BBMB ਤੇ ਹੋਰ ਮੁੱਦਿਆਂ ਨੂੰ ਲੈ ਕੇ CM ਚੰਨੀ ਅੱਜ ਸ਼ਾਮ ਅਮਿਤ ਸ਼ਾਹ ਨਾਲ ਕਰਨਗੇ ਮੁਲਾਕਾਤ
Monday, Mar 07, 2022 - 04:54 PM (IST)
ਨਵੀਂ ਦਿੱਲੀ (ਕਮਲ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਪੰਜਾਬ ਦੇ ਹੋਰ ਮੁੱਦਿਆਂ ਨੂੰ ਲੈ ਕੇ ਦਿੱਲੀ ਵਿਖੇ ਅੱਜ ਸ਼ਾਮ 6.30 ਵਜੇ ਮੁਲਾਕਾਤ ਕਰਨਗੇ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲੋਂ ਮੁਲਾਕਾਤ ਕਰਨ ਦਾ ਸਮਾਂ ਮੰਗਿਆ ਸੀ ਤੇ ਕਿਹਾ ਸੀ ਕਿ ਉਹ ਪੰਜਾਬ ਦੇ ਭਖਦੇ ਮੁੱਦਿਆਂ ਜਿਵੇਂ ਬੀ. ਬੀ. ਐੱਮ. ਬੀ. ਅਤੇ ਯੂਕ੍ਰੇਨ ਆਦਿ ’ਤੇ ਵਿਚਾਰ-ਵਟਾਂਦਰਾ ਕਰਨਾ ਚਾਹੁੰਦੇ ਹਨ। ਮੁੱਖ ਮੰਤਰੀ ਚੰਨੀ ਨੇ ਐਤਵਾਰ ਕਿਹਾ ਸੀ ਕਿ ਪੰਜਾਬ ਨੂੰ ਨਾਜ਼ੁਕ ਮੁੱਦਿਆਂ ’ਤੇ ਤੁਰੰਤ ਚਰਚਾ ਕਰਨ ਦੀ ਲੋੜ ਹੈ।
ਮੁੱਖ ਮੰਤਰੀ ਚੰਨੀ ਕੇਂਦਰੀ ਗ੍ਰਹਿ ਮੰਤਰੀ ਨਾਲ ਬੀ. ਬੀ. ਐੱਮ. ਬੀ. ’ਚ ਹੁਣੇ ਜਿਹੇ ਮੈਂਬਰਾਂ ਦੀ ਕੀਤੀ ਗਈ ਨਿਯੁਕਤੀ ਦੇ ਵਿਸ਼ੇ ’ਤੇ ਚਰਚਾ ਕਰਨਗੇ। ਚੰਨੀ ਇਸ ਦੇ ਨਾਲ ਹੀ ਰੂਸ ਤੇ ਯੂਕ੍ਰੇਨ ਦਰਮਿਆਨ ਚੱਲ ਰਹੀ ਜੰਗ ਦੇ ਵਿਸ਼ੇ ’ਚ ਵੀ ਅਮਿਤ ਸ਼ਾਹ ਨਾਲ ਗੱਲਬਾਤ ਕਰਨਗੇ। ਚੰਨੀ ਗ੍ਰਹਿ ਮੰਤਰੀ ਕੋਲੋਂ ਇਹ ਮੰਗ ਕਰਨਗੇ ਕਿ ਯੂਕ੍ਰੇਨ ਤੋਂ ਪੰਜਾਬੀ ਵਿਦਿਆਰਥੀਆਂ ਨੂੰ ਸੁਰੱਖਿਅਤ ਢੰਗ ਨਾਲ ਭਾਰਤ ਵਾਪਸ ਲਿਆਂਦਾ ਜਾਵੇ।