CM ਭਗਵੰਤ ਮਾਨ ਨੇ ਮਾਲਵਾ ਨਹਿਰ ਦੇ ਕੰਮ ਦਾ ਲਿਆ ਜਾਇਜ਼ਾ, ਆਜ਼ਾਦੀ ਤੋਂ ਬਾਅਦ ਪੰਜਾਬ ’ਚ ਬਣੇਗੀ ਪਹਿਲੀ ਨਹਿਰ
Sunday, Jul 28, 2024 - 01:43 PM (IST)
ਚੰਡੀਗੜ੍ਹ/ਜਲੰਧਰ (ਅੰਕੁਰ, ਧਵਨ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਨੀਵਾਰ ਨੂੰ ਕਿਹਾ ਕਿ ਸੂਬਾ ਇਕ ਨਵਾਂ ਇਤਿਹਾਸ ਸਿਰਜਣ ਕੰਢੇ ਹੈ ਕਿਉਂਕਿ ਸੂਬੇ ਦੇ ਇਤਿਹਾਸ ’ਚ ਪਹਿਲੀ ਵਾਰ ਦੱਖਣੀ ਪੰਜਾਬ ਦੀਆਂ ਸਿੰਚਾਈ ਲੋੜਾਂ ਦੀ ਪੂਰਤੀ ਲਈ ਨਵੀਂ ਨਹਿਰ ‘ਮਾਲਵਾ ਕੈਨਾਲ’ਪੁੱਟੀ ਜਾ ਰਹੀ ਹੈ। ਮਾਲਵਾ ਨਹਿਰ ਦੇ ਚੱਲ ਰਹੇ ਕੰਮ ਦਾ ਮੁਆਇਨਾ ਕਰਨ ਮਗਰੋਂ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਇਕ ਰਿਕਾਰਡ ਹੈ ਕਿ ਪਿਛਲੀ ਕਿਸੇ ਵੀ ਸਰਕਾਰ ਨੇ ਸੂਬੇ ਦੀ ਇਸ ਲੋੜ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਇਸ ਘੋਰ ਅਣਗਹਿਲੀ ਕਾਰਨ ਧਰਤੀ ਹੇਠਲੇ ਪਾਣੀ ਦੀ ਵੱਧ ਵਰਤੋਂ ਹੋਈ ਹੈ, ਜਿਸ ਕਾਰਨ ਜ਼ਿਆਦਾਤਰ ਬਲਾਕ ਡਾਰਕ ਜ਼ੋਨ ’ਚ ਤਬਦੀਲ ਹੋ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਲਗਭਗ 150 ਕਿਲੋਮੀਟਰ ਲੰਬੀ ਇਹ ਨਵੀਂ ਨਹਿਰ ਸੂਬੇ, ਖ਼ਾਸ ਕਰਕੇ ਮਾਲਵਾ ਖੇਤਰ ’ਚ ਬੇਮਿਸਾਲ ਤਰੱਕੀ ਅਤੇ ਖ਼ੁਸ਼ਹਾਲੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰੇਗੀ। ਸੂਬੇ ’ਚ ‘ਮਾਲਵਾ ਨਹਿਰ’ਦੀ ਉਸਾਰੀ ਕਰਨ ਦਾ ਦੂਰਅੰਦੇਸ਼ੀ ਫ਼ੈਸਲਾ ਸੂਬੇ ’ਚ ਲਗਭਗ ਦੋ ਲੱਖ ਏਕੜ ਜ਼ਮੀਨ ਦੀ ਸਿੰਚਾਈ ਕਰਨ ’ਚ ਮਦਦ ਕਰੇਗਾ, ਜਿਸ ਨਾਲ ਸੂਬੇ ’ਚ ਬੇਮਿਸਾਲ ਵਿਕਾਸ ਅਤੇ ਤਰੱਕੀ ਦੇ ਯੁੱਗ ਦੀ ਨਵੀਂ ਸ਼ੁਰੂਆਤ ਹੋਵੇਗੀ।
ਇਹ ਵੀ ਪੜ੍ਹੋ- ਨਾਬਾਲਗ ਬੱਚਿਆਂ ਵੱਲੋਂ ਵਾਹਨ ਚਲਾਉਣ ਨੂੰ ਲੈ ਕੇ ਅਹਿਮ ਖ਼ਬਰ, ਪੰਜਾਬ ਪੁਲਸ ਨੇ ਪੂਰੇ ਸੂਬੇ 'ਚ ਲਾਈ ਇਹ ਪਾਬੰਦੀ
ਇਹ ਨਹਿਰ ਹਰੀਕੇ ਹੈੱਡਵਰਕਸ ਤੋਂ ਲੈ ਕੇ ਰਾਜਸਥਾਨ ਫੀਡਰ ਨਹਿਰ ਦੇ ਖੱਬੇ ਪਾਸੇ ਦੇ ਨਾਲ-ਨਾਲ ਇਸ ਦੇ ਹੈੱਡਵਰਕ ਤੋਂ ਪਿੰਡ ਵੜਿੰਗ ਖੇੜਾ ਤਕ ਬਣਾਉਣ ਦੀ ਤਜਵੀਜ਼ ਹੈ ਅਤੇ ਨਹਿਰ ਦਾ ਕੁਝ ਹਿੱਸਾ ਰਾਜਸਥਾਨ ਸਰਕਾਰ ਦੀ ਸੂਬੇ ’ਚ ਸਥਿਤ ਜ਼ਮੀਨ ’ਚ ਵੀ ਬਣੇਗਾ, ਜੋ ਰਾਜਸਥਾਨ ਫੀਡਰ ਦੇ ਨਿਰਮਾਣ ਲਈ ਐਕੁਆਇਰ ਕੀਤੀ ਗਈ ਸੀ। ਇਹ ਨਹਿਰ ਰਾਜਸਥਾਨ ਫੀਡਰ ਨਹਿਰ ਦੇ ਖੱਬੇ ਪਾਸੇ ਵਾਧੂ ਪਾਣੀ ਦੇ ਸਰੋਤ ਪ੍ਰਦਾਨ ਕਰੇਗੀ, ਜਿਸ ਨੂੰ ਸਰਹਿੰਦ ਫੀਡਰ ਨਹਿਰ ਵੱਲੋਂ ਢੁੱਕਵੀਂ ਮਾਤਰਾ ’ਚ ਸਪਲਾਈ ਨਹੀਂ ਕੀਤਾ ਜਾ ਸਕਦਾ ਹੈ। 149.53 ਕਿਲੋਮੀਟਰ ਲੰਬੀ ਇਸ ਨਹਿਰ ਦੀ ਪ੍ਰਸਤਾਵਿਤ ਸਮਰੱਥਾ 2000 ਕਿਊਸਿਕ ਹੈ ਅਤੇ ਇਸ ਨੂੰ 2300 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ।
ਮਾਲਵਾ ਨਹਿਰ ਦਾ ਨਿਰਮਾਣ ਸੂਬੇ ਲਈ ਬਹੁਤ ਮਹੱਤਵ ਰੱਖਦਾ ਹੈ ਕਿਉਂਕਿ ਸਾਉਣੀ ਦੇ ਸੀਜ਼ਨ ਦੌਰਾਨ ਫਿਰੋਜ਼ਪੁਰ ਫੀਡਰ ਤੋਂ ਪਾਣੀ ਦੀ ਮੰਗ ਜ਼ਿਆਦਾ ਹੋਣ ਕਾਰਨ ਪੰਜਾਬ ਦੀ ਸਮੁੱਚੀ ਮੰਗ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ ਅਤੇ ਸਿੱਟੇ ਵਜੋਂ ਸਰਹਿੰਦ ਫੀਡਰ ਦੀ ਸਪਲਾਈ ਵੀ ਪ੍ਰਭਾਵਿਤ ਹੁੰਦੀ ਹੈ। ਸਰਹਿੰਦ ਫੀਡਰ ਦੀ ਆਰ. ਡੀ. 