CM ਮਾਨ ਦੀ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਨੂੰ ਮਿਲੀ ਸਫ਼ਲਤਾ, ਹੁਣ ਤੱਕ 210 ਤੋਂ ਵੱਧ ਗ੍ਰਿਫ਼ਤਾਰੀਆਂ
Monday, Aug 22, 2022 - 03:02 PM (IST)
ਚੰਡੀਗੜ੍ਹ/ਜਲੰਧਰ (ਰਮਨਜੀਤ ਸਿੰਘ, ਧਵਨ) : ਪੰਜਾਬ 'ਚ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਸੱਤਾ 'ਚ ਆਉਣ ਦੇ ਪੰਜ ਮਹੀਨਿਆਂ ਵਿਚ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਨੂੰ ਬੇਮਿਸਾਲ ਸਫ਼ਲਤਾ ਮਿਲੀ ਹੈ।ਸਰਕਾਰ ਮੁਤਾਬਕ ਮੁੱਖ ਮੰਤਰੀ ਮਾਨ ਵਲੋਂ ਜਾਰੀ ਕੀਤਾ ਗਿਆ ਐਂਟੀ ਕੁਰੱਪਸ਼ਨ ਹੈਲਪਲਾਈਨ ਨੰਬਰ ਬੇਹੱਦ ਕਾਰਗਰ ਸਾਬਿਤ ਹੋ ਰਿਹਾ ਹੈ ਤੇ ਲੋਕ ਭ੍ਰਿਸ਼ਟਾਚਾਰ ਖ਼ਿਲਾਫ਼ ਖੁੱਲ੍ਹ ਕੇ ਉਕਤ ਨੰਬਰ ’ਤੇ ਸ਼ਿਕਾਇਤਾਂ ਦੇ ਰਹੇ ਹਨ।
ਵਿਜੀਲੈਂਸ ਬਿਊਰੋ 25 ਗਜ਼ਟਿਡ ਅਫ਼ਸਰਾਂ ਸਮੇਤ 135 ਸਰਕਾਰੀ ਅਧਿਕਾਰੀਆਂ ਨੂੰ ਰਿਸ਼ਵਤ ਲੈਣ ਦੇ ਦੋਸ਼ਾਂ 'ਚ ਗ੍ਰਿਫਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿਚ ‘ਆਪ’ ਦੀ ਮੌਜੂਦਾ ਸਰਕਾਰ ਦੇ ਮੰਤਰੀ ਅਤੇ ਪਿਛਲੀ ਕਾਂਗਰਸ ਸਰਕਾਰ ਦੇ ਪ੍ਰਮੁੱਖ ਮੰਤਰੀ ਸਮੇਤ ਇਕ ਆਈ. ਏ. ਐੱਸ. ਅਧਿਕਾਰੀ ਤੇ 50 ਤੋਂ ਵੱਧ ਪੁਲਸ ਕਰਮਚਾਰੀ ਸ਼ਾਮਲ ਹਨ। ਸਰਕਾਰੀ ਬੁਲਾਰੇ ਅਨੁਸਾਰ ਭ੍ਰਿਸ਼ਟਾਚਾਰ ਦੇ ਦੋਸ਼ 'ਚ ਮਾਨ ਸਰਕਾਰ ਨੇ ਆਪਣੇ ਹੀ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਕੈਬਨਿਟ ਤੋਂ ਬਰਖ਼ਾਸਤ ਕੀਤਾ ਤੇ ਬਾਅਦ 'ਚ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੌਤ, 2008 ਬੈਚ ਦੇ ਆਈ. ਏ. ਐੱਸ. ਅਧਿਕਾਰੀ ਸੰਜੇ ਪੋਪਲੀ ਨੂੰ ਗ੍ਰਿਫ਼ਤਾਰ ਕਰਨ ਸਮੇਤ ਕਈ ਵੱਡੇ ਨੇਤਾਵਾਂ, ਅਧਿਕਾਰੀਆਂ ’ਤੇ ਸ਼ਿਕੰਜਾ ਕੱਸਿਆ ਹੈ। ਨਿਰਦੇਸ਼ਕ ਪੈਨਸ਼ਨ ਤੇ ਭਾਰਤੀ ਜੰਗਲਾਤ ਸੇਵਾ ਅਧਿਕਾਰੀ ਵਿਸ਼ਾਲ ਚੌਹਾਨ ’ਤੇ ਕਾਰਵਾਈ ਕੀਤੀ ਗਈ ਹੈ। ਇਸ ਤੋਂ ਇਲਾਵਾ ਦੋ ਸਰਕਾਰੀ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਬਾਸਮਤੀ ਦੀ ਗੁਣਵੱਤਾ ਵਧਾਉਣ ਲਈ ਲਗਾਈ 10 ਕੀਟਨਾਸ਼ਕਾਂ 'ਤੇ ਰੋਕ
ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਜੁਲਾਈ ਮਹੀਨੇ 'ਚ ਹੀ ਪੰਜ ਵੱਖ-ਵੱਖ ਮਾਮਲਿਆਂ ਵਿਚ ਅੱਠ ਸਰਕਾਰੀ ਮੁਲਾਜ਼ਮਾਂ ਨੂੰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮਾਂ ਵਿਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਦੇ ਦੋ ਮੁਲਾਜ਼ਮ ਅਤੇ ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਤਿੰਨ ਮੁਲਾਜ਼ਮ ਸ਼ਾਮਲ ਹਨ। ਬਿਊਰੋ ਨੇ 14 ਅਪਰਾਧਿਕ ਮਾਮਲੇ ਦਰਜ ਕੀਤੇ ਸਨ, ਜਿਨ੍ਹਾਂ ਵਿਚ 20 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਟਾਂਡਾ ਸ਼ਹਿਰ ਦੇ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਲੈ ਕੇ ਵਿਧਾਇਕ ਰਾਜਾ ਨੇ ਜਾਰੀ ਕੀਤੇ ਇਹ ਦਿਸ਼ਾ- ਨਿਰਦੇਸ਼
ਇਨ੍ਹਾਂ ਅਪਰਾਧਿਕ ਮਾਮਲਿਆਂ 'ਚ, ਚਾਰ ਪੁਲਸ ਮੁਲਾਜ਼ਮਾਂ, ਦੋ ਮਾਲ ਅਧਿਕਾਰੀਆਂ ਅਤੇ ਲੁਧਿਆਣਾ ਇੰਪਰੂਵਮੈਂਟ ਟਰੱਸਟ ਲੁਧਿਆਣਾ ਦੇ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ ਸਮੇਤ 6 ਕਰਮਚਾਰੀਆਂ ਵਿਰੁੱਧ ਵਿਜੀਲੈਂਸ ਬਿਊਰੋ ਵਲੋਂ ਅਗਲੇਰੀ ਜਾਂਚ ਚੱਲ ਰਹੀ ਹੈ। ਵਿਜੀਲੈਂਸ ਬਿਊਰੋ ਨੇ 80 ਦੇ ਕਰੀਬ ਆਮ ਵਿਅਕਤੀਆਂ ਨੂੰ ਵੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਕਾਬੂ ਕੀਤਾ ਹੈ। ਵਾਹਨਾਂ ਦੇ ਫਰਜੀ ਰਜਿਸਟ੍ਰੇਸਨ ਨੰਬਰਾਂ ’ਤੇ ਟਰਾਂਸਪੋਰਟੇਸ਼ਨ ਟੈਂਡਰ ਅਲਾਟ ਕਰਨ ਦੇ ਘੋਟਾਲੇ ਵਿਚ ਸ਼ੁੱਕਰਵਾਰ ਨੂੰ ਸਾਬਕਾ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਖਿਲਾਫ਼ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