CM ਭਗਵੰਤ ਮਾਨ ਨੇ ਖ਼ੁਸ਼ ਕੀਤੇ ਪੰਜਾਬ ਪੁਲਸ ਦੇ ਮੁਲਾਜ਼ਮ, ਜਾਣੋ ਕਿਹੜੇ ਕੀਤੇ ਵੱਡੇ ਐਲਾਨ (ਵੀਡੀਓ)

06/09/2023 11:32:21 AM

ਸੰਗਰੂਰ : ਪੰਜਾਬ ਦੇ ਮੁੱਖ ਮੰਤਰੀ ਵੱਲੋਂ ਨਵੇਂ-ਨਿਯੁਕਤ ਜੇਲ੍ਹ ਵਾਰਡਰਾਂ ਨੂੰ ਨਿਯੁਕਤੀ ਪੱਤਰ ਅਤੇ ਸਿੱਖਿਆਰਥੀਆਂ ਨੂੰ ਇਨਾਮ ਅਤੇ ਸਰਟੀਫਿਕੇਟ ਵੰਡੇ ਗਏ। ਇੱਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 200 ਤੋਂ ਜ਼ਿਆਦਾ ਵਾਰਡਰ ਟ੍ਰੇਨਿੰਗ ਲੈ ਕੇ ਅੱਜ ਪਰੇਡ 'ਚ ਸ਼ਾਮਲ ਹੋਏ ਹਨ ਅਤੇ ਅੱਜ ਇਨ੍ਹਾਂ ਦੇ ਪਰਿਵਾਰ ਬੇਹੱਦ ਖ਼ੁਸ਼ ਹੋਣਗੇ। ਮੁੱਖ ਮੰਤਰੀ ਮਾਨ ਨੇ ਇਨ੍ਹਾਂ ਵਾਰਡਰਾਂ ਨੂੰ ਡਿਊਟੀ ਲਈ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਜਿਸ ਵੇਲੇ ਅਸੀਂ ਆਪਣੇ ਪਰਿਵਾਰਾਂ ਨਾਲ ਗਰਮੀਆਂ 'ਚ ਏ. ਸੀ. ਲਾ ਕੇ ਸੁੱਤੇ ਪਏ ਹੁੰਦੇ ਹਾਂ ਤਾਂ ਉਸ ਵੇਲੇ ਇਹ ਜਵਾਨ ਸੜਕਾਂ 'ਤੇ ਡਿਊਟੀ ਕਰ ਰਹੇ ਹੁੰਦੇ ਹਾਂ ਤਾਂ ਕਿ ਕੋਈ ਸਾਨੂੰ ਪਰੇਸ਼ਾਨ ਨਾ ਕਰ ਸਕੇ। ਇਹ ਜਵਾਨ ਦਿਨ-ਰਾਤ ਸਾਡੀ ਸੁਰੱਖਿਆ ਲਈ ਤਿਆਰ ਰਹਿੰਦੇ ਹਨ ਅਤੇ ਬਹੁਤੇ ਜਵਾਨ ਡਿਊਟੀ ਦੌਰਾਨ ਸ਼ਹੀਦ ਵੀ ਹੋ ਜਾਂਦੇ ਹਨ, ਜਿਸ ਦੀ ਕੋਈ ਕੀਮਤ ਨਹੀਂ ਨਾਪੀ ਜਾ ਸਕਦੀ।

