CM ਭਗਵੰਤ ਮਾਨ ਦੇ ਯਤਨ ਲਾਜਵਾਬ, ਦਿਨ ਰਾਤ ਮਾਨ ਸਰਕਾਰ ਬਣਾ ਰਹੀ ਰੰਗਲਾ ਪੰਜਾਬ
Friday, Mar 21, 2025 - 06:51 PM (IST)
 
            
            ਜਲੰਧਰ- ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਦੀ ਦੁਨੀਆ ਭਰ ’ਚ ਧੁੰਮ ਹੈ। ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ’ਚ ਖ਼ਾਸ ਕਰਕੇ ਪੰਜਾਬ ਸੂਬਾ ਬਣਨ ਤੋਂ ਬਾਅਦ ਸਮੇਂ-ਸਮੇਂ ’ਤੇ ਆਈਆਂ ਸਾਰੀਆਂ ਸਰਕਾਰਾਂ ਨੇ ਲਗਭਗ ਪੰਜਾਬ ਨੂੰ ਲੁੱਟਿਆ ਹੀ ਹੈ। ਜੇਕਰ ਵਿਕਾਸ ਦੀ ਗੱਲ ਕਰੀਏ ਤਾਂ ਪੰਜਾਬ ’ਚ 2022 ਵਿਚ ਬਣੀ ਆਮ ਆਦਮੀ ਪਾਰਟੀ ਦੀ ਮੌਜੂਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਨੂੰ ਰੰਗਲਾ ਬਣਾਉਣ ਲਈ ਦਿਨ-ਰਾਤ ਯਤਨਸ਼ੀਲ ਹੈ। ਆਪਣੀ ਸਥਾਪਤੀ ਤੋਂ ਲੈ ਕੇ ਹੁਣ ਤਕ ਇਸ ਸਰਕਾਰ ਨੇ ਪੰਜਾਬ ਦੇ ਵਿਕਾਸ ਲਈ ਮੀਲ ਦੇ ਪੱਥਰ ਗੱਡੇ ਹਨ। ਇਸ ਸਰਕਾਰ ਵੱਲੋਂ ਵਿਕਾਸ ਦੇ ਮੂੰਹ ਬੋਲਦੇ ਤੱਥ ਤਸਵੀਰਾਂ ਸਮੇਤ ਬਿਆਨ ਕਰਦੇ ਹਨ।
ਯੁੱਧ ਨਸ਼ਿਆਂ ਵਿਰੁੱਧ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਜੰਗ ਛੇੜੀ ਹੋਈ ਹੈ ਅਤੇ ਇਸ ਸਾਲ ਉਸ ਨੇ ਨਸ਼ਿਆਂ ਦੇ ਖ਼ਾਤਮੇ ਲਈ ਪੰਜ ਮੈਂਬਰੀ ਸਬ-ਕਮੇਟੀ ਵੀ ਬਣਾ ਦਿੱਤੀ ਹੈ ਜੋ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੀ ਅਗਵਾਈ ਕਰ ਰਹੀ ਹੈ। ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਤਹਿਤ ਹੁਣ ਤਕ ਅਰਬਾਂ ਰੁਪਇਆਂ ਦੇ ਨਸ਼ੀਲੇ ਪਦਾਰਥ ਬਰਾਮਦ ਹੋ ਚੁੱਕੇ ਹਨ। ਇਸੇ ਲੜੀ ’ਚ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵੱਲੋਂ ਮਿਲ ਕੇ ਨਸ਼ਾ ਸਮੱਗਲਰਾਂ ਵੱਲੋਂ ਨਸ਼ੇ ਵੇਚ ਕੇ ਬਣਾਈ ਗਈ ਜਾਇਦਾਦ, ਕੀਤੀ ਗਈ ਨਾਜਾਇਜ਼ ਉਸਾਰੀ ਅਤੇ ਨਾਜਾਇਜ਼ ਕਬਜ਼ਿਆਂ ਨੂੰ ਬੁਲਡੋਜ਼ਰ ਦੀ ਮਦਦ ਨਾਲ ਹਟਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : Punjab: YouTuber ਦੇ ਘਰ 'ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ 'ਚ ਨਵਾਂ ਮੋੜ, ਪੰਨੂ ਨਾਲ ਜੁੜੇ ਤਾਰ, ਹੋਏ ਵੱਡੇ ਖ਼ੁਲਾਸੇ
300 ਯੂਨਿਟ ਮੁਫ਼ਤ ਬਿਜਲੀ , 90 ਫ਼ੀਸਦੀ ਘਰਾਂ ਦੇ ਬਿਜਲੀ ਬਿੱਲ ਜ਼ੀਰੋ
ਪਿਛਲੇ ਤਿੰਨ ਸਾਲਾਂ ਤੋਂ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਮਿਲ ਰਹੀ ਹੈ। ਪੰਜਾਬ ਦੇ ਲਗਭਗ 90 ਫ਼ੀਸਦੀ ਪਰਿਵਾਰਾਂ ਨੂੰ ਫ੍ਰੀ ਬਿਜਲੀ ਮਿਲ ਰਹੀ ਹੈ। ਇਹ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ 'ਜ਼ੀਰੋ ਬਿੱਲ' ਸਕੀਮ ਦੇ ਕਾਰਨ ਹੀ ਹੋ ਸਕਿਆ ਹੈ। ਸਰਕਾਰ ’ਚ ਆਉਣ ਦੇ ਕੁਝ ਹੀ ਹਫਤਿਆਂ ਬਾਅਦ ਮਾਨ ਸਰਕਾਰ ਨੇ ਸਕੀਮ ਦਾ ਐਲਾਨ ਕਰ ਦਿੱਤਾ ਸੀ। ਇਸ ਯੋਜਨਾ ’ਚ ਪੰਜਾਬ ਦੇ ਲੋਕਾਂ ਨੂੰ ਹਰ ਮਹੀਨੇ 300 ਯੂਨਿਟ ਫ੍ਰੀ ਬਿਜਲੀ ਦਿੱਤੀ ਜਾ ਰਹੀ ਹੈ। ਇਸ ਸਕੀਮ ਨਾਲ ਪੰਜਾਬ ਦੇ ਲੋਕਾਂ ਦੀ ਪੈਸਿਆਂ ਦੀ ਕਾਫ਼ੀ ਬੱਚਤ ਹੋ ਰਹੀ ਹੈ। ਪਹਿਲਾਂ ਜਿਹੜੇ ਲੋਕ ਆਪਣੀ ਬੱਚਤ ਦਾ ਇਕ ਹਿੱਸਾ ਬਿਜਲੀ ਬਿੱਲ ਭਰਨ ’ਚ ਖਰਚ ਕਰ ਦਿੰਦੇ ਸਨ, ਹੁਣ ਉਹ ਇਸ ਪੈਸੇ ਨੂੰ ਹੋਰਨਾਂ ਜ਼ਰੂਰੀ ਕੰਮਾਂ ’ਚ ਖ਼ਰਚ ਕਰ ਰਹੇ ਹਨ। ਮਾਨ ਸਰਕਾਰ ਦੀ ਜ਼ੀਰੋ ਬਿੱਲ ਸਕੀਮ ਨਾਲ ਸੂਬੇ ਦੇ ਕਿਸਾਨਾਂ ਨੂੰ ਵੀ ਵੱਡਾ ਫਾਇਦਾ ਹੋਇਆ ਹੈ। ਇਸਦੇ ਇਲਾਵਾ ਪੰਜਾਬ ਸਰਕਾਰ ਨੇ ਇਤਿਹਾਸ ਰਚਦੇ ਹੋਏ ਗੋਇੰਦਵਾਲ ਸਾਹਿਬ ਦੇ ਨਿੱਜੀ ਥਰਮਲ ਪਲਾਂਟ ਨੂੰ ਲੋਕਾਂ ਨੂੰ ਸਮਰਪਿਤ ਕਰ ਦਿੱਤਾ। ਮਾਨ ਸਰਕਾਰ ਨੇ ਝਾਰਖੰਡ ਦੀ ਪਛਵਾੜਾ ਕੋਲਾ ਖਾਨ ਸ਼ੁਰੂ ਕਰ ਕੇ ਵੀ ਇਤਿਹਾਸ ਰਚਿਆ।
ਇਹ ਵੀ ਪੜ੍ਹੋ :  ਸਰੋਂ ਵੱਢਣ ਗਿਆ ਸੀ ਪਰਿਵਾਰ, ਘਰ ਪਰਤਿਆ ਤਾਂ ਅੰਦਰਲਾ ਹਾਲ ਵੇਖ ਰਹਿ ਗਿਆ ਹੈਰਾਨ
