ਬਾਦਲਾਂ ਦੇ ''ਸੁੱਖ ਵਿਲਾਸ ਹੋਟਲ'' ''ਤੇ CM ਮਾਨ ਦੇ ਹੁਣ ਤੱਕ ਦੇ ਵੱਡੇ ਖ਼ੁਲਾਸੇ, ਮੀਡੀਆ ਅੱਗੇ ਖੋਲ੍ਹੇ ਭੇਤ (ਵੀਡੀਓ)

Thursday, Feb 29, 2024 - 07:03 PM (IST)

ਬਾਦਲਾਂ ਦੇ ''ਸੁੱਖ ਵਿਲਾਸ ਹੋਟਲ'' ''ਤੇ CM ਮਾਨ ਦੇ ਹੁਣ ਤੱਕ ਦੇ ਵੱਡੇ ਖ਼ੁਲਾਸੇ, ਮੀਡੀਆ ਅੱਗੇ ਖੋਲ੍ਹੇ ਭੇਤ (ਵੀਡੀਓ)

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਅਹਿਮ ਪ੍ਰੈੱਸ ਕੀਤੀ, ਜਿਸ ਦੌਰਾਨ ਵੱਡੇ ਬਾਦਲ ਪਰਿਵਾਰ ਦੇ 'ਸੁੱਖ ਵਿਲਾਸ ਹੋਟਲ' ਨੂੰ ਲੈ ਕੇ ਖ਼ੁਲਾਸੇ ਕੀਤੇ ਗਏ। ਉਨ੍ਹਾਂ ਨੇ ਸੁੱਖ ਵਿਲਾਸ ਹੋਟਲ ਬਾਰੇ ਬੋਲਦਿਆਂ ਕਿਹਾ ਕਿ ਇੱਥੇ ਇਕ ਰਾਤ ਦਾ ਕਿਰਾਇਆ 4 ਤੋਂ 5 ਲੱਖ ਵਿਚਕਾਰ ਹੈ ਅਤੇ ਹਰ ਕਮਰੇ ਪਿੱਛੇ ਪੂਲ ਹੈ। ਅਸਲ 'ਚ ਉਸ ਦਾ ਨਾ ਸੁੱਖ ਵਿਲਾਸ ਨਹੀਂ ਸਗੋਂ ਮੈਟਰੋ ਈਕੋ ਗਰੀਨ ਰਿਜ਼ੋਰਟ ਹੈ, ਜੋ ਕਿ ਮੋਹਾਲੀ ਜ਼ਿਲ੍ਹੇ ਦੇ ਪਿੰਡ ਪੱਲਣਪੁਰ 'ਚ ਹੈ। ਇਸ ਦੀ ਸ਼ੁਰੂਆਤ ਮੈਟਰੋ ਈਕੋ ਗਰੀਨ ਰਿਜ਼ੋਰਟ ਵਜੋਂ ਕੀਤੀ ਗਈ। ਜਦੋਂ 1985-86 'ਚ ਬਾਦਲ ਪਰਿਵਾਰ ਨੇ ਪੱਲਣਪੁਰ ਪਿੰਡ 'ਚ 86 ਕਨਾਲ 16 ਮਰਲੇ ਜ਼ਮੀਨ ਖ਼ਰੀਦੀ। ਇਹ ਜੰਗਲਾਤ ਦਾ ਇਲਾਕਾ ਹੈ ਅਤੇ ਇੱਥੇ ਨਿਰਮਾਣ ਕਾਰਜ ਨਹੀਂ ਹੋ ਸਕਦੇ। ਇਸ ਤੋਂ ਬਾਅਦ ਬਾਦਲਾਂ ਨੇ ਈਕੋ ਟੂਰਿਜ਼ਮ ਪਾਲਿਸੀ ਲਿਆਂਦੀ ਅਤੇ ਉਸ ਦੇ ਅਧੀਨ ਸੋਧ ਕਰ ਲਈ ਕਿ ਇੱਥੇ ਹੋਟਲ ਬਣ ਸਕਦਾ ਹੈ।

