'ਕੋਵਿਡ-19 ਕੇਂਦਰਾਂ 'ਚ ਕੰਮ ਕਰ ਰਹੇ ਸਿਹਤ ਸਟਾਫ ਲਈ ਮੁੱਖ ਮੰਤਰੀ ਵੱਖਰੀ ਰਿਹਾਇਸ਼ ਦਾ ਪ੍ਰਬੰਧ ਕਰਨ'
Friday, May 08, 2020 - 07:13 PM (IST)
ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤੁਰੰਤ ਦਖ਼ਲ ਦੇ ਕੇ ਇਹ ਯਕੀਨੀ ਬਣਾਉਣ ਲਈ ਆਖਿਆ ਹੈ ਕਿ ਕੋਵਿਡ-19 ਕੇਂਦਰਾਂ 'ਚ ਕੰਮ ਕਰਦੇ ਡਾਕਟਰਾਂ ਅਤੇ ਮੈਡੀਕਲ ਸਟਾਫ ਲਈ ਸੁਰੱਖਿਅਤ ਰਿਹਾਇਸ਼ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਉਨ੍ਹਾਂ ਦੇ ਪਰਿਵਾਰ ਕਿਸੇ ਖ਼ਤਰੇ 'ਚ ਨਾ ਪੈਣ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਵੇਖ ਕੇ ਬਹੁਤ ਦੁੱਖ ਹੁੰਦਾ ਹੈ ਕਿ ਸਿਹਤ ਵਿਭਾਗ ਨੇ ਕੋਵਿਡ-19 ਦੇ ਮਰੀਜ਼ਾਂ ਦੀ ਦੇਖਭਾਲ ਕਰ ਰਹੇ ਆਪਣੇ ਸਟਾਫ ਦੀ ਰਿਹਾਇਸ਼ ਦਾ ਪ੍ਰਬੰਧ ਹੋਸਟਲਾਂ, ਆਰਾਮ ਘਰਾਂ ਅਤੇ ਹੋਟਲਾਂ ਵਿਚ ਨਾ ਕਰਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਖਤਰੇ ਤੋਂ ਬਚਾਉਣ ਦੀ ਆਪਣੀ ਡਿਊਟੀ ਪੂਰੀ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿਹਤ ਕਾਮਿਆਂ ਵੱਲੋਂ ਵਾਰ ਵਾਰ ਇਹ ਮੰਗ ਉਠਾਈ ਜਾ ਰਹੀ ਹੈ, ਪਰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਇਸ ਪ੍ਰਤੀ ਅਵੇਸਲਾ ਹੋਇਆ ਬੈਠਾ ਹੈ, ਇਸ ਲਈ ਮੁੱਖ ਮੰਤਰੀ ਨੂੰ ਤੁਰੰਤ ਇਸ ਮਾਮਲੇ 'ਚ ਦਖ਼ਲ ਦੇਣਾ ਚਾਹੀਦਾ ਹੈ।
ਡਾਕਟਰ ਚੀਮਾ ਨੇ ਕਿਹਾ ਕਿ ਬਹੁਤ ਸਾਰੇ ਸਿਹਤ ਕਾਮਿਆਂ ਕੋਲ ਵੱਖਰੀ ਰਿਹਾਇਸ਼ ਦਾ ਪ੍ਰਬੰਧ ਨਹੀਂ ਹੈ, ਇਸ ਲਈ ਉਹ ਬੱਚਿਆਂ ਅਤੇ ਬਜ਼ੁਰਗਾਂ ਸਮੇਤ ਆਪਣੇ ਪਰਿਵਾਰਾਂ ਕੋਲੋਂ ਲੋੜੀਂਦੀ ਸਮਾਜਿਕ ਦੂਰੀ ਬਣਾ ਕੇ ਨਹੀਂ ਰੱਖ ਸਕਦੇ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਸਿਹਤ ਕਾਮੇ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਆਪਣੇ ਪਰਿਵਾਰਾਂ ਤੋਂ ਵੱਖਰੇ ਰਹਿਣ ਲਈ ਤਿਆਰ ਹਨ, ਇਸ ਲਈ ਸਰਕਾਰ ਨੂੰ ਉਨ੍ਹਾਂ ਲਈ ਵੱਖਰੀ ਰਿਹਾਇਸ਼ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਾਕੀ ਸੂਬਿਆਂ ਵੱਲੋਂ ਇਸ ਸੰਬੰਧੀ ਪਹਿਲਕਦਮੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਲਈ ਅਜਿਹਾ ਕਰਨਾ ਇਸ ਲਈ ਵੀ ਵਧੇਰੇ ਮਹੱਤਵਪੂਰਨ ਹੈ, ਕਿਉਂਕਿ ਇੱਥੇ ਕੋਵਿਡ ਮੌਤਾਂ ਦੀ ਦਰ ਪੂਰੇ ਦੇਸ਼ ਨਾਲ ਵੱਧ ਹੈ।
ਡਾਕਟਰ ਚੀਮਾ ਨੇ ਕਿਹਾ ਕਿ ਅਜਿਹੀਆਂ ਰਿਪੋਰਟਾਂ ਵੀ ਆਈਆਂ ਹਨ ਕਿ ਪੀਪੀਈ ਕਿਟਾਂ ਪਾ ਕੇ ਕੰਮ ਕਰਦਿਆਂ ਸਹੀ ਹਵਾਦਾਰੀ ਅਤੇ ਏਅਰ ਕੰਡੀਸ਼ਨਿਂੰਗ ਨਾ ਹੋਣ ਕਰਕੇ ਸਿਹਤ ਕਾਮੇ ਬੇਹੋਸ਼ ਹੋ ਰਹੇ ਹਨ ਅਤੇ ਕੰਮ ਕਰਨ ਤੋਂ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਸਾਰੇ ਕੋਵਿਡ-19 ਕੇਂਦਰਾਂ ਅੰਦਰ ਸਹੀ ਹਵਾਦਾਰੀ ਅਤੇ ਢੁੱਕਵਾਂ ਤਾਪਮਾਨ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਸਰਕਾਰ ਨੂੰ ਨਰਸਾਂ ਸਮੇਤ ਸਿਹਤ ਕਾਮਿਆਂ ਦੇ ਬਕਾਏ ਵੀ ਜਾਰੀ ਕਰਨ ਲਈ ਆਖਦਿਆਂ ਇਹ ਕਿਹਾ ਕਿ ਸਰਕਾਰ ਨੂੰ ਹਰਿਆਣਾ ਦੀ ਤਰਜ਼ 'ਤੇ ਸਿਹਤ ਕਾਮਿਆਂ ਨੂੰ ਵਾਧੂ ਲਾਭ ਦੇਣੇ ਚਾਹੀਦੇ ਹਨ ਨਾ ਕਿ ਤਨਖਾਹਾਂ ਰੋਕ ਕੇ ਉਨ੍ਹਾਂ ਦਾ ਮਨੋਬਲ ਡੇਗਣਾ ਚਾਹੀਦਾ ਹੈ।