CM ਮਾਨ ਦੇ ਧਿਆਨ ''ਚ ਲਿਆਂਦਾ ਜਾਵੇਗਾ ਸ਼ਹਿਰ ਦੀ ਬੁਰੀ ਹਾਲਤ ਦਾ ਮੁੱਦਾ, ਜਾਰੀ ਹੋ ਸਕਦੇ ਹਨ ਦਿਸ਼ਾ-ਨਿਰਦੇਸ਼

06/17/2024 12:58:59 AM

ਜਲੰਧਰ (ਖੁਰਾਣਾ)– ਸਾਬਕਾ ਸਾਂਸਦ ਚੌਧਰੀ ਸੰਤੋਖ ਸਿੰਘ ਦੀ ਅਚਾਨਕ ਮੌਤ ਤੋਂ ਬਾਅਦ ਪਿਛਲੇ ਸਾਲ ਜਲੰਧਰ ’ਚ ਲੋਕ ਸਭਾ ਦੀਆਂ ਉਪ ਚੋਣਾਂ ਹੋਈਆਂ ਸਨ। ਉਦੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਰਾਜ ਸੀ ਅਤੇ ‘ਆਪ’ ਨੇ ਇਸ ਉਪ ਚੋਣ ਨੂੰ ਜਿੱਤਣ ਲਈ ਅੱਡੀ ਚੋਟੀ ਦਾ ਜੋਰ ਲਾ ਦਿੱਤਾ ਸੀ।

ਉਨ੍ਹੀਂ ਦਿਨੀਂ ਵੀ ਜਲੰਧਰ ਨਿਗਮ ਦੀ ਕਾਰਜਸ਼ੈਲੀ ਕਾਰਨ ਸ਼ਹਿਰ ਦਾ ਬੁਰਾ ਹਾਲ ਸੀ। ਹਰ ਪਾਸੇ ਸੜਕਾਂ ਟੁੱਟੀਆਂ ਹੋਈਆਂ ਸਨ ਅਤੇ ਕੂੜੇ-ਕਰਕਟ ਦੀ ਸਮੱਸਿਆ ਨੇ ਲੋਕਾਂ ਨੂੰ ਪ੍ਰੇਸ਼ਾਨ ਕਰ ਰੱਖਿਆ ਸੀ। ਨਿਗਮ ’ਚ ਲੋਕਾਂ ਦੀ ਸੁਣਵਾਈ ਬਿਲਕੁਲ ਹੀ ਬੰਦ ਹੋ ਗਈ ਸੀ। ਅਜਿਹੇ ’ਚ ਉਪ ਚੋਣਾਂ ਦੇ ਸਿਲਸਿਲੇ ’ਚ ਕਈ ਵਾਰ ਜਲੰਧਰ ਆਏ ਮੁੱਖ ਮੰਤਰੀ ਭਗਵੰਤ ਮਾਨ ਨੇ ਮੌਜੂਦਾ ਨਿਗਮ ਅਧਿਕਾਰੀਆਂ ਨੂੰ ਸਫਾਈ ਮੁਹਿੰਮ ਚਲਾਉਣ ਦੇ ਹੁਕਮ ਦਿੱਤੇ ਸਨ ਅਤੇ ਸ਼ਹਿਰ ਦੀ ਹਾਲਤ ਨੂੰ ਸੁਧਾਰਨ ਲਈ 50 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਸੀ।

