ਮੁੱਖ ਮੰਤਰੀ ਨੇ ਕੋਰੋਨਾ ਯੋਧਿਆਂ ਨਾਲ ਗੱਲਬਾਤ ਕਰ ਕੇ ਵਧਾਇਆ ਮਨੋਬਲ
Wednesday, May 06, 2020 - 01:18 AM (IST)
ਜਲੰਧਰ, (ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਵਾਇਰਸ ਨਾਲ ਲੜੀ ਜਾ ਰਹੀ ਜੰਗ 'ਚ ਕੋਰੋਨਾ ਵਾਇਰਸ ਦੇ ਸੈਂਪਲ ਲੈਣ ਵਾਲੇ ਯੋਧਿਆਂ ਨਾਲ ਮੋਬਾਈਲ 'ਤੇ ਗੱਲਬਾਤ ਕਰ ਕੇ ਉਨ੍ਹਾਂ ਦਾ ਹੌਂਸਲਾ ਵਧਾਇਆ ਹੈ। ਮੁੱਖ ਮੰਤਰੀ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਯੋਧਿਆਂ ਨਾਲ ਗੱਲਬਾਤ ਕਰ ਰਹੇ ਹਨ ਤਾਂ ਕਿ ਇਸ ਜੰਗ 'ਚ ਉਨ੍ਹਾਂ ਦਾ ਮਨੋਬਲ ਬਣਿਆ ਰਹੇ।
ਮੁੱਖ ਮੰਤਰੀ ਨੇ ਵੀਡੀਓ ਕਾਲ ਕਰਦੇ ਹੋਏ ਸੈਂਪਲ ਲੈਣ ਵਾਲੀ ਇਕ ਔਰਤ ਡਾਕਟਰ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਪੁੱਛਿਆ ਕਿ ਉਹ ਸੈਂਪਲ ਲੈਂਦੇ ਹੋਏ ਖੁਦ ਆਪਣਾ ਧਿਆਨ ਰੱਖ ਰਹੀ ਹੈ। ਮਹਿਲਾ ਡਾਕਟਰ ਨੇ ਕਿਹਾ ਕਿ ਉਹ ਸਰਕਾਰ ਵਲੋਂ ਲੜੀ ਜਾ ਰਹੀ ਜੰਗ 'ਚ ਆਪਣਾ ਪੂਰਾ ਯੋਗਦਾਨ ਪਾ ਰਹੀ ਹੈ ਅਤੇ ਅੱਗੇ ਵੀ ਉਹ ਆਪਣਾ ਯੋਗਦਾਨ ਪਾਉਂਦੀ ਰਹੇਗੀ। ਇਸ ਮਹਿਲਾ ਡਾਕਟਰ ਨੇ ਕਿਹਾ ਕਿ ਉਸ ਨੂੰ ਇਸ ਗੱਲ ਨੂੰ ਲੈ ਕੇ ਖੁਸ਼ੀ ਹੋਈ ਹੈ ਕਿ ਮੁੱਖ ਮੰਤਰੀ ਵਲੋਂ ਉਸ ਨੂੰ ਕਾਲ ਆਈ ਹੈ।
ਮੁੱਖ ਮੰਤਰੀ ਨੇ ਇਸੇ ਤਰ੍ਹਾਂ ਲੁਧਿਆਣਾ 'ਚ ਸੈਂਪਲ ਲੈਂਦੇ ਸਮੇਂ ਪਾਜ਼ੇਟਿਵ ਹੋਈ ਹੋਰ ਮਹਿਲਾ ਡਾਕਟਰ ਨਾਲ ਗੱਲਬਾਤ ਕਰ ਕੇ ਉਸ ਦਾ ਮਨੋਬਲ ਵਧਾਇਆ। ਮੁੱਖ ਮੰਤਰੀ ਨੇ ਇਸ ਮਹਿਲਾ ਡਾਕਟਰ ਨੂੰ ਕਿਹਾ ਕਿ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਧਿਆਨ ਰੱਖੇ। ਮਹਿਲਾ ਡਾਕਟਰ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਉਹ ਪਾਜ਼ੇਟਿਵ ਆ ਗਈ ਸੀ ਅਤੇ ਉਸ ਤੋਂ ਬਾਅਦ ਉਸ ਦਾ ਪਤੀ ਅਤੇ ਮਾਂ ਵੀ ਪਾਜ਼ੇਟਿਵ ਹੋ ਗਈ। ਮੁੱਖ ਮੰਤਰੀ ਨੂੰ ਉਨ੍ਹਾਂ ਨੇ ਦੱਸਿਆ ਕਿ ਉਹ ਤਾਂ ਪਿਛਲੇ 9 ਦਿਨਾਂ ਤੋਂ ਹਸਪਤਾਲ 'ਚ ਇਲਾਜ ਅਧੀਨ ਹੈ ਅਤੇ ਉਸ ਦੀ ਮਾਂ 14 ਦਿਨਾਂ ਤੋਂ ਇਲਾਜ ਅਧੀਨ ਹੈ। ਉਸ ਦੀ ਮਾਂ ਦਾ ਹਸਪਤਾਲ 'ਚ ਪਾਜ਼ੇਟਿਵ ਹੋਣ ਤੋਂ ਬਾਅਦ ਮੁੜ ਟੈਸਟ ਲਿਆ ਗਿਆ ਟੈਸਟ ਫਿਰ ਪਾਜ਼ੇਟਿਵ ਆਇਆ ਹੈ ਅਤੇ ਸ਼ਾਇਦ ਇਸ ਦਾ ਕਾਰਣ ਉਨ੍ਹਾਂ ਦੀ ਉਮਰ ਵੀ ਹੋ ਸਕਦੀ ਹੈ।