂ ਦੀ ਗਾਰ ਅਤੇ ਕੂਡ਼ਾ ਸੁੱਟਣਾ ਸ਼ੁਰੂ ਕਰ ਦਿੱਤਾ ਹੈ ਹਾਲਾਂਕਿ ਲੋਕਾਂ ਦੇ ਜ਼ਬਰਦਸਤ ਵਿਰੋਧ ਤੋਂ ਬਾਅਦ ਨਗਰ ਕੌਂਸਲ ਨੇ ਬੀ. ਐੱਡ ਕਾਲਜ ਵਾਲੀ ਜਗ੍ਹਾ ’ਤੇ ਗਾਰ ਅਤੇ ਕੂਡ਼ਾ ਸੁੱਟਣ ਦਾ ਆਪਣਾ ਫੈਸਲਾ ਵਾਪਸ ਲੈ ਲਿਆ ਹੈ। ਸੂਚਨਾ ਅਨੁਸਾਰ ਨਗਰ ਕੌਂਸਲ ਨੇ ਸਮਾਜਕ ਸੰਸਥਾਵਾਂ ਦੇ ਸਹਿਯੋਗ ਨਾਲ ਸ਼ਹਿਰ ਦੇ ਗੰਦੇ ਨਾਲਿਆਂ ਦੀ ਸਫ਼ਾਈ ਕੀਤੀ ਸੀ ਅਤੇ ਇਨ੍ਹਾਂ ਨਾਲਿਆਂ ਦੀ ਗਾਰ ਅਤੇ ਹੋਰ ਗੰਦਗੀ ਨੂੰ ਖੁੱਲ੍ਹੀਆਂ ਟਰਾਲੀਆਂ ਰਾਹੀਂ ਕੋਟਕਪੂਰਾ ਰੋਡ ਉੱਪਰ ਸੱਭਿਆਚਾਰ ਕੇਂਦਰ ਦੇ ਨਾਲ ਕਾਲਜ ਦੀ ਖਾਲੀ ਜਗ੍ਹਾ ਵਿਚ ਸੁੱਟਣਾ ਸ਼ੁਰੂ ਕਰ ਦਿੱਤਾ। ਕੌਂਸਲ ਦੀ ਇਸ ਕਾਰਵਾਈ ਨਾਲ ਫਰੀਦਕੋਟ-ਕੋਟਕਪੂਰਾ ਰੋਡ ਵੀ ਗੰਦਗੀ ਅਤੇ ਰਹਿੰਦ-ਖੂੰਹਦ ਨਾਲ ਭਰ ਗਈ। ਲੋਕਾਂ ਨੇ ਰੋਸ ਵਜੋਂ ਅੱਜ ਫਰੀਦਕੋਟ-ਕੋਟਕਪੂਰਾ ਰੋਡ ’ਤੇ ਜਾਮ ਲਾ ਦਿੱਤਾ। ਇਸ ਤੋਂ ਇਲਾਵਾ ਗੰਦਗੀ ਨਾਲ ਭਰੀਆਂ ਹੋਈਆਂ ਟਰਾਲੀਆਂ ਨੂੰ ਬੱਸ ਸਟੈਂਡ ਨੂੰ ਜਾਣ ਵਾਲੀ ਸਡ਼ਕ ’ਤੇ ਸੁੱਟ ਦਿੱਤਾ ਗਿਆ, ਜਿੱਥੇ ਪਹਿਲਾਂ ਹੀ ਗੰਦਗੀ ਪਈ ਹੋਈ ਸੀ, ਜਿਸ ਕਾਰਨ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਇਸ ਸਮੇਂ ਗੁਰਤੇਜ ਸਿੰਘ ਖੋਸਾ, ਸਵਰਨ ਸਿੰਘ, ਮਾਸਟਰ ਸੂਰਜ ਭਾਨ, ਅਮਨ ਵਡ਼ਿੰਗ, ਮਨਦੀਪ ਸਿੰਘ ਬਰਾਡ਼, ਸੁਖਦੇਵ ਸਿੰਘ ਗਿੱਲ, ਜਤਿੰਦਰ ਸਿੰਘ, ਗੁਰਸੇਵਕ ਸਿੰਘ, ਕਾਕਾ ਸਿੰਘ, ਗੁਰਪ੍ਰੀਤ ਸਿੰਘ, ਸੰਦੀਪ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਕਿਹਾ ਕਿ ਇਕ ਪਾਸੇ ਨਗਰ ਕੌਂਸਲ ਅਤੇ ਜ਼ਿਲਾ ਪ੍ਰਸ਼ਾਸਨ ਸਵੱਛ ਭਾਰਤ, ਮਿਸ਼ਨ ਤੰਦਰੁਸਤ ਪੰਜਾਬ ਵਰਗੀਆਂ ਮੁਹਿੰਮਾਂ ਚਲਾ ਕੇ ਸਾਫ਼-ਸੁਥਰਾ ਵਾਤਾਵਰਣ ਪ੍ਰਦਾਨ ਕਰਨ ਦਾ ਪ੍ਰਚਾਰ ਕਰ ਰਿਹਾ ਹੈ ਅਤੇ ਦੂਜੇ ਪਾਸੇ ਸਡ਼ਕਾਂ ’ਤੇ ਸ਼ਰੇਆਮ ਗੰਦਗੀ ਖਿਲਾਰ ਕੇ ਆਪਣੀ ਗੈਰ-ਜ਼ਿੰਮੇਵਾਰੀ ਦਿਖਾਈ ਹੈ।
ਉਨ੍ਹਾਂ ਕਿਹਾ ਕਿ ਜਿਸ ਥਾਂ ’ਤੇ ਕੌਂਸਲ ਗਾਰ ਅਤੇ ਗੰਦਗੀ ਸੁੱਟ ਰਹੀ ਹੈ, ਉੱਥੇ ਹਜ਼ਾਰਾਂ ਜੀਵ-ਜੰਤੂ ਅਤੇ ਸੈਂਕਡ਼ਿਆਂ ਦੀ ਗਿਣਤੀ ਵਿਚ ਰੁੱਖ ਅਤੇ ਫਲਾਂ ਵਾਲੇ ਬੂਟੇ ਲੱਗੇ ਹਨ ਅਤੇ ਗੰਦਗੀ ਨਾਲ ਇਨ੍ਹਾਂ ਨੂੰ ਖਤਰਾ ਪੈਦਾ ਹੋ ਗਿਆ ਹੈ।
 ਮੌਕੇ ’ਤੇ ਪੁੱਜੇ ਥਾਣਾ ਸਿਟੀ ਦੇ ਐੱਸ. ਐੱਚ. ਓ, ਕਾਰਜਕਾਰੀ ਮੈਜਿਸਟਰੇਟ ਰਮੇਸ਼ ਜੈਨ ਅਤੇ ਕੌਂਸਲ ਅਧਿਕਾਰੀਆਂ ਨੇ ਆਪਣੀ ਗਲਤੀ ਕਬੂਲ ਕਰਦਿਆਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਅੱਜ ਤੋਂ ਬਾਅਦ ਇੱਥੇ ਕੂਡ਼ੇ ਜਾਂ ਗਾਰ ਦੀ ਕੋਈ ਟਰਾਲੀ ਨਹੀਂ ਭੇਜੀ ਜਾਵੇਗੀ ਅਤੇ ਨਾਲੇ ਦੀ ਗਾਰ ਸੁੱਟਣ ਦੌਰਾਨ ਖਰਾਬ ਹੋਈ ਸਡ਼ਕ ਨੂੰ ਤੁਰੰਤ ਸਾਫ਼ ਕਰਵਾਇਆ ਜਾਵੇਗਾ। ਪ੍ਰਸ਼ਾਸਨ ਦੇ ਇਸ ਭਰੋਸੇ ਤੋਂ ਬਾਅਦ ਲੋਕਾਂ ਨੇ ਆਪਣਾ ਸੰਘਰਸ਼ ਹਾਲ ਦੀ ਘਡ਼ੀ ਵਾਪਸ ਲੈ ਲਿਆ।


Related News