ਲੋਕਾਂ ਦਾ ਇੰਨਾ ਪਿਆਰ ਕਿ ਡੇਢ-ਡੇਢ ਕੁਇੰਟਲ ਫੁੱਲ ਤਾਂ ਮੇਰੀ ਗੱਡੀ ''ਚ ਸੁੱਟ ਦਿੰਦੇ ਨੇ : CM ਮਾਨ (ਵੀਡੀਓ)
Sunday, May 26, 2024 - 06:31 PM (IST)
ਖਡੂਰ ਸਾਹਿਬ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹਰ ਸਿਆਸੀ ਪਾਰਟੀ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ 'ਚ ਲੱਗੀ ਹੋਈ ਹੈ। ਇਸ ਦੇ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਅੱਜ ਖਡੂਰ ਸਾਹਿਬ ਵਿਖੇ ਪੁੱਜੇ। ਇੱਥੇ ਲੋਕ ਮਿਲਣੀ ਦੌਰਾਨ ਮੁੱਖ ਮੰਤਰੀ ਮਾਨ ਨੇ ਵਿਰੋਧੀਆਂ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਜਿੰਨੀ ਦੇਰ ਅਸੀਂ ਅਕਾਲੀ, ਕਾਂਗਰਸੀ ਅਤੇ ਭਾਜਪਾ ਵਾਲਿਆਂ ਦੀ ਜੜ੍ਹ ਨਹੀਂ ਪੁੱਟਦੇ, ਅਸੀਂ ਓਨੀ ਦੇਰ ਨਹੀਂ ਥੱਕਦੇ। ਇਨ੍ਹਾਂ ਨੇ ਸਾਡੀਆਂ 3 ਪੀੜ੍ਹੀਆਂ ਬਰਬਾਦ ਕਰ ਦਿੱਤੀਆਂ ਹਨ। ਇਨ੍ਹਾਂ ਨੇ ਆਪਣੇ ਮਹਿਲ ਪਾ ਲਏ, ਹੋਟਲ ਪਾ ਲਏ, ਬੱਸਾਂ ਪਾ ਲਈਆਂ, ਇਨ੍ਹਾਂ ਨੇ ਲੋਕਾਂ ਦੇ ਖ਼ੂਨ ਨਾਲ ਬਹੁਤ ਕੁੱਝ ਬਣਾ ਲਿਆ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ CM ਮਾਨ ਦੇ ਅੱਜ 5 ਪ੍ਰੋਗਰਾਮ, ਜਾਣੋ ਪੂਰਾ ਸ਼ਡਿਊਲ (ਵੀਡੀਓ)
ਮੁੱਖ ਮੰਤਰੀ ਨੇ ਕਿਹਾ ਕਿ ਇਹ 3 ਪੀੜ੍ਹੀਆਂ ਖਾ ਗਏ ਅਤੇ ਹੁਣ ਸਾਨੂੰ ਮਲੰਗ ਦੱਸਦੇ ਹਨ ਪਰ ਮਲੰਗ ਹੀ ਇਸ ਵਾਰੀ ਮੰਜੀ ਠੋਕਣਗੇ। ਮੁੱਖ ਮੰਤਰੀ ਨੇ ਕਿਹਾ ਕਿ ਇਹ ਆਪ ਰਜਵਾੜੇ ਬਣ ਗਏ ਅਤੇ ਨਹਿਰਾਂ ਇਨ੍ਹਾਂ ਦੇ ਖ਼ੇਤਾਂ 'ਚ ਜਾ ਕੇ ਮੁੱਕ ਜਾਂਦੀਆਂ ਹਨ ਅਤੇ ਸਾਨੂੰ ਤੁਪਕਾ ਪਾਣੀ ਦਾ ਨਹੀਂ ਮਿਲਦਾ। ਜਿਹੜੇ ਹੁਣ ਬੋਲਦੇ ਹਾਂ, ਜਦੋਂ 1 ਨਵੰਬਰ ਨੂੰ ਲੁਧਿਆਣਾ ਡਿਬੇਟ ਰੱਖੀ ਸੀ, ਉਦੋਂ ਕਿਉਂ ਨਹੀਂ ਆਏ। ਇਸ ਲਈ ਇਨ੍ਹਾਂ 'ਤੇ ਯਕੀਨ ਨਾ ਕਰਿਓ। ਉਨ੍ਹਾਂ ਕਿਹਾ ਕਿ ਲੋਕ ਡੇਢ-ਡੇਢ ਕੁਇੰਟਲ ਤਾਂ ਫੁੱਲ ਮੇਰੀ ਗੱਡੀ 'ਚ ਸੁੱਟ ਦਿੰਦੇ ਹਨ। ਪੈਟਰੋਲ ਪੰਪ 'ਤੇ ਗੱਡੀ ਰੋਕ ਕੇ ਫੁੱਲ ਕੱਢ ਕੇ ਬੈਠਣ ਨੂੰ ਜਗ੍ਹਾ ਬਣਾਉਣੀ ਪੈਂਦੀ ਹੈ। ਇਹ ਪਿਆਰ ਹੈ, ਜਿਹਦਾ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ, ਜਿਸ ਨੂੰ ਕੋਈ ਨਾਪ ਨਹੀਂ ਸਕਦਾ, ਕੋਈ ਤੋਲ ਨਹੀਂ ਸਕਦਾ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ : ਪੰਜਾਬ ’ਚ ਵਿਧਾਨ ਸਭਾ ਚੋਣਾਂ ਹਾਰਨ ਵਾਲੇ ਨੇਤਾ ਸੰਸਦ ’ਚ ਐਂਟਰੀ ਲਈ ਲਾ ਰਹੇ ਨੇ ਜ਼ੋਰ
