ਪੰਜਾਬ ’ਚ ਝੋਨੇ ਦੇ ਸੀਜ਼ਨ ਦੌਰਾਨ ਤਾਪ ਘਰਾਂ ਨੂੰ ਕੋਲੇ ਦੀ ਘਾਟ ਲੱਗੀ ਰੜਕਣ
Thursday, Jul 18, 2024 - 10:57 AM (IST)
ਮਾਨਸਾ (ਸੰਦੀਪ ਮਿੱਤਲ) : ਪੰਜਾਬ 'ਚ ਅੱਜ-ਕੱਲ੍ਹ ਜਦੋਂ ਝੋਨੇ ਅਤੇ ਬਾਸਮਤੀ ਦੀ ਲਵਾਈ ਜ਼ੋਰਾਂ ’ਤੇ ਹੈ ਤਾਂ ਸੂਬੇ ਵਿਚਲੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਤਾਪਘਰਾਂ ਨੂੰ ਕੋਲੇ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਲੇ ਦੀ ਇਸ ਘਾਟ ਦੀ ਵੱਡੀ ਤਕਲੀਫ਼ ਦਾ ਸਾਹਮਣਾ ਅਗਲੇ ਦਿਨਾਂ 'ਚ ਹੋਰ ਕਰਨਾ ਪੈ ਸਕਦਾ ਹੈ। ਪੰਜਾਬ ਦੇ ਤਾਪਘਰਾਂ ਲਈ ਕੋਲਾ ਛੱਤੀਸਗੜ੍ਹ ਤੋਂ ਆ ਰਿਹਾ ਹੈ, ਜਿੱਥੇ ਅੱਜ-ਕੱਲ੍ਹ ਮੀਂਹ ਪੈਣ ਨਾਲ ਖਾਣਾਂ ’ਚੋਂ ਕੋਲਾ ਕੱਢਣ ’ਚ ਮੁਸ਼ਕਲ ਆ ਰਹੀ ਹੈ। ਉੱਤਰੀ ਭਾਰਤ ਦੇ ਪ੍ਰਾਈਵੇਟ ਖੇਤਰ ਦੇ ਸਭ ਤੋਂ ਵੱਡੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀ. ਐੱਸ. ਪੀ. ਐੱਲ.) 'ਚ ਸਿਰਫ 4-5 ਦਿਨਾਂ ਦਾ ਕੋਲਾ ਹੀ ਰਹਿ ਗਿਆ ਦੱਸਿਆ ਜਾਂਦਾ ਹੈ।
ਵੇਰਵਿਆਂ ਮੁਤਾਬਕ ਪੰਜਾਬ ਸਰਕਾਰ ਵੱਲੋਂ ਹਾਲ ਹੀ 'ਚ ਖ਼ਰੀਦੇ ਗਏ ਤਾਪਘਰ ਗੁਰੂ ਰਾਮਦਾਸ ਗੋਇੰਦਵਾਲ ਸਾਹਿਬ, ਜੋ 540 ਮੈਗਵਾਟ ਦੀ ਸਮਰੱਥਾ ਵਾਲਾ ਹੈ ਅਤੇ ਇਸ ਵੇਲੇ ਕਰੀਬ 480 ਮੈਗਾਵਾਟ ਰਿਕਾਰਡ ਤੋੜ ਬਿਜਲੀ ਸਪਲਾਈ ਕਰ ਰਿਹਾ ਹੈ, 'ਚ ਵੀ ਕਰੀਬ 4 ਦਿਨਾਂ ਦਾ ਕੋਲ ਭੰਡਾਰ ਰਹਿਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸੇ ਤਰ੍ਹਾਂ ਐੱਲ. ਐਂਡ. ਟੀ. ਕੰਪਨੀ ਵੱਲੋਂ ਰਾਜਪੁਰਾ ਵਿਖੇ ਲਾਏ 1400 ਮੈਗਾਵਾਟ ਦੇ ਤਾਪਘਰ ਵੱਲੋਂ ਇਸ ਵੇਲੇ 1325 ਮੈਗਾਵਾਟ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ, 'ਚ ਵੀ ਕੋਲੇ ਦੀ ਘਾਟ ਅਗਲੇ ਹਫ਼ਤੇ ਤੋਂ ਖੜ੍ਹੀ ਹੋ ਸਕਦੀ ਹੈ।
ਪੰਜਾਬ ਦੇ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ, ਜੋ 840 ਮੈਗਾਵਾਟ ਦੀ ਸਮਰੱਥਾ ਵਾਲਾ ਹੈ ਅਤੇ ਇਸ ਵੇਲੇ 719 ਮੈਗਾਵਾਟ ਬਿਜਲੀ ਸਪਲਾਈ ਕਰ ਰਿਹਾ ਹੈ, 'ਚ ਵੀ ਪੂਰੇ ਸੀਜ਼ਨ ਲਈ ਕੋਲੇ ਦਾ 15 ਦਿਨਾਂ ਦਾ ਭੰਡਾਰ ਹੀ ਹੈ। ਦੂਜੇ ਪਾਸੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦਾ ਇਕ ਯੂਨਿਟ ਬੰਦ ਹੋਣ ਦੇ ਬਾਵਜੂਦ ਉਸ ਵੱਲੋਂ 645 