ਮੁੱਖ ਮੰਤਰੀ ਨੇ ਮੋਹਾਲੀ ਵਿਖੇ ਬਿਲਡਿੰਗ ਡਿੱਗਣ ਦੇ ਮਾਮਲੇ ''ਚ ਰਿਪੋਰਟ ਕੀਤੀ ਤਲਬ

Saturday, Feb 08, 2020 - 09:41 PM (IST)

ਜਲੰਧਰ, (ਧਵਨ)— ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐੱਸ. ਏ. ਐੱਸ. ਨਗਰ (ਮੋਹਾਲੀ) ਦੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਬਿਲਡਿੰਗ ਡਿੱਗਣ ਦੇ ਮਾਮਲੇ 'ਚ ਡੁੰਗਾਈ ਨਾਲ ਜਾਂਚ ਕਰਕੇ 7 ਦਿਨਾਂ 'ਚ ਰਿਪੋਰਟ ਦੇਣ ਲਈ ਕਿਹਾ ਹੈ। ਮੁੱਖ ਮੰਤਰੀ ਨੇ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਉਹ ਡਿੱਗੀ ਇਮਾਰਤ 'ਚ ਫਸੇ ਸਾਰੇ ਲੋਕਾਂ ਨੂੰ ਬਚਾਉਣ ਲਈ ਰਾਹਤ ਕੰਮ ਤੇਜੀ ਨਾਲ ਚਲਾਉਣ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਐੱਸ. ਏ. ਐੱਸ. ਨਗਰ ਦੇ ਡਿਪਟੀ ਕਮਿਸ਼ਨਰ ਗਿਰੀਸ ਦਿਆਲਨ ਨੂੰ ਕਿਹਾ ਗਿਆ ਹੈ ਕਿ ਉਹ ਇਮਾਰਤ 'ਚ 2 ਜਾਂ 3 ਹੋਰ ਲੋਕਾਂ ਦੇ ਫਸੇ ਹੋਣ ਦੀਆਂ ਸੰਭਾਵਨਾਵਾਂ ਨੂੰ ਵੇਖਦੇ ਹੋਏ ਜੰਗੀ ਪੱਧਰ 'ਤੇ ਰਾਹਤ ਕਾਰਜ ਚਲਾਉਣ।
ਮੁੱਖ ਮੰਤਰੀ ਨੇ ਕਿਹਾ ਕਿ ਹਾਦਸੇ 'ਚ ਜ਼ਖਮੀ ਹੋਣ ਵਾਲੇ ਲੋਕਾਂ ਦਾ ਇਲਾਜ ਸਰਕਾਰੀ ਖਰਚੇ 'ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਢਲੀ ਸੂਚਨਾ ਅਨੁਸਾਰ ਨਿਰਮਾਣ ਸਥਾਨ 'ਤੇ ਬੇਸਮੈਂਟ ਦੀ ਖੁਦਾਈ ਲਈ ਜੇ. ਸੀ. ਬੀ. ਕੰਮ ਕਰ ਰਹੀ ਸੀ। ਜਾਂਚ ਦੌਰਾਨ ਦੇਖਿਆ ਜਾਵੇਗਾ ਕਿ ਨਿਰਮਾਣ ਕੰਮ ਕਾਨੂੰਨੀ ਤੌਰ 'ਤੇ ਠੀਕ ਸੀ ਜਾਂ ਨਹੀਂ, ਭਾਵ ਇਮਾਰਤ ਸਬੰਧੀ ਨਕਸ਼ਾ ਪਾਸ ਸੀ ਜਾਂ ਨਹੀਂ।
ਮੁੱਖ ਮੰਤਰੀ ਨੇ ਕਿਹਾ ਕਿ ਐੱਨ. ਡੀ. ਆਰ. ਐੱਫ. ਦੀਆਂ ਟੀਮਾਂ ਮੌਕੇ 'ਤੇ ਕੰਮ ਕਰ ਰਹੀਆਂ ਹਨ ਅਤੇ ਐਮਰਜੈਂਸੀ ਸਹੂਲਤਾਂ ਦੁਰਘਟਨਾ ਸਥਾਨ 'ਤੇ ਮੁੱਹਈਆ ਕਰਵਾਈਆਂ ਗਈਆਂ ਹਨ। ਲੁਧਿਆਣਾ ਤੋਂ ਵੀ ਹੋਰ ਉਪਕਰਣ ਮੰਗਵਾ ਕੇ ਰਾਹਤ ਕੰਮਾਂ ਲਈ ਲਾਏ ਗਏ ਹਨ। ਫੌਜ ਦੀ ਪੱਛਮੀ ਕਮਾਨ ਨਾਲ ਵੀ ਸੰਪਰਕ ਸਾਧਿਆ ਗਿਆ ਹੈ ਅਤੇ ਉਨ੍ਹਾਂ ਨੂੰ ਵੀ ਰਾਹਤ ਕੰਮਾਂ 'ਚ ਸ਼ਾਮਲ ਕੀਤਾ ਜਾਵੇਗਾ। ਐੱਲ. ਐਂਡ ਟੀ. ਕੰਪਨੀ ਕੋਲੋਂ ਹਾਈਡ੍ਰਾ ਕਰੇਨ ਮੰਗਵਾਈ ਗਈ ਹੈ ਤਾਂ ਜੋ ਮਲਬਾ ਚੁੱਕਿਆ ਜਾ ਸਕੇ। ਐੱਨ. ਡੀ. ਆਰ. ਐੱਫ. ਦੀਆਂ ਟੀਮਾਂ ਵੀ ਆਪਣੀਆਂ ਕ੍ਰੇਨਾਂ ਨਾਲ ਕੰਮ ਵਿਚ ਲੱਗੀਆਂ ਹੋਈਆਂ ਹਨ।
 


KamalJeet Singh

Content Editor

Related News