ਹੁਣ ਸ਼ੀਤਲ ਅੰਗੁਰਾਲ ਦੇ ਅਸਤੀਫੇ ਤੋਂ ਬਾਅਦ ਜਲੰਧਰ ਵੈਸਟ ਵਿਧਾਨ ਸਭਾ ਦੀਆਂ ਉਪ ਚੋਣਾਂ ਹੋਣ ਜਾ ਰਹੀਆਂ ਹਨ। ਨਗਰ ਨਿਗਮ 50 ਕਰੋੜ ਰੁਪਏ ਦੀ ਗ੍ਰਾਂਟ ਨੂੰ ਵੀ ਖਰਚ ਕਰ ਚੁੱਕਾ ਹੈ। ਦੋਸ਼ ਲੱਗ ਰਹੇ ਹਨ ਕਿ ਨਗਰ ਨਿਗਮ ਦੇ 50 ਕਰੋੜ ਦੀ ਗ੍ਰਾਂਟ ਉਨ੍ਹਾਂ ਕੰਮਾਂ ’ਤੇ ਖਰਚ ਕਰ ਦਿੱਤੀ ਸੀ ਜਿਨ੍ਹਾਂ ਦੀ ਕੋਈ ਵੱਧ ਲੋੜ ਨਹੀਂ ਸੀ। ਇਸੇ ਕਾਰਨ ਅੱਜ ਵੀ ਸ਼ਹਿਰ ਦੀ ਤਮਾਮ ਸੜਕਾਂ ਟੁੱਟੀਆਂ ਹੋਈਆਂ ਹਨ। ਨਗਰ ਨਿਗਮ ਭਿਆਨਕ ਵਿੱਤੀ ਸੰਕਟ ’ਚੋਂ ਗੁਜਰ ਰਿਹਾ ਹੈ ਅਤੇ ਇਨ੍ਹਾਂ ਕੋਲ ਆਪਣੇ ਸਟਾਫ ਨੂੰ ਦੇਣ ਲਈ ਪੈਸੇ ਤਕ ਨਹੀਂ ਹੈ।

ਇਹ ਵੀ ਪੜ੍ਹੋ- ਫਗਵਾੜਾ 'ਚ ਸਰਗਰਮ ਹੋਇਆ 'ਕਾਲਾ ਕੱਛਾ' ਗਿਰੋਹ, ਇਨਾਮੀ ਐਲਾਨ ਦੇ ਬਾਵਜੂਦ ਪੁਲਸ ਦੇ ਹੱਥ ਖ਼ਾਲੀ !

ਸ਼ਹਿਰ ’ਚ ਕੂੜੇ-ਕਰਕਟ ਦੀ ਸਮੱਸਿਆ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ। ਅੰਦਰੂਨੀ ਵਾਰਡਾਂ ’ਚ ਸਾਫ-ਸਫਾਈ ਵਿਵਸਥਾ ਦਾ ਬੁਰਾ ਹਾਲ ਹੈ। ਮੇਨ ਸੜਕਾਂ ’ਤੇ ਸਾਰਾ ਦਿਨ ਕੂੜੇ ਦੇ ਢੇਰ ਲੱਗੇ ਰਹਿੰਦੇ ਹਨ।ਸਾਲਿਡ ਵੇਸਟ ਮੈਨੇਜਮੈਂਟ ਦੇ ਪਲਾਨ ਤਾਂ ਬਣਾਏ ਗਏ ਹਨ ਪਰ ਕਿੰਨੇ ਸਫਲ ਹੋ ਪਾਉਂਦੇ ਹਨ ਇਹ ਬਾਅਦ ’ਚ ਹੀ ਪਤਾ ਲੱਗੇਗਾ। ਕੁਝ ਮਹੀਨੇ ਪਹਿਲੇ ਐੱਨ.ਜੀ.ਟੀ. ਦੇ ਹੁਕਮਾਂ ’ਤੇ ਨਿਗਮ ਨੇ ਚੌਗਿੱਟੀ ਡੰਪ ਖ਼ਤਮ ਤਾਂ ਕਰ ਦਿੱਤਾ ਪਰ ਇਸ ਦੇ ਆਲੇ-ਦੁਆਲੇ ਦੇ 10-15 ਵਾਰਡਾਂ ਦਾ ਸਾਰਾ ਸਿਸਟਮ ਗੜਬੜਾ ਗਿਆ ਹੈ ਅਤੇ ਉਥੇ ਕਈ ਦਿਨਾਂ ਤੋਂ ਘਰ-ਘਰ ਤੋਂ ਕੂੜੇ ਦੀ ਲਿਫਟਿੰਗ ਨਹੀਂ ਹੋ ਰਹੀ ਹੈ। ਚੌਗਿਟੀ ਡੰਪ ਦਾ ਕੂੜ ਜਿਹੜੇ ਦੂਜੇ ਡੰਪ ਥਾਵਾਂ ਵੱਲ ਸ਼ਿਫਟ ਕੀਤਾ ਗਿਆ ਸੀ ਉਥੇ ਵੀ ਹੁਣ ਲਿਫਟਿੰਗ ਦੀ ਸਮੱਸਿਆ ਆਉਣ ਲੱਗੀ ਹੈ ਤੇ ਇਸ ਦੌਰਾਨ ਕਈ ਨਾਜਾਇਜ਼ ਡੰਪ ਪੈਦਾ ਹੋ ਚੁੱਕੇ ਹਨ।

