ਲੁਧਿਆਣਾ ਧਮਾਕੇ ’ਤੇ ਸਿਆਸੀ ਲਾਹਾ ਲੈਣ ਲਈ CM ਚੰਨੀ ਨੇ ਝੂਠੇ ਇਲਜ਼ਾਮਾਂ ਦੀ ਲਾਈ ਝੜੀ : ਬੀਬਾ ਬਾਦਲ
Thursday, Dec 23, 2021 - 09:00 PM (IST)
ਚੰਡੀਗੜ੍ਹ- ਸਾਬਕਾ ਕੇਂਦਰੀ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਇਕ ਵਾਰ ਫਿਰ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਘੇਰਦੇ ਹੋਏ ਨਜ਼ਰ ਆਏ। ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ’ਤੇ ਇਕ ਪੋਸਟ ਸ਼ੇਅਰ ਕੀਤੀ ਗਈ ਹੈ, ਜਿਸ ’ਚ ਉਨ੍ਹਾਂ ਅੱਜ ਲੁਧਿਆਣਾ ਦੀ ਜ਼ਿਲ੍ਹਾ ਕਚਹਿਰੀ ਵਿਖੇ ਹੋਏ ਧਮਾਕੇ ’ਤੇ ਰੋਸ ਜ਼ਾਹਿਰ ਕੀਤਾ ਅਤੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਪਾਰਟੀ ’ਤੇ ਲਾਏ ਜਾ ਰਹੇ ਝੂਠੇ ਇਲਜ਼ਾਮਾਂ ਦੀ ਸਖਤ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇੰਨੇ ਹੇਠਲੇ ਪੱਧਰ ’ਤੇ ਡਿੱਗ ਚੁੱਕੀ ਹੈ ਕਿ ਉਹ ਹੁਣ ਸਿਆਸੀ ਲਾਹਾ ਲੈਣ ਲਈ ਦੂਜੀਆਂ ਪਾਰਟੀਆਂ ’ਤੇ ਇਲਜ਼ਾਮ ਲਗਾ ਰਹੀ ਹੈ।
ਇਹ ਵੀ ਪੜ੍ਹੋ- ਭਲਕੇ ਤੋਂ ਦੋ ਰੋਜ਼ਾ ਦੌਰੇ ’ਤੇ ਪੰਜਾਬ ਆ ਰਹੇ ਅਰਵਿੰਦ ਕੇਜਰੀਵਾਲ : ਹਰਪਾਲ ਚੀਮਾ
ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਬੇਸ਼ਰਮੀ ਦੀ ਹੱਦ ਹੈ, ਤੁਹਾਡੀ ਸਰਕਾਰ ਹਾਲੇ ਤੱਕ ਤਾਂ 'ਸ੍ਰੀ ਦਰਬਾਰ ਸਾਹਿਬ' ਵਿਖੇ ਬੇਅਦਬੀ ਕਰਨ ਵਾਲੇ ਦੋਸ਼ੀਆਂ ਦੀ ਤਾਂ ਸ਼ਨਾਖ਼ਤ ਵੀ ਨਹੀਂ ਕਰ ਸਕੀ ਪਰ ਲੁਧਿਆਣਾ ਵਿਖੇ ਹੋਏ ਧਮਾਕੇ ਤੋਂ ਸਿਆਸੀ ਲਾਹਾ ਲੈਣ ਲਈ ਤੁਸੀਂ ਝੂਠੇ ਇਲਜ਼ਾਮਾਂ ਦੀ ਝੜੀ ਲਾ ਦਿੱਤੀ ਹੈ।
ਇਹ ਵੀ ਪੜ੍ਹੋ : ਲੁਧਿਆਣਾ ਪਹੁੰਚੇ ਨਵਜੋਤ ਸਿੱਧੂ ਦਾ ਵੱਡਾ ਬਿਆਨ, ਕਿਹਾ-ਸਿਆਸੀ ਏਜੰਡੇ ਲਈ ਲੋਕਾਂ ’ਚ ਫੈਲਾਇਆ ਜਾ ਰਿਹਾ ਡਰ
ਉਨ੍ਹਾਂ ਕਿਹਾ ਕਿ ਹਰ ਵਾਰ ਤੁਹਾਡੀ ਕਾਂਗਰਸ ਇਸੇ ਤਰ੍ਹਾਂ ਦੀ ਹੀ ਗੰਦੀ ਸਿਆਸਤ ਕਰ ਕੇ ਪੰਜਾਬ ਦੇ ਅਮਨ-ਸ਼ਾਂਤੀ, ਭਾਈਚਾਰਕ ਸਾਂਝ ਨੂੰ ਅੱਗ ਲਗਾ ਕੇ ਇਸ ਉੱਪਰ ਆਪਣੀ ਸੌੜੀ ਸਿਆਸਤ ਦੀਆਂ ਰੋਟੀਆਂ ਸੇਕਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਾਬ੍ਹ ਤੁਹਾਡਾ ਕੰਮ ਸੂਬੇ ਦੀ ਅਮਨ-ਸ਼ਾਂਤੀ ਬਹਾਲ ਕਰਨਾ ਹੈ, ਨਾ ਕਿ ਇਸ ਨੂੰ ਤਬਾਹ ਕਰਨਾ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