ਇਹ ਵੀ ਪੜ੍ਹੋ : ਮਾਲਵੇ ਦੇ ਲੋਕਾਂ ਨੂੰ ਵੱਡਾ ਤੋਹਫ਼ਾ ਦੇਣ ਜਾ ਰਹੀ ਮਾਨ ਸਰਕਾਰ, ਬਜਟ 'ਚ ਹੋਵੇਗਾ ਐਲਾਨ

ਇਸ ਦੇ ਨਾਲ-ਨਾਲ ਕਾਫੀ ਹੋਰ ਸੋਧਾਂ ਵੀ ਆਪਣੇ ਫ਼ਾਇਦੇ ਲਈ ਕਰ ਲਈਆਂ। ਇੱਥੇ ਪਹਿਲਾਂ ਬਾਦਲ ਪਰਿਵਾਰ ਦਾ ਪੋਲਟਰੀ ਫਾਰਮ ਸੀ, ਜਿਸ ਨੂੰ ਬਦਲ ਕੇ ਹੋਟਲ ਬਣਾਉਣ ਦੀ ਮਨਜ਼ੂਰੀ ਮਿਲ ਗਈ ਅਤੇ ਜਿਨ੍ਹਾਂ ਕੰਪਨੀਆਂ ਨੇ ਮਨਜ਼ੂਰੀ ਦਿੱਤੀ, ਉਹ ਵੀ ਬਾਦਲਾਂ ਦੀਆਂ ਹੀ ਸਨ। ਇਸ ਤੋਂ ਬਾਅਦ ਉਨ੍ਹਾਂ ਦੀ ਆਪਣੀ ਹੀ ਕੰਪਨੀ ਨੇ ਆਪਣੀ ਕੰਪਨੀ ਨੂੰ ਜ਼ਮੀਨ ਵੇਚ ਦਿੱਤੀ ਅਤੇ ਇਸ ਤਰ੍ਹਾਂ ਬਾਦਲਾਂ ਕੋਲ 20-21 ਕਿਲੇ ਜ਼ਮੀਨ ਇਕੱਠੀ ਹੋ ਗਈ। ਮੁੱਖ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਕੰਪਨੀਆਂ ਦੇ ਜ਼ਿਆਦਾਤਰ ਸ਼ੇਅਰ ਬਾਦਲ ਪਰਿਵਾਰ ਕੋਲ ਹਨ। ਸੁਖਬੀਰ ਬਾਦਲ ਕੋਲ 1 ਲੱਖ, 83 ਹਜ਼ਾਰ, 225 ਸ਼ੇਅਰ ਹਨ। ਹਰਸਿਮਰਤ ਕੌਰ ਬਾਦਲ ਕੋਲ 81 ਹਜ਼ਾਰ, 500 ਸ਼ੇਅਰ ਹਨ, ਜਿਨ੍ਹਾਂ ਦੀ ਕੀਮਤ 100 ਰੁਪਏ ਹਨ। ਹੋਟਲ ਨੂੰ ਬਣਾਉਣ ਦੀ ਪ੍ਰਕਿਰਿਆ 27-05-2013 ਨੂੰ ਸ਼ੁਰੂ ਹੋਈ। ਇਹ ਹੋਟਲ ਇਸ ਸਮੇਂ 'ਓਬਰਾਏ ਸੁੱਖ ਵਿਲਾਸ' ਦੇ ਨਾਂ 'ਤੇ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਲਈ ਚੰਗੀ ਖ਼ਬਰ, ਸੂਬਾ ਵਾਸੀਆਂ ਨੂੰ ਸਸਤੇ ਭਾਅ 'ਤੇ ਮਿਲੇਗੀ ਰੇਤਾ ਤੇ ਬੱਜਰੀ

