ਕੇਜਰੀਵਾਲ ਦੀ ਗ੍ਰਿਫ਼ਤਾਰੀ 'ਤੇ ਦਿੱਲੀ ਪੁੱਜੇ CM ਮਾਨ ਦਾ ਵੱਡਾ ਬਿਆਨ, ਭਾਜਪਾ ਨੂੰ ਲੈ ਲਿਆ ਨਿਸ਼ਾਨੇ 'ਤੇ (ਵੀਡੀਓ)

Friday, Mar 22, 2024 - 03:48 PM (IST)

ਕੇਜਰੀਵਾਲ ਦੀ ਗ੍ਰਿਫ਼ਤਾਰੀ 'ਤੇ ਦਿੱਲੀ ਪੁੱਜੇ CM ਮਾਨ ਦਾ ਵੱਡਾ ਬਿਆਨ, ਭਾਜਪਾ ਨੂੰ ਲੈ ਲਿਆ ਨਿਸ਼ਾਨੇ 'ਤੇ (ਵੀਡੀਓ)

ਨਵੀਂ ਦਿੱਲੀ/ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਲੀਡਰ ਭਾਜਪਾ ਖ਼ਿਲਾਫ਼ ਬੋਲਦਾ ਹੈ ਤਾਂ ਉਸ ਦੇ ਘਰ ਈ. ਡੀ. ਆਉਂਦੀ ਹੈ ਅਤੇ ਇੰਝ ਹੀ ਉਸ ਆਗੂ ਦੀ ਗ੍ਰਿਫ਼ਤਾਰੀ ਕੀਤੀ ਜਾਂਦੀ ਹੈ, ਜਿਵੇਂ ਕੇਜਰੀਵਾਲ ਜੀ ਦੀ ਹੋਈ ਹੈ। ਉਨ੍ਹਾਂ ਕਿਹਾ ਕਿ ਜਿੱਥੇ ਭਾਜਪਾ ਦੀ ਸਰਕਾਰ ਨਹੀਂ ਹੈ, ਉੱਥੇ ਗਵਰਨਰ ਰਾਹੀਂ ਸਰਕਾਰ ਨੂੰ ਤੰਗ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ 'ਚੋਂ ਮੈਂ ਵੀ ਤੰਗ ਹਾਂ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕੇਜਰੀਵਾਲ ਜਦੋਂ ਵੀ ਦਿੱਲੀ 'ਚ ਕੋਈ ਕੰਮ ਕਰਦੇ ਹਨ ਤਾਂ ਗਵਰਨਰ ਉਸ 'ਚ ਆਪਣਾ ਪੰਗਾ ਪਾਉਂਦਾ ਹੈ ਅਤੇ ਪੰਜਾਬ 'ਚ ਵੀ ਕੇਂਦਰ ਸਰਕਾਰ ਅਜਿਹਾ ਹੀ ਕਰ ਰਹੀ ਹੈ ਅਤੇ ਸੂਬੇ ਦਾ ਕਰੋੜਾਂ ਰੁਪਿਆ ਕੇਂਦਰ ਨੇ ਰੋਕ ਰੱਖਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦਿੱਲੀ 'ਚ ਹਸਪਤਾਲ ਬਣਾਉਣ ਵਾਲੇ ਅਤੇ ਪੂਰੇ ਦੇਸ਼ 'ਚ ਸਿਹਤ ਕ੍ਰਾਂਤੀ ਲਿਆਉਣ ਵਾਲੇ ਨੂੰ ਈ. ਡੀ. ਨੇ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਕੇਜਰੀਵਾਲ ਦੀ ਗ੍ਰਿਫ਼ਤਾਰੀ ਮਗਰੋਂ ਹਰਜੋਤ ਬੈਂਸ ਦਾ ਵੱਡਾ ਬਿਆਨ, 'ਅਗਲਾ ਸ਼ਿਕਾਰ ਅਸੀਂ ਜਾਂ ਸਾਡੇ ਸਾਥੀ' (ਵੀਡੀਓ)