3 ਕਰੋੜ ਲੋਕਾਂ ਦਾ ਆਮ ਆਦਮੀ ਕਲੀਨਿਕਾਂ ’ਚ ਮੁਫ਼ਤ ਇਲਾਜ
'ਤੰਦਰੁਸਤ ਪੰਜਾਬ' ਦੇ ਮਿਸ਼ਨ ਦੀ ਸਫ਼ਲਤਾ ’ਚ ਹੁਣ ਤਕ ਲਗਭਗ 3 ਕਰੋੜ ਪੰਜਾਬੀਆਂ ਦਾ ਇਲਾਜ ਆਮ ਆਦਮੀ ਕਲੀਨਿਕਾਂ ’ਚ ਕੀਤਾ ਜਾ ਰਿਹਾ ਹੈ ਅਤੇ ਰੋਜ਼ਾਨਾ ਲਗਭਗ 58 ,900 ਮਰੀਜ਼ਾਂ ਦਾ ਇਲਾਜ ਆਮ ਆਦਮੀ ਕਲੀਨਿਕਾਂ ’ਚ ਕੀਤਾ ਜਾ ਰਿਹਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਨ੍ਹਾਂ ਆਮ ਆਦਮੀ ਕਲੀਨਿਕਾਂ ’ਚ ਆਉਣ ਵਾਲੇ ਕਿਸੇ ਵੀ ਮਰੀਜ਼ ਤੋਂ ਕੋਈ ਵੀ ਪੈਸਾ ਨਹੀਂ ਲਿਆ ਜਾ ਰਿਹਾ ਹੈ। ਸਾਰੇ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ ਅਤੇ ਜਿੱਥੇ 80 ਕਿਸਮ ਦੀਆਂ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ, ਉਥੇ ਹੀ 38 ਕਿਸਮ ਦੇ ਟੈਸਟ ਵੀ ਬਿਲਕੁਲ ਮੁਫ਼ਤ ਕੀਤੇ ਜਾ ਰਹੇ ਹਨ। ਪਿਛਲੇ 3 ਸਾਲਾਂ ’ਚ ਪੰਜਾਬ ਭਰ ’ਚ 881 ਆਮ ਆਦਮੀ ਕਲੀਨਿਕ ਸਥਾਪਤ ਕੀਤੇ ਗਏ ਹਨ। ਜਿਨ੍ਹਾਂ ਨੇ ਸੂਬੇ ’ਚ ਸਿਹਤ ਦੇਖਭਾਲ ਖੇਤਰ ’ਚ ਕ੍ਰਾਂਤੀ ਲਿਆ ਦਿੱਤੀ ਹੈ।
ਹਜ਼ਾਰਾਂ ਨੌਕਰੀਆਂ ਬਿਨਾਂ ਸਿਫ਼ਾਰਿਸ਼ ਬਿਨਾਂ ਰਿਸ਼ਵਤ
ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਪਣੇ ਤਿੰਨ ਸਾਲ ਦੇ ਕਾਰਜਕਾਲ ’ਚ ਪੰਜਾਬ ’ਚ 51,655 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ। ਇਸ ਦੇ ਨਾਲ ਪੰਜਾਬ ਸਰਕਾਰ ਅਗਲੇ 2 ਸਾਲਾਂ ’ਚ 50,000 ਹੋਰ ਸਰਕਾਰੀ ਨੌਕਰੀਆਂ ਦੇਵੇਗੀ, ਜਿਸ ਨਾਲ ਨੌਜਵਾਨਾਂ ਨੂੰ 1 ਲੱਖ ਨੌਕਰੀਆਂ ਮਿਲ ਜਾਣਗੀਆਂ। ਸੂਬਾ ਸਰਕਾਰ ਹਰ ਵਿਭਾਗ ’ਚ ਖਾਲੀ ਹੁੰਦਿਆਂ ਹੀ ਸਾਰੀਆਂ ਅਸਾਮੀਆਂ ਨੂੰ ਭਰ ਦਿੰਦੀ ਹੈ ਅਤੇ ਪੂਰੀ ਭਰਤੀ ਪ੍ਰਕਿਰਿਆ ਦੇ ਲਈ ਪਾਰਦਰਸ਼ੀ ਵਿਧੀ ਅਪਣਾਈ ਜਾ ਰਹੀ ਹੈ। ਬਿਨਾਂ ਸਿਫ਼ਾਰਿਸ਼, ਬਿਨਾਂ ਰਿਸ਼ਵਤ ਨੌਜਵਾਨਾਂ ਨੂੰ ਪੂਰੀ ਯੋਗਤਾ ਦੇ ਆਧਾਰ ’ਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਸੂਬਾ ਸਰਕਾਰ ਇਹ ਵੀ ਯਕੀਨੀ ਬਣਾ ਰਹੀ ਹੈ ਕਿ ਸੂਬੇ ਦਾ ਕੋਈ ਵੀ ਵਿਅਕਤੀ ਵਿਦੇਸ਼ ਨਾ ਜਾਵੇ ਤਾਂ ਕਿ ਸਾਡੇ ਵਤਨ ਦੇ ਪ੍ਰਵਾਨਿਆਂ ਦੇ ਦੇਸ਼ ਸੇਵਾ ਦੇ ਸੁਪਨੇ ਸਾਕਾਰ ਹੋ ਸਕਣਗੇ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਖੋਲ੍ਹ ਦਿੱਤਾ ਗਿਆ ਸ਼ੰਭੂ ਬਾਰਡਰ, ਲੰਘਣ ਲੱਗੀਆਂ ਗੱਡੀਆਂ
ਬਜ਼ੁਰਗਾਂ, ਵਿਧਵਾਵਾਂ , ਬੇਸਹਾਰਾ ਔਰਤਾਂ, ਬੱਚਿਆਂ ਤੇ ਦਿਵਿਆਂਗਾਂ ਨੂੰ 16847.83 ਕਰੋੜ ਦੀ ਵਿੱਤੀ ਸਹਾਇਤਾ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਿੱਥੇ ਹੋਰਨਾਂ ਵਰਗਾਂ ਦੀ ਭਲਾਈ ਲਈ ਪ੍ਰਤੀਬੱਧ ਹੈ, ਉਥੇ ਹੀ ਬਜ਼ੁਰਗਾਂ, ਵਿਧਵਾਵਾਂ, ਬੇਸਹਾਰਾ ਔਰਤਾਂ , ਬੱਚਿਆਂ ਅਤੇ ਦਿਵਿਆਂਗਾਂ ਦੀ ਭਲਾਈ ਲਈ ਵੀ ਲਗਾਤਾਰ ਕੰਮ ਕਰ ਰਹੀ ਹੈ।
ਸੂਬਾ ਸਰਕਾਰ ਪਿਛਲੇ 3 ਸਾਲਾਂ ’ਚ ਇਨ੍ਹਾਂ ਵਰਗਾਂ ਨੂੰ 16847.83 ਕਰੋੜ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾ ਚੁੱਕੀ ਹੈ। ਜਿਸ ’ਚ ਇਸ ਚਾਲੂ ਵਿੱਤੀ ਸਾਲ ’ਚ ਵਿਧਵਾ ਅਤੇ ਬੇਸਹਾਰਾ ਔਰਤਾਂ ਨੂੰ ਜਨਵਰੀ 2025 ਤਕ ਦਿੱਤੀ ਗਈ 1042.63 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਸ਼ਾਮਲ ਹੈ। ਸੂਬੇ ਦੀਆਂ ਲਗਭਗ 6.47 ਲੱਖ ਵਿਧਵਾ ਅਤੇ ਬੇਸਹਾਰਾ ਔਰਤਾਂ ਇਸ ਯੋਜਨਾ ਦਾ ਲਾਭ ਲੈ ਰਹੀਆਂ ਹਨ।
ਸ਼ਹੀਦ ਪਰਿਵਾਰਾਂ ਨੂੰ 1 ਕਰੋੜ ਰੁਪਏ ਦੀ ਵਿੱਤੀ ਸਹਾਇਤਾ