ਉਨ੍ਹਾਂ ਕਿਹਾ ਕਿ ਅਸੀਂ ਪੁਲਸ ਵਿਭਾਗ 'ਚ ਕਈ ਤਰ੍ਹਾਂ ਦੇ ਸੁਧਾਰ ਕਰ ਰਹੇ ਹਾਂ। ਮੈਂ ਜਦੋਂ ਸੰਸਦ ਮੈਂਬਰ ਸੀ ਤਾਂ ਉਦੋਂ ਤੋਂ ਮੇਰਾ ਇਕ ਅਸੂਲ ਰਿਹਾ ਕਿ ਛੋਟੇ ਤੋਂ ਛੋਟਾ ਸਿਪਾਹੀ ਅਤੇ ਵੱਡੇ ਤੋਂ ਵੱਡਾ ਕੋਈ ਅਫ਼ਸਰ ਜਦੋਂ ਪ੍ਰੋਟੋਕਾਲ ਦੀ ਡਿਊਟੀ 'ਤੇ ਹੁੰਦਾ ਹੈ ਤਾਂ ਉਸ ਦੇ ਸਲੂਟ ਦਾ ਜਵਾਬ ਜ਼ਰੂਰ ਦੇਣਾ ਹੈ। ਉਨ੍ਹਾਂ ਕਿਹਾ ਕਿ ਹਰ ਪੁਲਸ ਮੁਲਾਜ਼ਮ ਕੋਲ ਜਨਮਦਿਨ ਵਾਲੇ ਦਿਨ ਡੀ. ਜੀ. ਪੀ. ਪੰਜਾਬ ਅਤੇ ਮੇਰੇ ਵੱਲੋਂ ਸਾਈਨ ਕੀਤਾ ਗਿਆ ਕਾਰਡ ਜਾਂਦਾ ਹੈ, ਨਹੀਂ ਤਾਂ ਪਹਿਲਾਂ ਪੁਲਸ ਮੁਲਾਜ਼ਮ ਚੋਰੀ ਜਨਮਦਿਨ ਮਨਾਉਣ ਲਈ ਇਕ-ਦੂਜੇ ਨਾਲ ਡਿਊਟੀ ਬਦਲਦੇ ਸਨ।

ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਨੂੰ ਬੀਤੇ ਦਿਨੀਂ 92 ਨਵੀਆਂ ਹਾਈਟੈੱਕ ਗੱਡੀਆਂ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ ਇਸ ਵਾਰ ਅਸੀਂ ਹੇਠਲੇ ਪੱਧਰ ਤੋਂ ਗੱਡੀਆਂ ਵੰਡਣੀਆਂ ਸ਼ੁਰੂ ਕੀਤੀਆਂ ਕਿਉਂਕਿ ਜਦੋਂ ਉੱਪਰਲੇ ਪੱਧਰ ਤੋਂ ਇਹ ਗੱਡੀਆਂ ਵੰਡਦੇ ਸੀ ਤਾਂ ਹੇਠਲੇ ਪੱਧਰ ਤੱਕ ਆਉਂਦੇ-ਆਉਂਦੇ ਇਨ੍ਹਾਂ ਦੀ ਹਾਲਤ ਮਾੜੀ ਹੋ ਜਾਂਦੀ ਸੀ। ਇਸ ਲਈ ਇਸ ਵਾਰ ਥਾਣਿਆਂ ਅਤੇ ਚੌਂਕੀਆਂ ਨੂੰ ਨਵੀਆਂ ਗੱਡੀਆਂ ਵੰਡੀਆਂ ਗਈਆਂ ਹਨ। 

ਇਹ ਵੀ ਪੜ੍ਹੋ : ਲੁਧਿਆਣਾ ਦੇ ਨਿਊ ਕੋਰਟ ਕੰਪਲੈਕਸ ਨੇੜੇ ਧਮਾਕੇ ਦਾ ਪੁਲਸ ਨੇ ਦੱਸਿਆ ਸੱਚ, ਲੋਕਾਂ ਨੂੰ ਕੀਤੀ ਅਪੀਲ
ਪੰਜਾਬ ਪੁਲਸ ਲਈ ਕੀਤੇ ਅਹਿਮ ਐਲਾਨ
ਡਰੋਨ ਗਤੀਵਿਧੀਆਂ ਨੂੰ ਮੁੱਖ ਰੱਖਦਿਆਂ ਜਲਦ ਹੀ ਐਂਟੀ ਡਰੋਨ ਪਾਲਿਸੀ ਲੈ ਕੇ ਆਵਾਂਗੇ।