7100 ਤੋਂ 430080 ਦੇ ਦਰਮਿਆਨ 302 ਲਿਫਟ ਪੰਪ ਚੱਲ ਰਹੇ ਹਨ, ਜੋ ਰਾਜਸਥਾਨ ਫੀਡਰ ਦੇ ਖੱਬੇ ਪਾਸੇ ਵਾਲੇ ਖੇਤਰ ਨੂੰ ਸਿੰਚਾਈ ਕਰਦੇ ਹਨ ਜਦਕਿ ਸ਼ੁਰੂ ’ਚ ਰੋਪੜ ਹੈੱਡਵਰਕਸ ਤੋਂ ਸਰਹਿੰਦ ਨਹਿਰ ਪ੍ਰਣਾਲੀ (ਅਬੋਹਰ ਬ੍ਰਾਂਚ ਅੱਪਰ ਅਤੇ ਬਠਿੰਡਾ ਬ੍ਰਾਂਚ) ਵੱਲੋਂ ਸਿੰਚਾਈ ਕੀਤੀ ਜਾਂਦੀ ਸੀ। ਇਸ ਨਾਲ ਸਰਹਿੰਦ ਫੀਡਰ ਤੋਂ ਅਬੋਹਰ ਖੇਤਰ ਲਈ ਵਧੇਰੇ ਪਾਣੀ ਮੁਹੱਈਆ ਹੋਵੇਗਾ। ਇਸ ਨਹਿਰ ਦੇ ਬਣਨ ਨਾਲ ਮੁਕਤਸਰ, ਗਿੱਦੜਬਾਹਾ, ਬਠਿੰਡਾ, ਜ਼ੀਰਾ ਦੇ ਖੇਤਰਾਂ ਦੇ ਨਾਲ-ਨਾਲ ਅਬੋਹਰ, ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਖੇਤਰਾਂ ਨੂੰ ਉਨ੍ਹਾਂ ਦੇ ਹਿੱਸੇ ਦਾ ਪਾਣੀ ਮਿਲੇਗਾ।
ਇਹ ਵੀ ਪੜ੍ਹੋ- ਕੁੱਲ੍ਹੜ ਪਿੱਜ਼ਾ ਕੱਪਲ ਦੀ ਤਰ੍ਹਾਂ ਜਲੰਧਰ ਦੀ ਇਸ ਮਸ਼ਹੂਰ ਸੋਸ਼ਲ ਮੀਡੀਆ ਇੰਫਲੂਐਂਸਰ ਤੇ ਮਾਡਲ ਦੀ ਅਸ਼ਲੀਲ ਵੀਡੀਓ ਵਾਇਰਲ
ਇਹ ਮੇਰਾ ਡ੍ਰੀਮ ਪ੍ਰਾਜੈਕਟ
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਸ ਵੱਕਾਰੀ ਪ੍ਰਾਜੈਕਟ ’ਤੇ ਲਗਭਗ 2300 ਕਰੋੜ ਰੁਪਏ ਖਰਚ ਕਰੇਗੀ, ਜੋ ਸੂਬੇ ਦੀ ਲਗਭਗ ਦੋ ਲੱਖ ਏਕੜ ਉਪਜਾਊ ਜ਼ਮੀਨ ਦੀਆਂ ਸਿੰਚਾਈ ਲੋੜਾਂ ਦੀ ਪੂਰਤੀ ਕਰੇਗੀ। ਮਾਨ ਨੇ ਕਿਹਾ ਕਿ ਉਨ੍ਹਾਂ ਨੇ ਸੂਬੇ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਕਾਫੀ ਪਹਿਲਾਂ ਇਸ ਪ੍ਰਾਜੈਕਟ ਦਾ ਵਿਚਾਰ ਬਣਾਇਆ ਸੀ। ਉਨ੍ਹਾਂ ਕਿਹਾ ਕਿ ਅਸਲ ’ਚ ਇਹ ਉਨ੍ਹਾਂ ਦਾ ਡ੍ਰੀਮ ਪ੍ਰਾਜੈਕਟ ਹੈ, ਜਿਸ ਦਾ ਮਕਸਦ ਸੂਬੇ ਦੇ ਸਮੁੱਚੇ ਵਿਕਾਸ ਅਤੇ ਵਿਸ਼ੇਸ਼ ਤੌਰ ’ਤੇ ਮਾਲਵਾ ਖੇਤਰ ਦੇ ਵਿਕਾਸ ਨੂੰ ਵੱਡਾ ਹੁਲਾਰਾ ਦੇਣਾ ਹੈ।
150 ਕਿਲੋਮੀਟਰ ਲੰਬੀ ਮਾਲਵਾ ਨਹਿਰ 2 ਲੱਖ ਏਕੜ ਤੋਂ ਵੱਧ ਜ਼ਮੀਨ ਦੀਆਂ ਸਿੰਜਾਈ ਦੀਆਂ ਲੋੜਾਂ ਨੂੰ ਕਰੇਗੀ ਪੂਰਾ ਕਰੇਗੀ।
ਪੰਥ ਦੇ ਨਾਂ ’ਤੇ ਵੋਟਾਂ ਮੰਗਣ ਵਾਲਿਆਂ ਨੇ ਕਦੇ ਵੀ ਅਜਿਹਾ ਕਦਮ ਚੁੱਕਣ ਦੀ ਖੇਚਲ ਨਹੀਂ ਕੀਤੀ