ਪੰਜਾਬ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਡਿਊਟੀ ਦੌਰਾਨ ਸ਼ਹੀਦ ਹੋਏ ਪੁਲਸ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਨੂੰ 1-1 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇ ਰਹੀ ਹੈ। ਸੂਬਾ ਸਰਕਾਰ ਦਾ ਇਹ ਯਤਨ ਸੂਬੇ ’ਚ ਕਾਨੂੰਨ- ਵਿਵਸਥਾ ਬਣਾਏ ਰੱਖਣ ’ਚ ਇਨ੍ਹਾਂ ਬਹਾਦਰ ਯੋਧਿਆਂ ਦੇ ਮਹੱਤਵਪੂਰਨ ਯੋਗਦਾਨ ਦੇ ਸਮਰਥਨ ਦੇ ਰੂਪ ’ਚ ਹਨ। ਦੇਸ਼ ਸੇਵਾ ਲਈ ਆਪਣੀਆਂ ਜਾਨਾਂ ਦੀ ਆਹੁਤੀ ਤਕ ਦੇਣ ਵਾਲੇ ਫ਼ੌਜੀਆਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇਣਾ ਸੂਬਾ ਸਰਕਾਰ ਦੀ ਫੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਦੀ ਪ੍ਰਤੀਬੱਧਤਾ ਦਾ ਹਿੱਸਾ ਹੈ। ਸਰਕਾਰ ਨੂੰ ਆਸ ਹੈ ਕਿ ਇਸ ਨਾਲ ਨੌਜਵਾਨ ਹਥਿਆਬੰਦ ਬਲਾਂ ਅਤੇ ਪੰਜਾਬ ਪੁਲਸ ’ਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਹੋਣਗੇ।
ਇਹ ਵੀ ਪੜ੍ਹੋ : Punjab: ਪ੍ਰੀਖਿਆ ਕੇਂਦਰ ਦੇ ਸੁਪਰਡੈਂਟ 'ਤੇ ਡਿੱਗੀ ਗਾਜ, ਹੋਇਆ ਮੁਅੱਤਲ, ਮਾਮਲਾ ਕਰੇਗਾ ਹੈਰਾਨ
ਸੀ. ਐੱਮ. ਯੋਗਸ਼ਾਲਾ ਦੇ ਤਹਿਤ 1.5 ਲੱਖ ਲੋਕਾਂ ਨੇ ਲਾਭ ਉਠਾਇਆ
ਤੰਦਰੁਸਤ ਪੰਜਾਬ ਦੇ ਸੁਪਨੇ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਿਸੰਘ ਮਾਨ ਵਲੋਂ ਸ਼ੁਰੂ ਕੀਤੀ ਗਈ ਸੀ. ਐੱਮ. ਯੋਗਸ਼ਾਲਾ ਸੂਬਾ ਵਾਸੀਆਂ ਲਈ ਵਰਦਾਨ ਸਾਬਤ ਹੋ ਰਹੀ ਹੈ ਅਤੇ ਸੂਬੇ ਭਰ ’ਚ ਰੋਜ਼ਾਨਾ 1.5 ਲੱਖ ਤੋਂ ਵੱਧ ਲੋਕ ਮੁਫ਼ਤ ਯੋਗ ਕਲਾਸਾਂ ਲਗਾ ਰਹੇ ਹਨ। ਇਸ ਸਮੇਂ ਪੰਜਾਬ ਭਰ ’ਚ 3167 ਤੋਂ ਵੱਧ ਯੋਗ ਕਲਾਸਾਂ ਚਲਾਈਆਂ ਜਾ ਰਹੀਆਂ ਹਨ, ਜਿਥੇ 573 ਯੋਗਾ ਮਾਹਿਰ ਲੋਕਾਂ ਨੂੰ ਸੇਵਾਵਾਂ ਦੇ ਰਹੇ ਹਨ। ਇਹ ਯੋਗਾ ਕਲਾਸਾਂ ਬਿਲਕੁਲ ਮੁਫਤ ਹਨ।
15947 ਖਾਲਾਂ ਦੀ ਸਫਾਈ, ਨਹਿਰਾਂ ਦਾ ਪਾਣੀ ਆਖਰੀ ਟੇਲ ਤਕ
ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕਿਸਾਨਾਂ ਲਈ ਆਖਰੀ ਕੰਢੇ ਤਕ ਨਹਿਰੀ ਪਾਣੀ ਪਹੁੰਚਾ ਦਿੱਤਾ ਹੈ। ਜਿਸ ਨਾਲ ਕਿਸਾਨ ਇਸਦਾ ਲਾਭ ਉਠਾ ਰਹੇ ਹਨ। ਕਿਸਾਨਾਂ ਦੀ ਭਲਾਈ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਤਹਿਤ ਪੰਜਾਬ ਸਰਕਾਰ ਨੇ ਦਹਾਕਿਆਂ ਤੋਂ ਬੰਦ ਪਏ 15,947 ਖਾਲਾਂ ਦੀ ਸਫ਼ਾਈ ਕਰਵਾਈ ਹੈ, ਜਿਸ ਨਾਲ ਦਹਾਕਿਆਂ ਬਾਅਦ ਕਈ ਟੇਲਾਂ ਤਕ ਨਹਿਰ ਦਾ ਪਾਣੀ ਪਹੁੰਚਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਇਕ ਹੋਰ ਐਨਕਾਊਂਟਰ, ਪੁਲਸ ਤੇ ਤਸਕਰ ਵਿਚਾਲੇ ਚੱਲੀਆਂ ਗੋਲ਼ੀਆਂ, ਕੰਬਿਆ ਇਹ ਇਲਾਕਾ
118 ਨਵੇਂ ਸਕੂਲ ਆਫ਼ ਐਮੀਨੈਂਸ, ਅਧਿਆਪਕਾਂ ਦੀ ਸਿਖਲਾਈ ਸਿੰਗਾਪੁਰ ਅਤੇ ਫਿਨਲੈਂਡ ’ਚ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਿਛਲੇ 3 ਸਾਲਾਂ ’ਚ 118 ਸਰਕਾਰੀ ਸਕੂਲਾਂ ਨੂੰ ਅਤਿ ਆਧੁਨਿਕ ਸਕੂਲ ਆਫ ਐਮੀਨੈਂਸ ਵਜੋਂ ਵਿਕਸਿਤ ਕੀਤਾ ਹੈ ਅਤੇ ਸਾਰੇ ਸਰਕਾਰੀ ਸਕੂਲਾਂ ’ਚ ਹਾਈ-ਸਪੀਡ ਫਾਈਬਰ ਵਾਈਫਾਈ ਇੰਟਰਨੈੱਟ ਕੁਨੈਕਸ਼ਨ ਮੁਹੱਈਆ ਕਰਵਾਏ ਹਨ। ਇਸੇ ਤਰ੍ਹਾਂ ਟਾਇਲਟ, ਵਾਧੂ ਕਲਾਸ ਰੂਮ, ਪ੍ਰਯੋਗਸ਼ਾਲਾਵਾਂ, ਲਾਇਬ੍ਰੇਰੀਆਂ ਅਤੇ ਹੋਰ ਸਹੂਲਤਾਂ ਦੀ ਉਸਾਰੀ ਕਰਵਾਈ ਹੈ। ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਦੇ ਹੁਨਰ ਨੂੰ ਆਧੁਨਿਕ ਬਣਾਉਣ ਲਈ ਵੱਖ-ਵੱਖ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤੇ ਹਨ ਜਿਸ ਤਹਿਤ ਅਧਿਆਪਕਾਂ ਨੂੰ ਸਿਖਲਾਈ ਲਈ ਸਿੰਗਾਪੁਰ ਅਤੇ ਫਿਨਲੈਂਡ ਭੇਜਿਆ ਜਾ ਰਿਹਾ ਹੈ। ਇਸ ਤੋਂ ਇਲਾਵਾ 150 ਪ੍ਰਿੰਸੀਪਲਾਂ ਨੇ ਆਈ.ਆਈ.ਐੱਮ. ਅਹਿਮਦਾਬਾਦ ’ਚ ਸਿਖਲਾਈ ਹਾਸਲ ਕੀਤੀ, ਜਿਸ ’ਚ ਅਗਵਾਈ, ਸਕੂਲ ਮੈਨੇਜਮੈਂਟ, ਸਿੱਖਿਆ ’ਚ ਆਈ. ਏ. ਏਕੀਕਰਨ ਅਤੇ ਸਹਿਯੋਗ ਨਾਤਕ ਹਿੱਸੇਦਾਰੀ ’ਤੇ ਧਿਆਨ ਕੇਂਦਰਿਤ ਕੀਤਾ ਗਿਆ।