ਜੇਲ੍ਹਾਂ 'ਚ ਹੋਣ ਵਾਲੇ ਅਪਰਾਧ ਨੂੰ ਖ਼ਤਮ ਕਰਨ ਲਈ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ।
ਪੰਜਾਬ ਪੁਲਸ ਅਤੇ ਜੇਲ੍ਹਾਂ 'ਚ ਬੰਦ ਕੈਦੀਆਂ ਲਈ 100 ਕਰੋੜ ਰੁਪਿਆ ਕੇਂਦਰ ਸਰਕਾਰ ਤੋਂ ਮਨਜ਼ੂਰ ਕਰਵਾਇਆ ਗਿਆ ਹੈ।
ਲੁਧਿਆਣਾ ਨੇੜੇ ਪਿੰਡ 'ਚ ਹਾਈ ਸਕਿਓਰਿਟੀ ਡਿਜੀਟੀਲ ਜੇਲ੍ਹ ਬਣਾਈ ਜਾਵੇਗੀ। ਇਸ ਦੇ ਲਈ ਪਿੰਡ 'ਚ 50 ਏਕੜ ਜ਼ਮੀਨ ਪੰਚਾਇਤ ਤੋਂ ਲੀਜ਼ 'ਤੇ ਲਈ ਗਈ ਹੈ। 
ਜੇਲ੍ਹ ਦੇ ਗਰਾਊਂਡ ਫਲੋਰ 'ਤੇ ਅਦਾਲਤ ਹੋਵੇਗੀ, ਜਿਸ 'ਚ ਜੱਜਾਂ ਦੇ ਬੈਠਣ ਲਈ ਕੈਬਿਨ ਹੋਣਗੇ।
ਜੇਲ੍ਹ ਦੇ ਉੱਪਰਲਾ ਫਲੋਰ ਕੈਦੀਆਂ ਲਈ ਹੋਵੇਗਾ ਅਤੇ ਬੇਹੱਦ ਖ਼ਤਰਨਾਕ ਕੈਦੀਆਂ ਨੂੰ ਇੱਥੇ ਰੱਖਿਆ ਜਾਵੇਗਾ। 
ਕੈਦੀਆਂ ਦੀ ਜੇਲ੍ਹ ਅੰਦਰ ਹੀ ਪੇਸ਼ੀ ਹੋਇਆ ਕਰੇਗੀ ਤਾਂ ਜੋ ਜੇਲ੍ਹ ਤੋਂ ਅਦਾਲਤ ਅਤੇ ਅਦਾਲਤ ਤੋਂ ਜੇਲ੍ਹ ਤੱਕ ਜਾਂਦੇ ਸਮੇਂ ਜੋ ਘਟਨਾਵਾਂ ਹੁੰਦੀਆਂ ਸਨ, ਉਨ੍ਹਾਂ 'ਤੇ ਰੋਕ ਲੱਗ ਸਕੇਗੀ। 
ਜੱਜ ਸਾਹਿਬ ਖ਼ੁਦ ਅਦਾਲਤ 'ਚ ਆਇਆ ਕਰਨਗੇ ਅਤੇ ਕੈਦੀਆਂ ਨੂੰ ਪੇਸ਼ੀ ਲਈ ਬਾਹਰ ਲਿਜਾਣ ਦੀ ਲੋੜ ਨਹੀਂ ਪਵੇਗੀ। 
ਗੂਗਲ ਨਾਲ ਮਿਲ ਕੇ ਪੁਲਸ ਨੂੰ ਅਪਡੇਟ ਕਰ ਰਹੇ ਹਾਂ।
ਮੋਹਾਲੀ ਦੇ ਸੈਕਟਰ-68 ਵਿਖੇ ਇਕ ਏਕੜ ਪਲਾਟ ਖ਼ਰੀਦਿਆ ਗਿਆ ਹੈ, ਜਿੱਥੇ ਜੇਲ੍ਹ ਵਿਭਾਗ ਦਾ ਡਿਜੀਟਲ ਮੁੱਖ ਦਫ਼ਤਰ ਬਣਾਇਆ ਜਾਵੇਗਾ।
ਮੋਬਾਇਲ ਜੈਮਿੰਗ ਤਕਨਾਲੋਜੀ 'ਤੇ ਵੀ ਕੰਮ ਚੱਲ ਰਿਹਾ ਹੈ। 
