‘ਜਗ ਬਾਣੀ’ ’ਤੇ CM ਮਾਨ ਦਾ ਸਭ ਤੋਂ ਪਹਿਲਾ ਇੰਟਰਵਿਊ, ਸੁਣੋ ਵਿਰੋਧੀਆਂ ’ਤੇ ਕੀ ਬੋਲੇ

06/17/2022 5:29:29 PM

ਸੰਗਰੂਰ (ਵੈੱਬ ਡੈਸਕ) : ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸੰਗਰੂਰ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਇਸ ਚੋਣ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਮੈਦਾਨ ’ਚ ਹਨ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ‘ਆਪ’ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ’ਚ ਲਗਾਤਾਰ ਰੋਡ ਸ਼ੋਅ ਕੀਤੇ ਜਾ ਰਹੇ ਹਨ। ਇਸੇ ਦਰਮਿਆਨ ਅੱਜ ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਐਕਸਕਲੂਸਿਵ ਇੰਟਰਵਿਊ ਕੀਤਾ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਓਹੀ ਫੁੱਲ ਹਨ, ਓਹੀ ਗੱਡੀ, ਓਹੀ ਪਿਆਰ ਤੇ ਇਨਕਲਾਬ ਜ਼ਿੰਦਾਬਾਦ ਦੇ ਓਹੀ ਨਾਅਰੇ ਹਨ। ਮਾਨ ਨੇ ਕਿਹਾ ਕਿ ਸੰਗਰੂਰ ਵਾਲਿਆਂ ਨੂੰ ਜਦੋਂ ਵੀ ਆਵਾਜ਼ ਮਾਰੀ ਹੈ, ਉਨ੍ਹਾਂ ਨੇ ਦੁੱਗਣਾ-ਤਿੱਗਣਾ ਪਿਆਰ ਦਿੱਤਾ ਹੈ। ਸੰਗਰੂਰ ਵਾਸੀ ਇਸ ਵਾਰ ਵੀ ਓਹੀ ਪਿਆਰ ਦੇਣਗੇ।

ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਤੇ ਗੈਂਗਸਟਰ ਕਲਚਰ ਨੂੰ ਲੈ ਕੇ ਅਕਾਲੀਆਂ ਤੇ ਕਾਂਗਰਸੀਆਂ ’ਤੇ ਜਿੰਪਾ ਦੇ ਤਿੱਖੇ ਨਿਸ਼ਾਨੇ (ਵੀਡੀਓ)

ਇਸ ਦੌਰਾਨ ਅਗਨੀਪਥ ਯੋਜਨਾ ਮਾਮਲੇ ਨੂੰ ਲੈ ਕੇ ਬੋਲਦਿਆਂ ਮਾਨ ਨੇ ਕਿਹਾ ਕਿ ਫ਼ੌਜ ਨੂੰ ਕਿਰਾਏ ’ਤੇ ਨਹੀਂ ਰੱਖਣਾ ਚਾਹੀਦਾ। ਉਨ੍ਹਾਂ ਕਿਹਾ ਕਿ ਤੁਸੀਂ ਕਹਿ ਰਹੇ ਹੋ ਕਿ 17 ਸਾਲ ਦੀ ਉਮਰ ’ਚ ਆ ਜਾਓ ਤੇ 21 ਸਾਲ ਦੀ ਉਮਰ ’ਚ ਸਾਬਕਾ ਬਣ ਜਾਓ। ਇਹ ਕਹਿ ਰਹੇ ਹਨ ਕਿ ਭਰਤੀ ਕੀਤੇ ਜਵਾਨਾਂ ’ਚੋਂ 25 ਫੀਸਦੀ ਰੱਖ ਲਵਾਂਗੇ ਤਾਂ ਬਾਕੀ ਦੇ 75 ਫੀਸਦੀ ਕੀ ਕਰਨਗੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਗ਼ਲਤ ਗੱਲ ਹੈ। ਦੇਸ਼ ਦੇ ਯੂਥ ’ਚ ਜੇ ਫ਼ੌਜ ’ਚ ਜਾਣ ਦਾ ਜਨੂੰਨ ਹੈ ਤਾਂ ਉਸ ਜਨੂੰਨ ਦੀ ਕਦਰ ਹੋਣੀ ਚਾਹੀਦੀ ਹੈ। ਸੁਖਬੀਰ ਬਾਦਲ ਦੇ ਬੰਦੀ ਸਿੰਘਾਂ ਦੀ ਰਿਹਾਈ ਲਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੂੰ ਸੰਗਰੂਰ ਲੋਕ ਸਭਾ ਚੋਣ ’ਚ ਮੌਕਾ ਦੇਣ ’ਤੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜੇ ਸੰਸਦ ਮੈਂਬਰ ਬਣ ਕੇ ਬੰਦੀ ਸਿੰਘ ਰਿਹਾਅ ਹੁੰਦੇ ਹਨ ਤਾਂ ਇਸ ਸਮੇਂ ਫਿਰੋਜ਼ਪੁਰ ਤੋਂ ਸੁਖਬੀਰ ਬਾਦਲ ਤੇ ਬਠਿੰਡਾ ਤੋਂ ਹਰਸਿਮਰਤ ਬਾਦਲ ਸੰਸਦ ਮੈਂਬਰ ਹਨ। ਉਨ੍ਹਾਂ ਦੋਵਾਂ ਨੇ ਹੁਣ ਤਕ ਕਿੰਨੇ ਬੰਦੀ ਸਿੰਘ ਛੁਡਾਏ ਹਨ। ਇਹ ਸਟੰਟ ਸਿਰਫ਼ ਵੋਟਾਂ ਲੈਣ ਲਈ ਕੀਤਾ ਜਾ ਰਿਹਾ ਹੈ।  