ਸੜਕ ਸੁਰੱਖਿਆ ਫੋਰਸ ਦਾ ਗਠਨ, 144 ਹਾਈਟੈੱਕ ਵਾਹਨ ਤੇ 5 ਹਜ਼ਾਰ ਪੁਲਸ ਮੁਲਾਜ਼ਮ ਤਾਇਨਾਤ
ਪੰਜਾਬ ’ਚ ਸੜਕ ਹਾਦਸਿਆਂ ’ਚ ਕਮੀ ਲਿਆਉਣ ਲਈ ਸੜਕ ਸੁਰੱਖਿਆ ਫੋਰਸ ਦਾ ਗਠਨ ਕੀਤਾ ਗਿਆ ਜੋ ਸੜਕ ਹਾਦਸਿਆਂ ਨੂੰ ਰੋਕਣ ਅਤੇ ਜ਼ਖਮੀਆਂ ਨੂੰ ਤੁਰੰਤ ਮਦਦ ਦਿਵਾਉਣ ਦਾ ਕੰਮ ਕਰ ਰਹੀ ਹੈ। ਇਸ ਦੇ ਲਈ 144 ਹਾਈਟੈੱਕ ਵਾਹਨਾਂ ਅਤੇ 5 ਹਜ਼ਾਰ ਪੁਲਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੜਕ ਹਾਦਸਿਆਂ ’ਚ ਜ਼ਖਮੀਆਂ ਨੂੰ ਹਸਪਤਾਲ ਤਕ ਪਹੁੰਚਾਉਣ ਲਈ ‘ਫਰਿਸ਼ਤੇ ਯੋਜਨਾ’ ਸ਼ੁਰੂ ਕੀਤੀ ਗਈ ਹੈ। ਸਰਕਾਰ ਦਾ ਟਾਰਗੈੱਟ ਸਾਰੇ ਨੈਸ਼ਨਲ ਅਤੇ ਸਟੇਟ ਹਾਈਵੇਅ ਨੂੰ ਸੈਂਟਰ ਕਮਾਂਡ ਨਾਲ ਜੋੜਣ ਦੀ ਯੋਜਨਾ ਹੈ ਤਾਂ ਜੋ ਸੜਕ ਹਾਦਸਿਆਂ ’ਚ ਮਰਨ ਵਾਲਿਆਂ ਦੀ ਗਿਣਤੀ ਨੂੰ 50 ਫੀਸਦੀ ਤਕ ਘਟਾਇਆ ਜਾ ਸਕੇ।
ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਤੋਂ ਮੱਥਾ ਟੇਕ ਵਾਪਸ ਆ ਰਹੇ ਦੋਸਤਾਂ ਨਾਲ ਰੂਹ ਕੰਬਾਊ ਹਾਦਸਾ, ਚੱਲਦੀ Thar ਨੂੰ ਲੱਗੀ ਅੱਗ
ਡੋਰ ਸਟੈੱਪ ਡਿਲਿਵਰੀ ਸੇਵਾ, ਹੁਣ 406 ਸਰਕਾਰੀ ਸੇਵਾਵਾਂ ਘਰ ’ਤੇ ਮੁਹੱਈਆ
ਪੰਜਾਬ ਦੇ ਨਾਗਰਿਕਾਂ ਨੂੰ ਪਾਰਦਰਸ਼ੀ, ਹੁਨਰਮੰਦ ਪ੍ਰਸ਼ਾਸਨ ਅਤੇ ਨਿਰਵਿਘਨ ਸਰਕਾਰੀ ਸੇਵਾਵਾਂ ਮੁਹੱਈਆ ਕਰਨ ਦੀ ਦਿਸ਼ਾ ’ਚ ਸਰਕਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ‘ਭਗਵੰਤ ਮਾਨ ਸਰਕਾਰ, ਤੁਹਾਡੇ ਦੁਆਰ’ ਯੋਜਨਾ ਦੇ ਤਹਿਤ ਸੇਵਾ ਕੇਂਦਰਾਂ ਰਾਹੀਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਲੋਕਾਂ ਨੂੰ ਘਰ ਬੈਠੇ ਮੁਹੱਈਆ ਕਰਵਾ ਰਹੀ ਹੈ।
