ਧੁੱਪ ਨਾ ਨਿਕਲਣ ਕਾਰਨ ਵਧੀ ਠੰਢ: ਨਵੇਂ ਸਾਲ ’ਤੇ ਮੌਸਮ ਵਿਭਾਗ ਵੱਲੋਂ ‘ਯੈਲੋ ਅਲਰਟ’

Thursday, Jan 02, 2025 - 04:02 AM (IST)

ਧੁੱਪ ਨਾ ਨਿਕਲਣ ਕਾਰਨ ਵਧੀ ਠੰਢ: ਨਵੇਂ ਸਾਲ ’ਤੇ ਮੌਸਮ ਵਿਭਾਗ ਵੱਲੋਂ ‘ਯੈਲੋ ਅਲਰਟ’

ਜਲੰਧਰ (ਪੁਨੀਤ) – ਪੰਜਾਬ ਵਿਚ ਠੰਢ ਦਾ ਕਹਿਰ ਵਧਣ ਲੱਗਾ ਹੈ, ਜਿਸ ਨਾਲ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਾਮਾਤਰ ਧੁੱਪ ਨਿਕਲਣ ਦਾ ਵੀ ਕੋਈ ਖਾਸ ਫਾਇਦਾ ਨਹੀਂ ਹੋ ਰਿਹਾ, ਜਿਸ ਨਾਲ ਦੁਪਹਿਰ ਸਮੇਂ ਵੀ ਠੰਢ ਦਾ ਜ਼ੋਰ ਦੇਖਣ ਨੂੰ ਮਿਲ ਰਿਹਾ ਹੈ। ਬੀਤੇ ਦਿਨ ਵਾਂਗ ਅੱਜ ਵੀ ਸੂਰਜ ਦਰਸ਼ਨ ਦੇ ਕੇ ਬੱਦਲਾਂ ਵਿਚ ਛਿਪ ਗਿਆ। ਹਫਤੇ ਦੀ ਸ਼ੁਰੂਆਤ ਵਿਚ ਇਕ ਦਿਨ ਧੁੱਪ ਨਿਕਲਣ ਨਾਲ ਕੁਝ ਰਾਹਤ ਮਿਲੀ ਸੀ ਪਰ ਸੀਤ ਲਹਿਰ ਨੇ ਫਿਰ ਜ਼ੋਰ ਫੜ ਲਿਆ।

ਸਾਲ ਦੇ ਅਖੀਰ ਵਿਚ 31 ਦਸੰਬਰ ਦੀ ਰਾਤ ਨੂੰ 1 ਵਜੇ ਤੋਂ ਬਾਅਦ ਧੁੱਪ ਪੈਣੀ ਸ਼ੁਰੂ ਹੋਈ ਅਤੇ ਸਵੇਰ ਤਕ ਧੁੰਦ ਦਾ ਜ਼ੋਰ ਦੇਖਣ ਨੂੰ ਮਿਲਿਆ। ਅੱਜ ਕੁਝ ਮਿੰਟਾਂ ਨੂੰ ਛੱਡ ਕੇ ਪੂਰਾ ਦਿਨ ਸੂਰਜ ਨਾ ਨਿਕਲਣ ਕਾਰਨ ਠੰਢ ਵਿਚ ਵਾਧਾ ਦਰਜ ਹੋਇਆ, ਜਦ ਕਿ ਸ਼ਾਮ ਨੂੰ ਧੁੰਦ ਤੋਂ ਰਾਹਤ ਰਹੀ।

ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਚਿਤਾਵਨੀ ਮੁਤਾਬਕ 2 ਜਨਵਰੀ ਨੂੰ ਮਹਾਨਗਰ ਜਲੰਧਰ ‘ਯੈਲੋ ਅਲਰਟ’ ਜ਼ੋਨ ਵਿਚ ਰਹਿਣ ਵਾਲਾ ਹੈ ਅਤੇ ਧੁੰਦ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਅਗਲੇ 2 ਦਿਨ ਤਾਪਮਾਨ ਵਿਚ ਗਿਰਾਵਟ ਦਰਜ ਹੋਣ ਨਾਲ ਕੰਬਣੀ ਵਧੇਗੀ ਅਤੇ ਧੁੰਦ ਕਾਰਨ ਆਵਾਜਾਈ ਪ੍ਰਭਾਵਿਤ ਹੋਵੇਗੀ।

ਮੌਸਮ ਵਿਭਾਗ ਦੇ ਅਗਾਊਂ ਅਨੁਮਾਨ ਵਿਚ ਪੰਜਾਬ ਸਮੇਤ ਗੁਆਂਢੀ ਸੂਬੇ ਵਿਚ ਧੁੰਦ ਦੀ ਚਿਤਾਵਨੀ ਿਦੱਤੀ ਗਈ ਹੈ ਅਤੇ ਅਗਲੇ ਕੁਝ ਦਿਨਾਂ ਵਿਚ ਮਹਾਨਗਰ ਅਲਰਟ ਜ਼ੋਨ ਤੋਂ ਬਾਹਰ ਆ ਸਕਦਾ ਹੈ।

ਉਥੇ ਹੀ ਅੱਜ ਸੂਰਜ ਦੇਵਤਾ ਦੇ ਦਰਸ਼ਨ ਨਾ ਹੋਣ ਕਾਰਨ ਘੱਟੋ-ਘੱਟ ਤਾਪਮਾਨ ਵਿਚ 2-3 ਡਿਗਰੀ ਤਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਮਾਹਿਰਾਂ ਮੁਤਾਬਕ ਪੰਜਾਬ ਵਿਚ ਘੱਟੋ-ਘੱਟ ਤਾਪਮਾਨ ਵਿਚ 1.8 ਡਿਗਰੀ ਦੀ ਗਿਰਾਵਟ ਦਰਜ ਹੋਈ ਹੈ। ਉਥੇ ਹੀ ਜਲੰਧਰ ਦਾ ਵੱਧ ਤੋਂ ਵੱਧ ਤਾਪਮਾਨ 14, ਜਦ ਕਿ ਘੱਟੋ-ਘੱਟ ਤਾਪਮਾਨ 7-8 ਡਿਗਰੀ ਰਿਕਾਰਡ ਕੀਤਾ ਗਿਆ। ਵੀਰਵਾਰ ਅਤੇ ਸ਼ੁੱਕਰਵਾਰ ਨੂੰ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ।
 


author

Inder Prajapati

Content Editor

Related News