ਕਿਸਾਨਾਂ ਤੇ ਕੇਂਦਰ ਵਿਚਾਲੇ ਮੀਟਿੰਗ ਬਾਰੇ ਵੱਡੀ ਅਪਡੇਟ, CM ਮਾਨ ਤੇ ਹਰਪਾਲ ਚੀਮਾ ਵੀ ਹੋਣਗੇ ਮੀਟਿੰਗ 'ਚ ਸ਼ਾਮਲ
Thursday, Feb 15, 2024 - 08:21 PM (IST)
ਚੰਡੀਗੜ੍ਹ- ਕਿਸਾਨਾਂ ਤੇ ਕੇਂਦਰ ਵਿਚਾਲੇ ਤੀਜੇ ਗੇੜ ਦੀ ਮੀਟਿੰਗ ਕੁਝ ਹੀ ਦੇਰ 'ਚ ਸ਼ੁਰੂ ਹੋਣ ਵਾਲੀ ਹੈ। ਇਸ ਮੀਟਿੰਗ ਲਈ ਕਿਸਾਨਾਂ ਨੂੰ ਕੇਂਦਰ ਵੱਲੋਂ ਬੀਤੇ ਦਿਨ ਸੱਦਾ ਆਇਆ ਸੀ, ਜਿਸ ਨੂੰ ਕਿ ਕਿਸਾਨਾਂ ਨੇ ਸਵੀਕਾਰ ਕਰ ਕੇ ਮੀਟਿੰਗ ਲਈ ਹਾਮੀ ਭਰੀ ਸੀ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਵੀ ਇਸ ਮਸਲੇ ਦਾ ਹੱਲ ਸ਼ਾਂਤਮਈ ਢੰਗ ਨਾਲ ਕੱਢਣਾ ਚਾਹੁੰਦੇ ਹਨ ਤਾਂ ਜੋ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਝੱਲਣਾ ਪਵੇ।
ਹੁਣ ਇਸ ਮੀਟਿੰਗ ਤੋਂ ਇਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਇਸ ਮੀਟਿੰਗ 'ਚ ਕਿਸਾਨਾਂ ਦਾ ਸਾਥ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹੋਣ ਲਈ ਆ ਰਹੇ ਹਨ। ਇਸ ਤੋਂ ਪਹਿਲਾਂ 8 ਫਰਵਰੀ ਨੂੰ ਹੋਈ ਮੀਟਿੰਗ 'ਚ ਵੀ ਮੁੱਖ ਮੰਤਰੀ ਮਾਨ ਸ਼ਾਮਲ ਹੋਏ ਸਨ, ਜਿਸ 'ਚ ਕੇਂਦਰ ਸਰਕਾਰ ਵੱਲੋਂ ਕਿਸਾਨਾਂ 'ਤੇ 2021-21 ਦੌਰਾਨ ਦੇ ਕਿਸਾਨ ਅੰਦੋਲਨ ਦੌਰਾਨ ਹੋਏ ਕੇਸ ਵਾਪਸ ਲੈਣ 'ਤੇ ਸਹਿਮਤੀ ਬਣੀ ਸੀ।
ਇਸ ਦੌਰਾਨ ਕਿਸਾਨ ਆਗੂਆਂ ਨੇ ਇਹ ਵੀ ਕਿਹਾ ਸੀ ਕਿ ਉਹ ਮੀਟਿੰਗ ਲਈ ਤਦ ਹੀ ਆਉਣਗੇ ਜੇਕਰ ਹਰਿਆਣਾ ਪੁਲਸ ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲੇ ਸੁੱਟਣਾ ਬੰਦ ਕਰੇ। ਜ਼ਿਕਰਯੋਗ ਹੈ ਕਿ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ 8 ਫਰਵਰੀ ਨੂੰ ਪਹਿਲੀ ਮੀਟਿੰਗ ਹੋਈ ਸੀ, ਜਿਸ 'ਚ ਮੁੱਖ ਮੰਤਰੀ ਮਾਨ ਸ਼ਾਮਲ ਹੋਏ ਸਨ। ਉਸ ਤੋਂ ਬਾਅਦ 12 ਫਰਵਰੀ ਨੂੰ ਹੋਈ ਮੀਟਿੰਗ 'ਚ ਪੰਜਾਬ ਸਰਕਾਰ ਵੱਲੋਂ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸ਼ਾਮਲ ਹੋਏ ਸਨ।
ਇਸ ਮੁੱਦੇ ਦੀ ਤੀਜੀ ਮੀਟਿੰਗ ਅੱਜ ਚੰਡੀਗੜ੍ਹ ਦੇ ਸੈਕਟਰ 26 ਸਥਿਤ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਵਿਖੇ ਰੱਖੀ ਗਈ ਹੈ, ਜਿਸ 'ਚ ਮੁੱਖ ਮੰਤਰੀ ਮਾਨ ਤੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਵੀ ਸ਼ਾਮਲ ਹੋਣਗੇ ਤੇ ਕਿਸਾਨਾਂ ਦਾ ਪੱਖ ਰੱਖਣਗੇ। ਇਸ ਤੋਂ ਇਲਾਵਾ ਕੇਂਦਰ ਵੱਲੋਂ ਕੇਂਦਰੀ ਮੰਤਰੀ ਨਿਤਿਆਨੰਦ ਰਾਏ, ਅਰਜੁਨ ਮੁੰਡਾ ਤੇ ਪਿਯੂਸ਼ ਗੋਇਲ ਵੀ ਸ਼ਾਮਲ ਹੋਣਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e