ਇਸ ਦੇ ਤਹਿਤ ਡਰਾਈਵਿੰਗ ਲਾਇਸੈਂਸ ਯੂਟਿਲਟੀ ਕੁਨੈਕਸ਼ਨ ਜ਼ਿਲ੍ਹਾ ਅਧਿਕਾਰੀਆਂ ਤੋਂ ਐੱਨ. ਓ. ਸੀ., ਕਿਰਾਏਦਾਰ ਦੀ ਵੈਰੀਫਿਕੇਸ਼ਨ ਅਤੇ ਪਾਸਪੋਰਟ ਸਬੰਧੀ ਅਰਜ਼ੀਆਂ ਸਮੇਤ 406 ਸੇਵਾਵਾਂ ਦੀ ਡਲਿਵਰੀ ਨਾਗਰਿਕਾਂ ਨੂੰ ਦਰਵਾਜ਼ੇ ’ਤੇ ਕੀਤੀ ਜਾ ਰਹੀ ਹੈ। ਇਸ ਪਹਿਲ ਦਾ ਮਕਸਦ ਨੌਕਰਸ਼ਾਹੀ ਦੀਆਂ ਅੜਚਨਾਂ ਅਤੇ ਸਰਕਾਰੀ ਦਫਤਰਾਂ ’ਚ ਲੱਗਣ ਵਾਲੀਆਂ ਲੰਮੀਆਂ ਲਾਈਨਾਂ ਵਰਗੀਆਂ ਪੁਰਾਣੀਆਂ ਸਮੱਸਿਆਵਾਂ ਨੂੰ ਹੱਲ ਕਰਕੇ ਨਾਗਰਿਕਾਂ ਨੂੰ ਨਿਰਵਿਘਨ ਸੇਵਾਵਾਂ ਮੁਹੱਈਆ ਕਰਨਾ ਹੈ ਅਤੇ ਹੋਰ ਔਖੀਆਂ ਸਰਕਾਰੀ ਪ੍ਰਕਿਰਿਆਵਾਂ ਤੋਂ ਲੋਕਾਂ ਦਾ ਸਮਾਂ ਬਚਾਉਣਾ ਹੈ।
ਹੁਣ ਤਕ 96, 836 ਕਰੋੜ ਰੁਪਏ ਦਾ ਨਿਵੇਸ਼
ਉਦਯੋਗਾਂ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਗੰਭੀਰਤਾ ਅਤੇ ਇਮਾਨਦਾਰੀ ਦੇ ਕਾਰਨ ਮਾਰਚ 2022 ਤੋਂ ਹੁਣ ਤਕ 3 ਸਾਲਾਂ ’ਚ 96,836 ਕਰੋੜ ਰੁਪਏ ਦਾ ਨਿਵੇਸ਼ ਮਿਲਿਆ ਹੈ। ਜਿਸ ਨਾਲ 4 ਲੱਖ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਪੰਜਾਬ ਦੀਆਂ ਉਦਯੋਗ ਸਮਰਪਿਤ ਨੀਤੀਆਂ ਦੇ ਕਾਰਨ ਵੱਡੇ ਉਦਯੋਗਿਕ ਘਰਾਣੇ ਪੰਜਾਬ ’ਚ ਆਪਣੀਆਂ ਇਕਾਈਆਂ ਸਥਾਪਤ ਕਰਨ ’ਚ ਰੁਚੀ ਦਿਖਾ ਰਹੇ ਹਨ। ਪੰਜਾਬ ’ਚ ਨਿਵੇਸ਼ ਦਾ ਮਾਹੌਲ ਅਨੁਕੂਲ, ਢੁੱਕਵਾਂ ਅਤੇ ਸ਼ਾਂਤੀਪੂਰਨ ਹੈ ਅਤੇ ਪੰਜਾਬ ਸਰਕਾਰ ਉਦਮਾਂ ਦੇ ਵਿਕਾਸ ਲਈ ਪੂਰੀ ਲਗਨ ਨਾਲ ਕੰਮ ਕਰ ਰਹੀ ਹੈ। ਸੂਬਾ ਸਰਕਾਰ ਦੀਆਂ ਨੀਤੀਆਂ ਵੀ ਉਦਯੋਗ-ਪੱਖੀ ਹਨ ਅਤੇ ਛੋਟੇ ਅਤੇ ਦਰਮਿਆਨੇ ਉੱਦਮੀ ਸਹੁੰ ਪੱਤਰ ਦੇ ਕੇ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਹਨ ਅਤੇ ਜ਼ਰੂਰੀ ਦਸਤਾਵੇਜ਼ੀ ਪ੍ਰਕਿਰਿਆ ਤਿੰਨ ਸਾਲ ਦੇ ਅੰਦਰ ਪੂਰੀ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਜਲੰਧਰ ਨਗਰ ਨਿਗਮ ਦੇ ਕੌਂਸਲਰ ਹਾਊਸ ਦੀ ਹੋਈ ਪਹਿਲੀ ਮੀਟਿੰਗ, ਵਿਰੋਧੀ ਧਿਰ ਨੇ ਕੀਤਾ ਖ਼ੂਬ ਹੰਗਾਮਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            