ਮੈਨੂੰ ਸਮਝ ਨਹੀਂ ਆਉਂਦੀ ਕਿ ਦੇਸ਼ 'ਚ ਲੋਕਤੰਤਰ ਕਿੱਥੇ ਹਨ। ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ, ਨਾਮ ਦੀ ਰਾਜਨੀਤੀ ਨਹੀਂ ਕਰਦੇ। ਮੁੱਖ ਮੰਤਰੀ ਨੇ ਕੇਂਦਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ 26 ਜਨਵਰੀ 'ਤੇ ਕੇਂਦਰ ਨੇ ਪੰਜਾਬ ਦੀ ਝਾਕੀ ਵੀ ਰੋਕ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਚਾਹੁੰਦੇ ਹਨ ਕਿ ਵਿਰੋਧੀ ਧਿਰ ਦਾ ਕੋਈ ਵੀ ਆਗੂ ਚੋਣਾਂ 'ਚ ਪ੍ਰਚਾਰ ਨਾ ਕਰ ਸਕੇ। ਉਨ੍ਹਾਂ ਕਿਹਾ ਕਿ ਮੈਂ ਹੁਣੇ ਕੇਜਰੀਵਾਲ ਜੀ ਦੇ ਪਰਿਵਾਰ ਨਾਲ ਮਿਲ ਕੇ ਆਇਆ ਹਾਂ ਅਤੇ ਬੱਚਿਆਂ ਦੇ ਇਮਤਿਹਾਨ ਹਨ ਪਰ ਪੁਲਸ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦੇ ਰਹੀ। ਇਸ 'ਚ ਬੱਚਿਆਂ ਦਾ ਕੀ ਕਸੂਰ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਾਲੇ ਸੁਪਰੀਮ ਕੋਰਟ, ਈ. ਡੀ. ਅਤੇ ਨੀਤੀ ਕਮਿਸ਼ਨ ਕਿਸੇ ਦੀ ਵੀ ਗੱਲ ਨਹੀਂ ਸੁਣਦੇ। ਇਹ ਬਹੁਤ ਹੀ ਨਿੰਦਣਯੋਗ ਹੈ। ਆਮ ਆਦਮੀ ਪਾਰਟੀ ਹੁਣ ਛੋਟੀ ਪਾਰਟੀ ਨਹੀਂ ਹੈ, ਇਹ 10 ਸਾਲਾਂ 'ਚ ਰਾਸ਼ਟਰੀ ਪਾਰਟੀ ਬਣ ਗਈ ਹੈ ਅਤੇ ਸਾਡੇ ਰਾਜ ਸਭਾ 'ਚ 10 ਮੈਂਬਰ ਹਨ। ਉਨ੍ਹਾਂ ਕਿਹਾ ਕਿ ਅੱਜ-ਕੱਲ੍ਹ ਹਾਲਾਤ ਇਹ ਹਨ ਕਿ ਵੋਟਾਂ ਕਿਤੇ ਪੈਂਦੀਆਂ ਹਨ, ਜਾਂਦੀਆਂ ਕਿਤੇ ਹੋਰ ਹਨ ਅਤੇ ਜਿੱਤਦਾ ਕੋਈ ਹੋਰ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਦਾ ਸਮਾਂ 1 ਅਪ੍ਰੈਲ ਤੋਂ ਬਦਲਿਆ, ਜਾਣੋ ਕੀ ਹੈ ਨਵੀਂ Timing

ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਕਿਹਾ ਸੀ ਕਿ ਜੇਕਰ ਇਹ (ਭਾਜਪਾ) ਆ ਗਏ ਤਾਂ ਸੰਵਿਧਾਨ ਬਦਲ ਦੇਣਗੇ ਅਤੇ ਅਸੀਂ ਆਪਣਾ ਸੰਵਿਧਾਨ ਬਚਾਉਣਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਪਾਰਟੀ ਚੱਟਾਨ ਦੀ ਤਰ੍ਹਾਂ ਕੇਜਰੀਵਾਲ ਜੀ ਨਾਲ ਖੜ੍ਹੀ ਹੈ ਕਿਉਂਕਿ ਉਹ ਇਕ ਵਿਅਕਤੀ ਨਹੀਂ, ਸਗੋਂ ਇਕ ਸੋਚ ਹਨ ਅਤੇ ਮੈਂ ਵੀ ਆਪਣਾ ਕੰਮ ਛੱਡ ਕੇ ਆਇਆ ਹਾਂ। ਪਿਛਲੇ 10 ਸਾਲਾਂ 'ਚ ਦੇਸ਼ 'ਚ ਕਰੋੜਾਂ ਕੇਜਰੀਵਾਲ ਪੈਦਾ ਹੋ ਚੁੱਕੇ ਹਨ, ਉਨ੍ਹਾਂ ਨੂੰ ਕਿੱਥੋਂ-ਕਿੱਥੋਂ ਗ੍ਰਿਫ਼ਤਾਰ ਕਰੋਗੇ। ਉਨ੍ਹਾਂ ਕਿਹਾ ਕਿ ਜਿੱਥੇ ਭਾਜਪਾ ਜਿੱਤਦੀ ਨਹੀਂ, ਉੱਥੇ ਬੰਦਿਆਂ ਨੂੰ ਖ਼ਰੀਦ ਲੈਂਦੀ ਹੈ। ਜਦੋਂ ਇਹ ਕਿਸੇ ਦੀ ਮੰਨਦੇ ਹੀ ਨਹੀਂ ਹਨ ਤਾਂ ਕਿਸ 'ਤੇ ਭਰੋਸਾ ਕਰਨਗੇ।

ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ, ਭਾਜਪਾ ਨੂੰ ਖ਼ਤਮ ਕਰਨ ਦੇ ਮੁੱਖ ਦੋਸ਼ੀ ਹਨ ਕਿਉਂਕਿ ਭਾਜਪਾ ਨੂੰ ਸਿਰਫ ਕੇਜਰੀਵਾਲ ਦਾ ਹੀ ਡਰ ਹੈ ਅਤੇ ਉਨ੍ਹਾਂ ਤੋਂ ਹੀ ਖ਼ਤਰਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸਬੰਧੀ ਉਹ ਪਾਰਟੀ ਹਾਈਕਮਾਨ ਨਾਲ ਮੀਟਿੰਗਾਂ ਕਰਨਗੇ ਅਤੇ ਜਿੱਥੇ ਵੀ ਲੋੜ ਪਈ, ਉਹ ਜਾਣਗੇ। ਉਨ੍ਹਾਂ ਦਾ ਪਰਿਵਾਰ ਹੌਂਸਲੇ 'ਚ ਹੈ ਕਿਉਂਕਿ ਉਨ੍ਹਾਂ ਦੀ ਪਤਨੀ ਨੇ ਪਹਿਲੀ ਵਾਰ ਅਜਿਹਾ ਨਹੀਂ ਦੇਖਿਆ ਹੈ, ਸਗੋਂ ਜਦੋਂ ਰਾਮ ਲੀਲਾ ਗਰਾਊਂਡ 'ਚੋਂ ਪਾਰਟੀ ਨਿਕਲੀ ਸੀ ਤਾਂ ਕੇਜਰੀਵਾਲ ਜੀ ਪਹਿਲਾਂ ਵੀ ਜੇਲ੍ਹ ਜਾਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸੋਚ ਹੈ ਕਿ ਸਾਡੀ ਪਾਰਟੀ ਨੂੰ ਪ੍ਰਚਾਰ ਕਰਨ ਤੋਂ ਰੋਕ ਲੈਣਗੇ ਪਰ ਇਹ ਪ੍ਰਚਾਰ ਤਾਂ ਦੁੱਗਣੇ-ਤਿੱਗਣੇ ਜੋਸ਼ ਨਾਲ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਟੁਕੜੇ-ਟੁਕੜੇ ਗੈਂਗ ਹਨ, ਜੋ ਦੇਸ਼ ਨੂੰ ਤੋੜਨ 'ਚ ਲੱਗੀ ਹੋਈ ਹੈ ਅਤੇ ਅਸੀਂ ਇਸ ਬਾਰੇ ਚੋਣ ਕਮਿਸ਼ਨ ਨੂੰ ਵੀ ਲਿਖਾਂਗੇ ਅਤੇ ਕੇਜਰੀਵਾਲ ਜੀ ਵੱਡੇ ਨੇਤਾ ਵਜੋਂ ਉੱਭਰ ਕੇ ਸਾਹਮਣੇ ਆਉਣਗੇ। 

ਜਾਣੋ ਪੂਰਾ ਮਾਮਲਾ
ਜ਼ਿਕਰਯੋਗ ਹੈ ਕਿ ਬੀਤੀ ਦੇਰ ਰਾਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਈ. ਡੀ. ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਉਸ ਸਮੇਂ ਉਨ੍ਹਾਂ ਦੇ ਘਰ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਸੀ ਅਤੇ ਉਨ੍ਹਾਂ ਦੇ ਫ਼ੋਨ ਤੱਕ ਜ਼ਬਤ ਕਰ ਲਏ ਗਏ ਸਨ। ਇਸ ਤੋਂ ਬਾਅਦ ਕਰੀਬ 2 ਘੰਟੇ ਜਾਂਚ-ਪੜਤਾਲ ਕਰਨ ਤੋਂ ਬਾਅਦ ਈ. ਡੀ. ਨੇ ਸ਼ਰਾਬ ਘਪਲੇ ਅਤੇ ਮਨੀ ਲਾਂਡਰਿੰਗ ਦੇ ਮਾਮਲੇ 'ਚ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਸੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News