ਮੰਨਿਆ ਜਾ ਰਿਹਾ ਹੈ ਕਿ ਉਪ ਚੋਣਾਂ ਦੇ ਸਿਲਸਿਲੇ ਜਦੋਂਕਿ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਨੂੰ ਆਪਣਾ ਘਰ ਬਣਾ ਚੁੱਕੇ ਹਨ ਹੁਣ ਉਨ੍ਹਾਂ ਦੇ ਧਿਆਨ ’ਚ ਸ਼ਹਿਰ ਦੀ ਬੁਰੀ ਹਾਲਤ ਦਾ ਮੁੱਦਾ ਉਠਾਇਆ ਜਾਵੇਗਾ। ਅਜਿਹੇ ’ਚ ਮੁੱਖ ਮੰਤਰੀ ਜਲਦੀ ਹੀ ਲੋਕਲ ਬਾਡੀਜ਼ ਅਤੇ ਜਲੰਧਰ ਨਿਗਮ ਦੇ ਅਧਿਕਾਰੀਆਂ ਦੀ ਬੈਠਕ ਬੁਲਾ ਸਕਦੇ ਹਨ ਜਿਸ ਦੌਰਾਨ ਅਧਿਕਾਰੀਆਂ ਨੂੰ ਸਾਰੇ ਦਿਸ਼ਾ-ਨਿਰਦੇਸ਼ ਦਿੱਤੇ ਜਾਣਗੇ। ਉਂਝ ਲੋਕਲ ਬਾਡੀਜ਼ ਮੰਤਰੀ ਬਲਕਾਰ ਸਿੰਘ ਵੀ ਆਪਣੇ ਪੱਧਰ ’ਤੇ ਕੋਸ਼ਿਸ਼ ਕਰ ਰਹੇ ਹਨ ਕਿ ਜਲੰਧਰ ਨਿਗਮ ਦੀ ਵਰਕਿੰਗ ’ਚ ਸੁਧਾਰ ਹੋਵੇ ਅਤੇ ਉਨ੍ਹਾਂ ਨੇ ਹੁਣ ਨਿਗਮ ਸਟਾਫ ਦੀਆਂ ਬੈਠਕਾਂ ਬੁਲਾਉਣੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ।

ਇਹ ਵੀ ਪੜ੍ਹੋ- ਸ਼੍ਰੋਮਣੀ ਅਕਾਲੀ ਦਲ 'ਚ ਛਿੜੀ ਚਰਚਾ, ਸੁਖਬੀਰ ਬਾਦਲ ਦੇ ਹੱਥ ਹੀ ਰਹੇਗੀ ਪਾਰਟੀ ਦੀ ਕਮਾਨ !