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਿਹੜੇ 'ਪੰਜਾਬ ਬਚਾਓ ਯਾਤਰਾ' ਕਰ ਰਹੇ ਹਨ, ਉਨ੍ਹਾਂ ਨੇ ਪੰਜਾਬ ਨੂੰ ਬਹੁਤ ਚੂਨਾ ਲਾਇਆ ਹੈ। ਬਾਦਲਾਂ ਨੇ ਈਕੋ ਟੂਰਿਜ਼ਮ ਦੀ ਜਿਹੜੀ ਪਾਲਿਸੀ ਬਣਾਈ ਸੀ, ਉਸ 'ਚ ਸਿਰਫ ਬਾਦਲਾਂ ਦਾ ਹੀ ਹੋਟਲ ਆਇਆ, ਜਦੋਂ ਕਿ ਕੋਈ ਹੋਰ ਹੋਟਲ ਨਹੀਂ ਆਇਆ। ਬਾਦਲਾਂ ਨੇ 10 ਸਾਲਾਂ ਲਈ ਸੂਬੇ ਦਾ ਜੀ. ਐੱਸ. ਟੀ. ਅਤੇ ਵੈਟ ਟੈਕਸ ਵੀ ਮੁਆਫ਼ ਕਰਵਾ ਲਿਆ ਗਿਆ, ਜੋ ਕਿ ਕੁੱਲ 85 ਕਰੋੜ, 84 ਲੱਖ, 50 ਹਜ਼ਾਰ ਬਣਦਾ ਹੈ। ਇਸ ਤੋਂ ਇਲਾਵਾ 10 ਸਾਲਾਂ ਲਈ ਬਿਜਲੀ ਡਿਊਟੀ ਵੀ ਮੁਆਫ਼ ਕਰਵਾ ਲਈ ਗਈ ਅਤੇ ਲਗਜ਼ਰੀ ਟੈਕਸ ਅਤੇ ਸਲਾਨਾ ਲਾਇਸੈਂਸ ਫ਼ੀਸ ਵੀ ਬਾਦਲਾਂ ਨੇ ਨਹੀਂ ਦਿੱਤੀ, ਜਿਸ ਦੀ ਕੀਮਤ 11 ਕਰੋੜ, 44 ਲੱਖ, 60 ਹਜ਼ਾਰ ਰੁਪਏ ਬਣਦੀ ਹੈ। ਇਹ ਕੁੱਲ 1 ਅਰਬ, 8 ਕਰੋੜ, 73 ਲੱਖ, 70 ਹਜ਼ਾਰ ਬਣਦਾ ਹੈ। ਇਹ ਸਮਾਂ 11-05-2015 ਤੋਂ 10-05-2025 ਦਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੈਂ ਕਹਿੰਦਾ ਸੀ ਕਿ ਹੋਟਲ ਨੂੰ ਜਿਹੜੀਆਂ ਇੱਟਾਂ ਲੱਗੀਆਂ ਹੋਈਆਂ ਹਨ, ਇਹ ਗਾਰੇ 'ਚ ਨਹੀਂ, ਸਗੋਂ ਲੋਕਾਂ ਦੇ ਖੂਨ 'ਚ ਲੱਗੀਆਂ ਹੋਈਆਂ ਹਨ, ਜੋ ਕਿ ਸਾਹਮਣੇ ਆ ਗਿਆ ਹੈ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਨੇ ਚਿੰਤਾ 'ਚ ਪਾਈ ਭਾਜਪਾ, ਲੋਕ ਸਭਾ ਚੋਣਾਂ ਲਈ ਪੰਜਾਬ ਦੇ ਆਗੂਆਂ ਨੂੰ ਸੌਂਪੀ ਜ਼ਿੰਮੇਵਾਰੀ

