ਹੁਣ ਘਰ ਬੈਠੇ ਮਿਲੇਗਾ ਡਰਾਈਵਿੰਗ ਲਾਈਸੈਂਸ, CM ਮਾਨ ਵੱਲੋਂ ਪੋਰਟਲ ਦੀ ਸ਼ੁਰੂਆਤ

Tuesday, Jun 14, 2022 - 02:35 PM (IST)

ਹੁਣ ਘਰ ਬੈਠੇ ਮਿਲੇਗਾ ਡਰਾਈਵਿੰਗ ਲਾਈਸੈਂਸ, CM ਮਾਨ ਵੱਲੋਂ ਪੋਰਟਲ ਦੀ ਸ਼ੁਰੂਆਤ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਵਾਸੀਆਂ ਲਈ ਆਨਲਾਈਨ ਡਰਾਈਵਿੰਗ ਲਾਈਸੈਂਸ ਦੀ ਸਹੂਲਤ ਦੀ ਸ਼ੁਰੂਆਤ ਕੀਤੀ ਹੈ ਜਿਸ ਨਾਲ ਲੋਕ ਆਪਣੇ ਕੰਪਿਊਟਰ, ਮੋਬਾਈਲ, ਟੈਬਲੇਟ ਜਾਂ ਲੈਪਟਾਪ 'ਤੇ ਸਿਰਫ਼ ਇਕ ਕਲਿੱਕ ਕਰਨ 'ਤੇ ਲਰਨਿੰਗ ਡਰਾਈਵਿੰਗ ਲਾਈਸੈਂਸ ਪ੍ਰਾਪਤ ਕਰ ਸਕਦੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਇਕ ਇਤਿਹਾਸਕ ਕਦਮ ਹੈ ਜਿਸ ਨਾਲ ਚਾਹਵਾਨ ਲੋਕ ਲਰਨਿੰਗ ਡਰਾਈਵਿੰਗ ਲਾਈਸੈਂਸ ਸੌਖੇ ਤਰੀਕੇ ਨਾਲ ਆਪਣੇ ਘਰਾਂ ਵਿਚ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਸਭ ਦੇ ਸਮੇਂ, ਪੈਸੇ ਅਤੇ ਊਰਜਾ ਦੀ ਬੱਚਤ ਹੋਵੇਗੀ।

ਇਹ ਵੀ ਪੜ੍ਹੋ- ਮੁੱਖ ਮੰਤਰੀ ਨੇ ‘ਆਪ’ ਦੇ ਹੱਕ ’ਚ ਪ੍ਰਚਾਰ ਕਰਨ ਲਈ ਉਤਾਰੇ 6 ਮੰਤਰੀ

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਦੀ ਸਹੂਲਤ ਅਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਇਹ ਪਹਿਲ ਕਦਮੀ ਕੀਤੀ ਹੈ। ਆਨਲਾਈਨ ਡਰਾਈਵਿੰਗ ਲਾਈਸੈਂਸ ਲਈ ਲੋਕ ਹੁਣ  www.sarathi.parivahan.gov.in ਉੱਤੇ ਕੀਤਾ ਜਾ ਸਕਦਾ ਅਪਲਾਈ ਹਨ। ਉਨ੍ਹਾਂ ਕਿਹਾ ਕਿ ਇਸ ਪੋਰਟਲ ਦੀ ਸ਼ੁਰੂਆਤ ਹੋਣ ਨਾਲ ਲੋਕਾਂ ਨੂੰ ਹੁਣ ਆਰ.ਟੀ.ਏ. ਦਫ਼ਤਰਾਂ/ਟਰੈਕਾਂ 'ਤੇ ਜਾਣ ਲਈ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਨਾਲ ਲੋਕ ਹੁਣ ਘਰ ਬੈਠੇ ਹੀ ਆਪਣੇ ਕੰਪਿਊਟਰ, ਮੋਬਾਈਲ, ਟੈਬਲੇਟ ਜਾਂ ਲੈਪਟਾਪ ਦੀ ਇਕ ਕਲਿੱਕ ਕਰਨ 'ਤੇ ਲਰਨਿੰਗ ਡਰਾਈਵਿੰਗ ਲਾਈਸੈਂਸ ਹਾਸਲ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜੇਕਰ ਲੋਕ ਚਾਹੁਣ ਤਾਂ ਸੁਵਿਧਾ ਕੇਂਦਰ ਵਿਖੇ ਵੀ ਆਪਣਾ ਲਾਈਸੈਂਸ ਅਪਲਾਈ ਕਰ ਸਕਦੇ ਹਨ।