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ, ਜਦੋਂ ਕਿ ਉਸ ਦੀ ਸਮਰੱਥਾ 920 ਮੈਗਾਵਾਟ ਹੈ, 'ਚ ਵੀ ਕੋਲੇ ਦੀ ਘਾਟ ਹੋਣ ਲੱਗੀ ਹੈ। ਮਾਨਸਾ ਜ਼ਿਲ੍ਹੇ 'ਚ ਲੱਗੇ 1980 ਮੈਗਾਵਾਟ ਦੀ ਸਮਰੱਥਾ ਵਾਲੇ ਬਣਾਂਵਾਲਾ ਤਾਪਘਰ ਦਾ ਇਕ ਯੂਨਿਟ ਬੰਦ ਹੈ ਅਤੇ ਉਸ ਵੱਲੋਂ 1097 ਮੈਗਾਵਾਟ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ।
ਇਕ ਤਾਪਘਰ ਦੇ ਪ੍ਰਬੰਧਕਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪੰਜਾਬ ਅਤੇ ਰਾਜਸਥਾਨ ਦੇ ਤਾਪਘਰਾਂ ਨੂੰ ਹਰ ਸਾਲ ਸਾਉਣੀ ਦੇ ਸੀਜ਼ਨ ਦੌਰਾਨ ਅਕਸਰ ਕੋਲੇ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਛੱਤੀਸਗੜ੍ਹ ਤੋਂ ਪੰਜਾਬ ਦੀ ਰੇਲਵੇ ਲਾਈਨ ਰਾਹੀਂ ਜੁੜੀ 1510 ਕਿਲੋਮੀਟਰ ਤੋਂ ਵੱਧ ਬਣਦੀ ਹੈ, ਜਿਸ ਕਰ ਕੇ ਪੰਜਾਬ ਦੇ ਤਾਪਘਰਾਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਕੋਲਾ ਢੋਹਣ ਵਾਸਤੇ ਪੂਰੀਆਂ ਰੇਲ ਗੱਡੀਆਂ ਉਪਲਬੱਧ ਨਹੀਂ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਛੱਤੀਸਗੜ੍ਹ ਤੋਂ ਪੰਜਾਬ ਆਉਣ ਲਈ 4 ਦਿਨ ਦਾ ਸਮਾਂ ਲੱਗਦਾ ਹੈ ਅਤੇ ਇਕ ਦਿਨ ਕੋਲਾ ਉਤਰਨ ਲਈ ਅਤੇ ਇਕ ਦਿਨ ਹੀ ਖਾਣ ’ਚੋਂ ਲੋਡ ਕਰਨ ਲਈ ਲੱਗਦਾ ਹੈ, ਜਿਸ ਕਰ ਕੇ ਇਕ ਗੱਡੀ 10 ਦਿਨਾਂ 'ਚ ਇਕ ਚੱਕਰ ਹੀ ਲਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਕੋਲਾ ਢੋਹਣ ਵਾਲੀਆਂ ਗੱਡੀਆਂ ਦੀ ਘਾਟ ਦਾ ਖਮਿਆਜ਼ਾ ਪੰਜਾਬ ਅਤੇ ਰਾਜਸਥਾਨ ਦੇ ਤਾਪਘਰਾਂ ਨੂੰ ਭੁਗਤਣਾ ਪੈ ਰਿਹਾ ਹੈ। ਪੰਜਾਬ ਦੇ ਤਾਪਘਰਾਂ ਕੋਲ ਕੇਂਦਰੀ ਬਿਜਲੀ ਅਥਾਰਟੀ (ਸੀ. ਈ. ਏ.) ਦੇ ਨਿਰਵਿਘਨ ਬਿਜਲੀ ਸਪਲਾਈ ਲਈ ਘੱਟੋ-ਘੱਟ 22 ਦਿਨਾਂ ਦੇ ਕੋਲ ਦੇ ਸਟਾਕ ਨੂੰ ਬਣਾਈ ਰੱਖਣ ਦੇ ਹੁਕਮ ਦੇ ਮੁਕਾਬਲੇ ਚਿੰਤਾਜਨਕ ਵਾਲੇ ਹਨ। ਸੂਬੇ 'ਚ ਇਸ ਵੇਲੇ 16 ਹਜ਼ਾਰ ਮੈਗਾਵਾਟ ਤੋਂ ਵੱਧ ਬਿਜਲੀ ਦੀ ਲੋੜ ਚੱਲ ਰਹੀ ਹੈ। ਤਾਪਘਰ ਦੇ ਇਕ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਕੋਲੇ ਦੇ ਰੈਂਕਾਂ ਦੀ ਗਿਣਤੀ ਵਧਾਉਣ, ਕੋਲੇ ਦੀਆਂ ਖਾਣਾਂ ਤੋਂ ਸਮੇਂ ਸਿਰ ਡਿਸਪੈਜਮੈਂਟ ਨੂੰ ਯਕੀਨੀ ਬਣਾਉਣ ਅਤੇ ਕੇਂਦਰ ਤੇ ਪੰਜਾਬ ਸਰਕਾਰ ਵਿਚਕਾਰ ਰੁਕਵਟਾਂ ਦੂਰ ਕਰਨ ਲਈ ਕਦੇ ਬਿਹਤਰ ਤਾਲਮੇਲ ਨਹੀਂ ਹੋਏ ਹਨ।