ਇਹ ਵੀ ਪੜ੍ਹੋ : ਫਗਵਾੜਾ ’ਚ ਲੋਕਾਂ ਨੂੰ ਮੋਬਾਇਲ ਫੋਨ ’ਤੇ ਮਿਲ ਰਹੀਆਂ ਧਮਕੀਆਂ, ਪਾਈ ਜਾ ਰਹੀ ਦਹਿਸ਼ਤ

ਉਨ੍ਹਾਂ ਕਿਹਾ ਕਿ ਦੇਸ਼ ਦੇ ਕਾਨੂੰਨ ਨੇ ਜੇ ਕਿਸੇ ਨੂੰ ਜੇਲ੍ਹ ’ਚ ਭੇਜਿਆ ਹੈ ਤਾਂ ਉਸੇ ਕਾਨੂੰਨ ’ਚ ੲਿਹ ਵੀ ਪ੍ਰਵੀਜ਼ਨ ਹੈ ਕਿ ਜਦੋਂ ਉਸ ਦੀ ਸਜ਼ਾ ਪੂਰੀ ਹੋ ਗਈ ਤਾਂ ਉਸ ਨੂੰ ਬਾਹਰ ਆਉਣਾ ਚਾਹੀਦਾ ਹੈ। ਕੇਵਲ ਸਿੰਘ ਢਿੱਲੋਂ ’ਤੇ ਬੋਲਦਿਆਂ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਅਜੇ ਤੱਕ ਆਪਣੀ ਜੈਕੇਟ ਵੀ ਨਹੀਂ ਬਦਲੀ, ਉਹ ਵੀ ਅਜੇ ਕਾਂਗਰਸ ਵਾਲੀ ਹੀ ਹੈ। ਹਾਂ, ਚੋਣ ਨਿਸ਼ਾਨ ਜ਼ਰੂਰ ਬਦਲ ਲਿਆ ਹੈ। ਪ੍ਰਤਾਪ ਬਾਜਵਾ ਤੇ ਸੁਖਬੀਰ ਬਾਦਲ ਦੇ ਬਿਆਨ ਕਿ ‘ਆਪ’ ਵਾਲੇ ਨਵੇਂ ਡਰਾਈਵਰ ਹਨ ਤੇ ਗੱਡੀ ਪਲਟਾਅ ਦੇਣਗੇ, ਉੱਤੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪ੍ਰਤਾਪ ਬਾਜਵਾ ਨੂੰ ਖ਼ੁਦ ਤਾਂ ਕਦੀ ਗੱਡੀ ਚਲਾਉਣ ਦਾ ਮੌਕਾ ਨਹੀਂ ਮਿਲਿਆ ਤੇ ਸੁੁਖਬੀਰ ਬਾਦਲ ਨੂੰ ਵੀ ਉਸ ਦੇ ਬਾਪੂ ਨੇ ਕਦੀ ਗੱਡੀ ਚਲਾਉਣ ਦਾ ਮੌਕਾ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਪਰ ਅਸੀਂ ਪਿਛਲੇ 10 ਸਾਲ ਤੋਂ ਦਿੱਲੀ ’ਚ ਸਫਲਤਾਪੂਰਵਕ ਗੱਡੀ ਚਲਾ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਭ੍ਰਿਸ਼ਟਾਚਾਰੀਆਂ ਨੂੰ ਫੜਨਾ ਤੇ ਲੋਕਾਂ ਦੇ ਕੰਮ ਸਕੂਲ ਤੇ ਹਸਪਤਾਲ ਬਣਾਉਣੇ ਵੀ ਆਉਂਦੇ ਹਨ। ਇਸ ਦੌਰਾਨ ਗੈਂਗਸਟਰ ਕਲਚਰ ਤੇ ਲਾਅ ਐਂਡ ਆਰਡਰ ਬਾਰੇ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਗੈਂਗਸਟਰ ਇਨ੍ਹਾਂ ਨੇ ਪੈਦਾ ਕੀਤੇ ਸਨ ਤੇ ਸਫ਼ਾਈ ਅਸੀਂ ਕਰਾਂਗੇ। ਜ਼ਿਕਰਯੋਗ ਹੈ ਕਿ 23 ਜੂਨ ਨੂੰ ਸੰਗਰੂਰ ਜ਼ਿਮਨੀ ਚੋਣ ਲਈ ਵੋਟਾਂ ਪੈਣਗੀਆਂ ਤੇ 26 ਤਾਰੀਖ਼ ਨੂੰ ਨਤੀਜੇ ਦਾ ਐਲਾਨ ਹੋਵੇਗਾ। 


Manoj

Content Editor

Related News