ਦੱਸ ਦੇਈਏ ਕਿ ਬਿਨੈਕਾਰ ਆਪਣਾ ਆਧਾਰ ਕਾਰਡ ਅਪਲੋਡ ਕਰਦੇ ਸਮੇਂ ਲਰਨਿੰਗ ਡਰਾਈਵਿੰਗ ਲਾਈਸੈਂਸ ਅਪਲਾਈ ਕਰ ਸਕਦਾ ਹੈ ਜਿਸ ਦੇ ਮੱਦੇਨਜ਼ਰ ਉਹ ਆਨਲਾਈਨ ਲਰਨਿੰਗ ਲਾਈਸੈਂਸ ਟੈਸਟ ਵਿਚ ਵੀ ਹਿੱਸਾ ਲੈ ਸਕਦਾ ਹੈ। ਇਸ ਤੋਂ ਇਲਾਵਾ ਬਿਨੈਕਾਰ ਆਨਲਾਈਨ ਟੈਸਟ ਪਾਸ ਕਰਨ ਤੋਂ ਬਾਅਦ ਲਾਈਸੈਂਸ ਨੂੰ ਡਾਊਨਲੋਡ ਕਰਕੇ ਇਸ ਦਾ ਪ੍ਰਿੰਟ ਲੈ ਸਕਦਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਲੋਕਾਂ ਦੇ ਕੀਮਤੀ ਸਮੇਂ ਦੀ ਬੱਚਤ ਹੋਵੇਗੀ, ਜਿਨ੍ਹਾਂ ਨੂੰ ਪਹਿਲਾਂ ਲਾਈਸੈਂਸ ਲੈਣ ਲਈ ਲੰਮੀਆਂ ਕਤਾਰਾਂ 'ਚ ਖੜ੍ਹੇ ਹੋਣਾ ਪੈਂਦਾ ਸੀ।

ਇਹ ਵੀ ਪੜ੍ਹੋ - ਕੇਜਰੀਵਾਲ-ਭਗਵੰਤ ਮਾਨ ਦੀ ਫੇਰੀ ਨੂੰ ਲੈ ਕੇ ਜਲੰਧਰ ਪੁਲਸ ਨੇ ਜਾਰੀ ਕੀਤਾ ਸਖ਼ਤ ਫਰਮਾਨ

ਜ਼ਿਕਰਯੋਗ ਹੈ ਕਿ ਸਾਲ 2021-22 ਵਿਚ 5.21 ਲੱਖ ਬਿਨੈਕਾਰਾਂ ਨੂੰ ਡਰਾਈਵਿੰਗ ਲਾਈਸੈਂਸ ਜਾਰੀ ਕੀਤੇ ਗਏ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਆਨਲਾਈਨ ਸਹੂਲਤ ਦੇ ਸ਼ੁਰੂ ਹੋਣ ਨਾਲ 5 ਲੱਖ ਤੋਂ ਵੱਧ ਬਿਨੈਕਾਰ ਆਰ.ਟੀ.ਏ. ਦਫ਼ਤਰਾਂ ਵਿੱਚ ਜਾਣ ਤੋਂ ਬਿਨਾਂ ਆਪਣੇ ਲਾਈਸੈਂਸ ਨਿਰਵਿਘਨ ਅਤੇ ਬਿਨਾਂ ਕਿਸੇ ਦਿੱਕਤ ਤੋਂ ਪ੍ਰਾਪਤ ਕਰਨਗੇ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਨੂੰ ਬਿਹਤਰੀਨ ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਦਾਨ ਕਰਕੇ ਉਨ੍ਹਾਂ ਦੀ ਭਲਾਈ ਲਈ ਪੂਰਨ ਤੌਰ ਉਤੇ ਵਚਨਬੱਧ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਅਜਿਹੀਆਂ ਹੋਰ ਸਹੂਲਤਾਂ ਸ਼ੁਰੂ ਕੀਤੀਆਂ ਜਾਣਗੀਆਂ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


author

Anuradha

Content Editor

Related News