ਸੂਬੇ ’ਚ ਉਦਯੋਗਿਕ ਵਿਕਾਸ ਨੂੰ ਬੜ੍ਹਾਵਾ ਦੇਣ ਲਈ CM ਮਾਨ 11 ਤੋਂ 18 ਸਤੰਬਰ ਤੱਕ ਕਰਨਗੇ ਜਰਮਨੀ ਦਾ ਦੌਰਾ

Saturday, Sep 10, 2022 - 05:17 AM (IST)

ਸੂਬੇ ’ਚ ਉਦਯੋਗਿਕ ਵਿਕਾਸ ਨੂੰ ਬੜ੍ਹਾਵਾ ਦੇਣ ਲਈ CM ਮਾਨ 11 ਤੋਂ 18 ਸਤੰਬਰ ਤੱਕ ਕਰਨਗੇ ਜਰਮਨੀ ਦਾ ਦੌਰਾ

ਚੰਡੀਗੜ੍ਹ : ਸੂਬੇ ਦੇ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਦੇਣ ਦੇ ਮੰਤਵ ਨਾਲ ਮੁੱਖ ਮੰਤਰੀ ਭਗਵੰਤ ਮਾਨ 11 ਤੋਂ 18 ਸਤੰਬਰ ਤੱਕ ਜਰਮਨੀ ਦੇ ਦੌਰੇ 'ਤੇ ਜਾਣਗੇ। ਇਸ ਦੌਰੇ ਦੌਰਾਨ ਮੁੱਖ ਮੰਤਰੀ ਨਵਿਆਉਣਯੋਗ ਊਰਜਾ, ਕਾਰ ਨਿਰਮਾਣ, ਫਾਰਮਾਸਿਊਟੀਕਲ, ਆਧੁਨਿਕ ਖੇਤੀ ਤਕਨੀਕਾਂ ਅਤੇ ਹੋਰ ਪ੍ਰਮੁੱਖ ਖੇਤਰਾਂ ਵਿੱਚ ਨਿਵੇਸ਼ ਤੇ ਰਣਨੀਤਕ ਸਾਂਝ ਵਧਾਉਣ ਲਈ ਵਪਾਰਕ ਵਫ਼ਦਾਂ ਅਤੇ ਪ੍ਰਮੁੱਖ ਕੰਪਨੀਆਂ ਨਾਲ ਮੁਲਾਕਾਤ ਕਰਨਗੇ। ਭਗਵੰਤ ਮਾਨ ਮਿਊਨਿਖ, ਫਰੈਂਕਫਰਟ ਅਤੇ ਬਰਲਿਨ ਵਿਖੇ ਆਪਣੇ ਠਹਿਰਾਅ ਦੌਰਾਨ ਬੀ.ਐੱਮ.ਡਬਲਿਊ., ਬੇਅ ਵਾਅ ਵਰਗੀਆਂ ਨਾਮੀ ਕੰਪਨੀਆਂ ਤੇ ਹੋਰ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਨਗੇ। ਮੁੱਖ ਮੰਤਰੀ ਦੀ ਇਸ ਅਹਿਮ ਫੇਰੀ ਨਾਲ ਸੂਬੇ ਵਿੱਚ ਵੱਡੇ ਨਿਵੇਸ਼, ਤਕਨੀਕੀ ਜਾਣਕਾਰੀ ਅਤੇ ਜਰਮਨ ਕੰਪਨੀਆਂ ਤੋਂ ਮੁਹਾਰਤ ਹਾਸਲ ਕਰਨ ਲਈ ਵੱਡਾ ਲਾਭ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਗਜਿੰਦਰ ਸਿੰਘ ਦੀ ਪੰਜਾਬ ਵਾਪਸੀ ਜਾਂ ਦੂਜੇ ਮੁਲਕ 'ਚ ਰਾਜਸੀ ਸ਼ਰਨ ਕੇਸ ਪੇਸ਼ ਕਰਨ ਵਿੱਚ ਸਿੱਖ ਸੰਸਥਾਵਾਂ ਹੋਈਆਂ ਫੇਲ੍ਹ

ਮੁੱਖ ਮੰਤਰੀ ਨੇ ਸੂਬੇ ਨੂੰ ਸਨਅਤੀ ਹੱਬ ਵਜੋਂ ਉਭਾਰਨ ਦੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਸੂਬਾ ਸਰਕਾਰ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਕਿਹਾ ਕਿ ਸੂਬੇ ਨੂੰ ਉਦਯੋਗਿਕ ਵਿਕਾਸ ਦੇ ਉੱਚੇ ਪੱਧਰ 'ਤੇ ਲਿਆਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਸੀ.ਐੱਮ. ਨੇ ਉਮੀਦ ਪ੍ਰਗਟਾਈ ਕਿ ਜਰਮਨ ਟੂਰ ਇਕ ਪਾਸੇ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਵੇਗਾ, ਦੂਜੇ ਪਾਸੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਦਿਸਹੱਦੇ ਵੀ ਖੋਲ੍ਹੇਗਾ।

ਇਹ ਵੀ ਪੜ੍ਹੋ : ਕਿਉਂ ਖਾਸ ਸੀ ਮਹਾਰਾਣੀ ਐੱਲਿਜ਼ਾਬੇਥ-II, ਜਾਣੋ ਕਿੰਨੇ ਪ੍ਰਧਾਨ ਮੰਤਰੀਆਂ ਨੇ ਉਨ੍ਹਾਂ ਦੀ ਨਿਗਰਾਨੀ ਹੇਠ ਕੀਤਾ ਸ਼ਾਸਨ

ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰ 'ਤੇ ਜਰਮਨੀ ਵਿੱਚ ਉੱਦਮੀਆਂ ਲਈ ਪੰਜਾਬ ਨੂੰ ਮੌਕਿਆਂ ਅਤੇ ਤਰੱਕੀ ਕਰਨ ਵਾਲਿਆਂ ਦੀ ਧਰਤੀ ਵਜੋਂ ਪੇਸ਼ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾਂ ਹੀ ਦੇਸ਼ ਵਿੱਚ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਹੈ ਅਤੇ ਸੂਬੇ 'ਚ ਨਵੇਂ ਨਿਵੇਸ਼ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਭਗਵੰਤ ਮਾਨ ਨੇ ਕਿਹਾ ਕਿ ਇਹ ਦੌਰਾ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਦੇਣ ਲਈ ਮੀਲ ਦਾ ਪੱਥਰ ਸਾਬਤ ਹੋਵੇਗਾ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿੱਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News