ਪਿਛਲੇ ਹੁਕਮਰਾਨਾਂ ’ਤੇ ਵਿਅੰਗ ਕਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਥ ਦੇ ਨਾਂ ’ਤੇ ਵੋਟਾਂ ਮੰਗਣ ਵਾਲਿਆਂ ਨੇ ਕਦੇ ਵੀ ਅਜਿਹਾ ਕਦਮ ਚੁੱਕਣ ਦੀ ਖੇਚਲ ਨਹੀਂ ਕੀਤੀ। ਅਕਾਲੀ ਆਗੂ ਅਜਿਹੇ ਪ੍ਰਾਜੈਕਟਾਂ, ਜਿਨਾਂ ਨਾਲ ਆਮ ਆਦਮੀ ਦੀ ਕਿਸਮਤ ਬਦਲ ਸਕਦੀ ਸੀ, ਨੂੰ ਚਲਾਉਣ ਦੀ ਬਜਾਏ ਆਪਣੇ ਖੇਤਾਂ ਤੱਕ ਪਾਣੀ ਪਹੁੰਚਾਉਣ ’ਚ ਜ਼ਿਆਦਾ ਦਿਲਚਸਪੀ ਰੱਖਦੇ ਸਨ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਵਿਰੋਧੀ ਪੈਂਤੜੇ ਕਾਰਨ ਇਨ੍ਹਾਂ ਆਗੂਆਂ ਨੂੰ ਵੋਟਰਾਂ ਨੇ ਸਿਰੇ ਤੋਂ ਨਕਾਰ ਦਿੱਤਾ ਅਤੇ ਮੌਜੂਦਾ ਸਰਕਾਰ ਨੂੰ ਵੱਡਾ ਫ਼ਤਵਾ ਦਿੱਤਾ। ਮੁੱਖ ਮੰਤਰੀ ਨੇ ਵਿਅੰਗ ਕੀਤਾ ਕਿ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਸੂਬੇ ਦੇ ਪਾਣੀਆਂ ਦੀ ਰਾਇਲਟੀ ਮੰਗਣ ਦੇ ਮੁੱਦੇ ’ਤੇ ਮਗਰਮੱਛ ਦੇ ਹੰਝੂ ਵਹਾ ਰਹੀ ਹੈ। ਉਨ੍ਹਾਂ ਨੇ ਲੋਕ ਸਭਾ ਮੈਂਬਰ ਨੂੰ ਯਾਦ ਦਿਵਾਇਆ ਕਿ 1970 ਦੇ ਦਹਾਕੇ ਤੋਂ ਬਾਅਦ ਜ਼ਿਆਦਾ ਸਮੇਂ ਤੱਕ ਉਨ੍ਹਾਂ ਦਾ ਪਰਿਵਾਰ ਪੰਜਾਬ ’ਚ ਸੱਤਾ ’ਤੇ ਕਾਬਜ਼ ਰਿਹਾ ਹੈ ਪਰ ਉਨ੍ਹਾਂ ਨੇ ਕਦੇ ਵੀ ਇਸ ਮੁੱਦੇ ਨੂੰ ਕਿਤੇ ਵੀ ਨਹੀਂ ਉਠਾਇਆ। ਹੁਣ ਜਦੋਂ ਸੂਬੇ ਦੇ ਲੋਕਾਂ ਨੇ ਉਨ੍ਹਾਂ ਨੂੰ ਸਿਆਸੀ ਗੁਮਨਾਮੀ ’ਚ ਧੱਕ ਦਿੱਤਾ ਹੈ ਤਾਂ ਬਾਦਲ ਪਰਿਵਾਰ ਇਹ ਮੁੱਦੇ ਉਠਾ ਰਿਹਾ ਹੈ।
ਇਹ ਵੀ ਪੜ੍ਹੋ- ਜਲੰਧਰ ਤੋਂ ਵੱਡੀ ਖ਼ਬਰ: ਮਸ਼ਹੂਰ ਇੰਪੀਰੀਅਲ ਮੈਡੀਕਲ ਹਾਲ 'ਚ ਦਿਨ-ਦਿਹਾੜੇ ਹਥਿਆਰਾਂ ਦੇ ਜ਼ੋਰ 'ਤੇ ਮਾਰਿਆ ਡਾਕਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।