ਦੂਜੇ ਪਾਸੇ ਅਕਾਲੀ, ਕਾਂਗਰਸੀ, ਭਾਜਪਾ ਵਾਲਿਆਂ ਨਾਲ ਹੱਥ ਮਿਲਾ ਕੇ ਉਂਗਲੀਆਂ ਗਿਣਨੀਆਂ ਪੈਂਦੀਆਂ ਹਨ ਕਿ ਪੂਰੀਆਂ ਹਨ ਜਾਂ ਇਕ-ਅੱਧੀ ਨਾਲ ਹੀ ਲੈ ਗਏ। ਮੁੱਖ ਮੰਤਰੀ ਨੇ ਕਿਹਾ ਕਿ ਜੋ ਸਾਡੇ ਕੋਲ ਸਰਵੇ ਦੀਆਂ ਰਿਪੋਰਟਾਂ ਆਈਆਂ ਹਨ, ਇਸ ਹਲਕੇ 'ਚ 25 ਹਜ਼ਾਰ ਦੀ ਲੀਡ ਆਈ ਹੈ ਅਤੇ ਇਸ ਨੂੰ 35 ਹਜ਼ਾਰ ਦੀ ਕਰੋ। ਉਸ ਤੋਂ ਬਾਅਦ ਦਾ ਫਿਰ ਮੇਰਾ ਕੰਮ ਹੈ। ਉਨ੍ਹਾਂ ਕਿਹਾ ਕਿ ਅਸੀਂ ਗੋਇੰਦਵਾਲ ਦੀ ਇੰਡਸਟਰੀ ਦੇ ਮਸਲਿਆਂ ਦੀ ਪਾਲਿਸੀ ਬਣਾ ਲਈ ਅਤੇ ਅਸੀਂ ਥਰਮਲ ਪਲਾਂਟ ਹੀ ਖ਼ਰੀਦ ਲਿਆ। ਘਰਾਂ ਵਾਲੀ ਬਿਜਲੀ ਤਾਂ ਪਹਿਲਾਂ ਹੀ ਮੁਫ਼ਤ ਕਰ ਦਿੱਤੀ ਸੀ। ਹੁਣ ਇੰਡਸਟਰੀ ਵਾਲੀ ਬਿਜਲੀ ਸਸਤੀ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਮੈਂ ਪੰਜਾਬ ਦੇ ਨੌਜਵਾਨ ਦੇ ਧੀਆਂ-ਪੁੱਤਾਂ ਦੇ ਹੱਥੋਂ ਟੀਕੇ ਖੋਹ ਕੇ ਟਿਫ਼ਨ ਫੜ੍ਹਾਉਣਾ ਚਾਹੁੰਦਾ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਤਾਨਾਸ਼ਾਹੀ ਤੋਂ ਬਚਾਉਣਾ ਹੈ। ਪੰਜਾਬ ਨੂੰ ਮੂਹਰੇ ਆਉਣਾ ਪਵੇਗਾ। ਆਜ਼ਾਦੀ ਵੇਲੇ ਪੰਜਾਬ ਮੂਹਰੇ ਸੀ, ਹਰੀ ਕ੍ਰਾਂਤੀ ਵੇਲੇ ਪੰਜਾਬ ਮੂਹਰੇ ਸੀ, ਹੁਣ ਵੀ ਪੰਜਾਬ ਨੂੰ ਦੇਸ਼ ਬਚਾਉਣ ਵਾਸਤੇ ਅੱਗੇ ਲੱਗਣਾ ਪਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਵਾਲਿਆਂ ਨੂੰ ਤਾਂ ਪਤਾ ਹੀ ਨਹੀਂ ਲੱਗ ਰਿਹਾ ਕਿ ਕੌਣ ਕਿੱਥੇ ਅਤੇ ਕਿਸੇ ਦੇ ਖ਼ਿਲਾਫ਼ ਲੜ ਰਿਹਾ ਹੈ। ਬਠਿੰਡੇ ਵਾਲਾ ਲੁਧਿਆਣੇ ਮਾਰਿਆ ਅਤੇ ਸੰਗਰੂਰ ਵਾਲਾ ਸ੍ਰੀ ਅਨੰਦਪੁਰ ਸਾਹਿਬ ਸੁੱਟ ਦਿੱਤਾ। ਉਨ੍ਹਾਂ ਕਿਹਾ ਕਿ ਖਡੂਰ ਸਾਹਿਬ ਦੀਆਂ ਜਿੰਨੀਆਂ ਮੁਸ਼ਕਲਾਂ ਹਨ, 4 ਜੂਨ ਤੋਂ ਬਾਅਦ ਫਰੀ ਹੋ ਕੇ ਕੰਮ ਕਰਾਂਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8