CM ਮਾਨ ਨੇ ਕੇਂਦਰ ਸਰਕਾਰ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ, ਨੀਤੀ ਆਯੋਗ ਦੀ ਬੈਠਕ ਦਾ ਕੀਤਾ ਬਾਈਕਾਟ (ਵੀਡੀਓ)

Thursday, Jul 25, 2024 - 03:47 PM (IST)

ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਵਲੋਂ ਅੱਜ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਚੋਣ ਜ਼ਾਬਤਾ ਲੱਗਾ ਹੋਣ ਕਾਰਨ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਅਸੀਂ ਮੁੜ ਸ਼ੁਰੂ ਕਰਵਾ ਰਹੇ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਸਮਾਰਟ ਸਿਟੀ ਜਲੰਧਰ ਦੇ ਨਾਲ-ਨਾਲ ਹੋਰ ਸ਼ਹਿਰਾਂ ਦੇ ਬਹੁਤ ਸਾਰੇ ਕੰਮ ਰੁਕੇ ਹੋਏ ਹਨ, ਜਿਨ੍ਹਾਂ ਬਾਰੇ ਜਾਣਕਾਰੀ ਲਈ ਗਈ ਅਤੇ ਨਾਲ ਦੀ ਨਾਲ ਹੀ ਨਿਰਦੇਸ਼ ਵੀ ਜਾਰੀ ਕੀਤੇ ਗਏ। ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਸਰਕਾਰ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ 'ਚੋਂ ਚੱਲਿਆ ਕਰੇਗੀ। ਅਸੀਂ ਇਸ ਵਾਅਦੇ 'ਤੇ ਵੀ ਪੂਰੇ ਉਤਰ ਰਹੇ ਹਾਂ ਕਿਉਂਕਿ ਅਫ਼ਸਰ ਅਤੇ ਅਧਿਕਾਰੀ ਪਿੰਡਾਂ, ਕਸਬਿਆਂ 'ਚ ਜਾ ਰਹੇ ਹਨ।

ਇਹ ਵੀ ਪੜ੍ਹੋ : ਮੋਹਾਲੀ ਜ਼ਿਲ੍ਹੇ 'ਚ ਫੈਲਿਆ ਡਾਇਰੀਆ, ਹੁਣ ਤੱਕ 34 ਮਾਮਲੇ ਆਏ ਸਾਹਮਣੇ, ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਡਿਪਟੀ ਕਮਿਸ਼ਨਰਾਂ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਸਾਨੂੰ ਦੱਸਿਆ ਗਿਆ ਅਤੇ ਇਸ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ 'ਚ ਸੀ. ਐੱਮ. ਵਿੰਡੋ ਵੀ ਬਣੇਗੀ, ਜਿੱਥੇ ਦਫ਼ਤਰ ਨਾਲ ਸਬੰਧਿਤ ਅਧਿਕਾਰੀ ਬੈਠਣਗੇ ਅਤੇ ਵਿਧਾਇਕ ਵੀ ਬੈਠਣਗੇ ਤਾਂ ਜੋ ਲੋਕਾਂ ਦੇ ਕੰਮ ਕੀਤੇ ਜਾ ਸਕਣ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਆਜ਼ਾਦੀ ਦੇ ਅੰਦੋਲਨ 'ਚ ਯੋਗਦਾਨ ਲੁਕਿਆ ਨਹੀਂ ਹੈ ਅਤੇ ਪੰਜਾਬ ਸਾਰੇ ਦੇਸ਼ ਦਾ ਅੰਨਦਾਤਾ ਹੈ। ਇਸ ਲਈ ਪੰਜਾਬ ਨੂੰ ਵਿਸ਼ੇਸ਼ ਦਰਜਾ ਮਿਲਣਾ ਚਾਹੀਦਾ ਹੈ ਪਰ ਕੇਂਦਰ ਸਰਕਾਰ ਜਿਹੜੇ ਪੰਜਾਬ ਦੇ ਹੱਕ ਬਣਦੇ ਹਨ, ਉਹ ਵੀ ਨਹੀਂ ਦਿੰਦੀ। ਇਸ ਲਈ 27 ਤਾਰੀਖ਼ ਨੂੰ ਨੀਤੀ ਆਯੋਗ ਦੀ ਬੈਠਕ ਦਾ ਅਸੀਂ ਬਾਈਕਾਟ ਕਰ ਰਹੇ ਹਾਂ ਕਿਉਂਕਿ ਇਨ੍ਹਾਂ ਦੀ ਨੀਅਤ ਦਾ ਸਾਨੂੰ ਪਤਾ ਲੱਗ ਗਿਆ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਵਾਸੀਆਂ ਲਈ ਜ਼ਰੂਰੀ ਖ਼ਬਰ, ਲਗਾਤਾਰ ਫੈਲ ਰਹੀ ਇਹ ਬੀਮਾਰੀ, ਖ਼ੁਦ ਦਾ ਰੱਖੋ ਧਿਆਨ