ਹੋਰ ਕਿਸੇ ਹੋਟਲ ਨੂੰ ਇਸ ਪਾਲਿਸੀ ਦਾ ਲਾਭ ਨਹੀਂ ਮਿਲਿਆ, ਸਿਰਫ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਬਾਦਲ ਪਰਿਵਾਰ ਨੇ ਇਹ ਸਭ ਕੀਤਾ। ਇਸ ਤੋਂ ਇਲਾਵਾ 4 ਕਰੋੜ, 13 ਲੱਖ ਰੁਪਏ ਵਿੱਚ ਹੋਟਲ ਵਿਚਕਾਰ ਸੜਕ ਵੀ ਬਣਾਈ ਗਈ। ਮੁੱਖ ਮੰਤਰੀ ਨੇ ਕਿਹਾ ਕਿ ਸੁੱਖ ਵਿਲਾਸ ਨਾਲ ਸਬੰਧਿਤ ਜਿਹੜੇ ਦਸਤਾਵੇਜ਼ ਨਿਕਲੇ ਹਨ। ਇਨ੍ਹਾਂ 'ਚੋਂ ਅਜੇ ਬਹੁਤ ਕੁੱਝ ਹੋਰ ਵੀ ਨਿਕਲੇਗਾ ਕਿਉਂਕਿ ਇਨ੍ਹਾਂ ਦੀ ਆਪਣੀ ਹੀ ਸਰਕਾਰ ਸੀ ਅਤੇ ਖ਼ੁਦ ਹੀ ਇਨ੍ਹਾਂ ਨੇ ਮਨਜ਼ੂਰੀਆਂ ਦੇਣੀਆਂ ਸਨ। ਜੰਗਲਾਤ ਵਿਭਾਗ ਨਾਲ ਜੁੜੀਆਂ ਜਿੰਨੀਆਂ ਵੀ ਗਾਈਡਲਾਈਨਜ਼ ਹਨ, ਬਾਦਲ ਪਰਿਵਾਰ ਨੇ ਸਭ ਆਪਣੇ ਹੱਕ 'ਚ ਕਰਵਾ ਲਈਆਂ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਸਭ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਏ. ਜੀ. ਨੂੰ ਇਹ ਸਭ ਦਿਖਾਇਆ ਹੋਇਆ ਹੈ ਅਤੇ ਆਉਣ ਵਾਲੇ ਦਿਨਾਂ 'ਚ ਇਸ ਸਭ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਅਜੇ ਹੋਰ ਬਹੁਤ ਕੁੱਝ ਪਿਆ ਹੈ, ਜਿਨ੍ਹਾਂ ਦਾ ਖ਼ੁਲਾਸਾ ਅਸੀਂ ਹੌਲੀ-ਹੌਲੀ ਕਰਾਂਗੇ। ਬਾਦਲ ਪਰਿਵਾਰ 2007 ਤੋਂ 2017 ਤੱਕ ਸੱਤਾ 'ਚ ਰਿਹਾ ਹੈ ਅਤੇ ਇਹ ਸਭ ਕੁੱਝ ਉਸ ਵੇਲੇ ਹੀ ਬਣਿਆ ਹੈ ਅਤੇ ਅੱਜ ਉਹ 'ਪੰਜਾਬ ਬਚਾਓ ਯਾਤਰਾ' ਕੱਢਦੇ ਫਿਰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਲੋਕਾਂ ਦੇ ਪੈਸਿਆਂ ਨਾਲ ਬਹੁਤ ਸਾਰੀਆਂ ਨਾਮੀ ਅਤੇ ਬੇਨਾਮੀ ਜਾਇਦਾਦਾਂ ਬਣਾਈਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਜੇਕਰ ਵਿਧਾਨ ਸਭਾ 'ਚ ਬਿੱਲ ਲਿਆਉਣਾ ਪਿਆ ਤਾਂ ਉੱਥੇ ਲਿਆਵਾਂਗੇ। ਜੇਕਰ ਕੈਬਨਿਟ ਮੀਟਿੰਗ 'ਚ ਫੈ਼ਸਲਾ ਲੈਣਾ ਪਿਆ ਤਾਂ ਉੱਥੇ ਲਵਾਂਗੇ। ਜੋ ਵੀ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਪਈ, ਅਸੀਂ ਕਰਾਂਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 
 


 


author

Babita

Content Editor

Related News