ਵੈਸਟ ਖੇਤਰ ਵੱਲ ਨਿਗਮ ਦਾ ਬਿਲਕੁਲ ਵੀ ਧਿਆਨ ਨਹੀਂ
ਕੁਝ ਮਹੀਨੇ ਪਹਿਲੇ ਮੌਜੂਦਾ ਨਿਗਮ ਕਮਿਸ਼ਨਰ ਨੇ ਚਾਰ ਜ਼ੋਨਲ ਕਮਿਸ਼ਨ ਲਗਾ ਕੇ ਹਰ ਵਿਧਾਨ ਖੇਤਰ ਨੂੰ ਉਚਿਤ ਅਗਵਾਈ ਦਿੱਤੀ ਸੀ ਪਰ ਹੁਣ ਇਹ ਜ਼ੋਨਲ ਸਿਸਟਮ ਲਗਭਗ ਬੰਦ ਹੋ ਚੁੱਕਾ ਹੈ। ਨਗਰ ਨਿਗਮ ਵੈਸਟ ਵਿਧਾਨ ਸਭਾ ਖੇਤਰ ਵੱਲ ਬਿਲਕੁਲ ਹੀ ਧਿਆਨ ਨਹੀਂ ਦੇ ਰਿਹਾ। ਨਿਗਮ ਚੋਣਾਂ ਨਾਲ ਸਬੰਧਤ ਵਧੇਰੇ ਇੱਛੁਕ ਨੇਤਾ ਵੀ ਵੈਸਟ ਖੇਤਰਾਂ ਤੋਂ ਹੀ ਆਉਂਦੇ ਹਨ ਇਸ ਦੇ ਬਾਵਜੂਦ ਨਿਗਮ ਦਾ ਕੰਮ ਉਸ ਖੇਤਰ ’ਚ ਤਸੱਲੀਬਖਸ਼ ਨਹੀਂ ਹੈ।

ਹੱਲ ਨਹੀਂ ਹੋ ਰਹੀ ਬਸਤੀ ਇਲਾਕੇ ਦੇ ਸੀਵਰੇਜ ਦੀ ਸਮੱਸਿਆ
ਬਸਤੀ ਦਾਨਿਸ਼ਮੰਦਾਂ ਤੇ ਹੋਰ ਬਸਤੀਆਂ ’ਚ ਪਿਛਲੇ ਕਈ ਸਾਲਾਂ ਤੋਂ ਸੀਵਰੇਜ ਜਾਮ ਦੀ ਸਮੱਸਿਆ ਬਣੀ ਹੋਈ ਹੈ। ਸ਼ਿਕਾਇਤ ਦਰਜ ਕਰਵਾਉਣ ਦੇ ਕਈ ਦਿਨਾਂ ਬਾਅਦ ਨਿਗਮ ਕਰਮਚਾਰੀ ਆ ਕੇ ਆਰਜ਼ੀ ਤੌਰ ’ਤੇ ਸਮੱਸਿਆ ਦਾ ਹੱਲ ਕਰ ਦਿੰਦੇ ਹਨ ਪਰ ਇਹ ਸਮੱਸਿਆ ਸਥਾਈ ਤੌਰ ’ਤੇ ਦੂਰ ਨਹੀਂ ਹੋ ਰਹੀ। ਅੱਜ ਵੀ ਲਸੂੜੀ ਮੁਹੱਲੇ ਆਦਿ ਦੀਆਂ ਗਲੀਆਂ ’ਚ ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਹੈ ਤੇ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਸਮਾਰਟ ਰੋਡ ਦਾ ਜ਼ਿਆਦਾਤਰ ਹਿੱਸਾ ਵੈਸਟ ਖੇਤਰ ’ਚ ਹੈ ਪਰ ਇੱਥੇ ਵੀ ਗੰਦਗੀ ਦੇ ਢੇਰ ਲੱਗੇ ਹੋਏ ਹਨ। ਕਮਿਸ਼ਨਰ ਨੇ ਇਕ ਮਹੀਨਾ ਪਹਿਲਾਂ ਸੜਕਾਂ ਤੇ ਗਲੀਆਂ ਦੀ ਸਫ਼ਾਈ ਕਰਨ ਦੇ ਨਿਰਦੇਸ਼ ਦਿੱਤੇ ਸਨ ਪਰ ਫਿਰ ਵੀ ਕਮਿਸ਼ਨਰ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- SYL ’ਚ ਮਿਲ ਰਿਹਾ ਸੀਵਰੇਜ ਦਾ ਪਾਣੀ, ਨੇੜਲੇ ਪਿੰਡਾਂ ਦੇ ਲੋਕਾਂ ਲਈ ਵੱਜੀ ਖ਼ਤਰੇ ਦੀ ਘੰਟੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News