ਉਨ੍ਹਾਂ ਕਿਹਾ ਕਿ 'ਇੰਡੀਆ' ਗਠਜੋੜ ਦੇ ਮੁੱਖ ਮੰਤਰੀ ਇਸ ਬੈਠਕ 'ਚ ਨਹੀਂ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਸਾਡਾ ਆਰ. ਡੀ. ਐੱਫ. ਦਾ 6 ਹਜ਼ਾਰ ਕਰੋੜ ਦਾ ਪੈਸਾ ਰੁਕਿਆ ਹੋਇਆ ਹੈ, ਜੀ. ਐੱਸ. ਟੀ. 'ਚ ਸਾਨੂੰ ਹਿੱਸਾ ਨਹੀਂ ਦੇ ਰਹੇ ਪਰ ਜਦੋਂ ਕਿਤੇ ਕੋਈ ਕੱਟ ਲਾਉਣ ਦੀ ਲੋੜ ਪਵੇ ਤਾਂ ਪੰਜਾਬ ਦਾ ਪੈਸਾ ਕੱਟ ਲੈਂਦੇ ਹਨ ਤਾਂ ਫਿਰ ਅਸੀਂ ਇਸ ਬੈਠਕ 'ਚ ਜਾ ਕੇ ਕੀ ਕਰਾਂਗੇ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਬਜਟ 'ਚ ਪੰਜਾਬ ਨਾਂ ਦਾ ਲਫ਼ਜ਼ ਤੱਕ ਨਹੀਂ ਬੋਲਿਆ ਗਿਆ। ਸਾਡੇ ਕਿਸਾਨਾਂ ਦੀ ਕੋਈ ਗੱਲ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ 2 ਸੂਬਿਆਂ ਲਈ ਹੀ ਸਾਰਾ ਐਲਾਨ ਕੀਤਾ ਗਿਆ ਹੈ ਅਤੇ ਮੋਦੀ ਜੀ ਨੇ ਆਪਣਾ ਭਵਿੱਖ ਬਚਾਉਣ ਲਈ ਦੇਸ਼ ਦੇ ਕਰੋੜਾਂ ਕੁੜੀਆਂ-ਮੁੰਡਿਆਂ ਦਾ ਭਵਿੱਖ ਦਾਅ 'ਤੇ ਲਾ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਸਿਰਫ ਭਾਜਪਾ ਦਾ ਬਜਟ ਬਣਾਉਂਦੀ ਹੈ, ਦੇਸ਼ ਦਾ ਬਜਟ ਨਹੀਂ ਬਣਾਉਂਦੀ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਪੰਜਾਬ 'ਚ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਹਰ ਕੋਸ਼ਿਸ਼ ਕਰ ਰਹੇ ਹਾਂ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Babita

Content Editor

Related News