ਚੰਗੇ ਆਚਰਣ ਵਾਲੇ ਕੈਦੀਆਂ ਲਈ ਪਰਿਵਾਰਕ ਮੁਲਾਕਾਤਾਂ ਸ਼ੁਰੂ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ : ਚੰਗੀ ਖ਼ਬਰ : ਚੰਡੀਗੜ੍ਹ 'ਚ ਖੁੱਲ੍ਹਿਆ ਪਹਿਲਾ ਅਨੋਖਾ ਬੈਂਕ, ਇੱਥੇ ਪੈਸਾ ਨਹੀਂ, ਸਗੋਂ ਜਮ੍ਹਾਂ ਹੋਵੇਗਾ 'Time
ਸਜ਼ਾ ਪੂਰੀ ਕਰ ਚੁੱਕੇ ਚੰਗੇ ਆਚਰਣ ਵਾਲੇ ਕੈਦੀਆਂ ਨੂੰ ਵੀ ਛੱਡਿਆ ਜਾ ਰਿਹਾ ਹੈ।
ਪਰੇਡ ਵਾਲ ਇਸ ਟਰੈਕ ਨੂੰ ਸਿੰਥੈਟਿਕ ਟਰੈਕ ਬਣਾਉਣ ਲਈ 450 ਕਰੋੜ ਰੁਪਿਆ ਮਨਜ਼ੂਰ ਕੀਤਾ ਗਿਆ ਹੈ।
ਹੋਸਟਲ ਅਤੇ 500 ਟ੍ਰੇਨੀਜ਼ ਲਈ ਰਿਹਾਇਸ਼ ਦਾ ਪ੍ਰਬੰਧ ਕਰਨ ਵਾਸਤੇ 3 ਕਰੋੜ ਰੁਪਿਆ ਮਨਜ਼ੂਰ ਕੀਤਾ ਗਿਆ ਹੈ।
ਫਾਇਰਿੰਗ ਰੇਂਜ ਵਾਸਤੇ 25 ਲੱਖ ਰੁਪਿਆ ਮਨਜ਼ੂਰ ਕੀਤਾ ਗਿਆ ਹੈ।
ਸਾਰਿਆਂ ਕੰਮਾਂ ਲਈ ਕੁੱਲ 8 ਲੱਖ ਰੁਪਿਆ ਜਲਦ ਹੀ ਪੰਜਾਬ ਪੁਲਸ ਦੇ ਖ਼ਾਤੇ 'ਚ ਆ ਜਾਵੇਗਾ।
ਜੇਲ੍ਹ ਵਿਭਾਗ 'ਚ ਕੰਮ ਕਰਦੇ ਕੈਦੀਆਂ ਨੂੰ ਮਸ਼ੀਨਾਂ ਦੇਣ ਵਾਸਤੇ 10 ਕਰੋੜ ਰੁਪਿਆ ਮਨਜ਼ੂਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਲੋਪੋਕੇ ਪੁਲਸ ਤੇ BSF ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਕਰੋੜਾਂ ਦੀ ਹੈਰੋਇਨ ਬਰਾਮਦ

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ 'ਚ ਰੋਜ਼ਾਨਾ 14 ਅਤੇ ਸਾਲ 'ਚ ਔਸਤਨ 5500 ਜਾਨਾਂ ਸੜਕ ਹਾਦਸਿਆਂ ਦੌਰਾਨ ਚਲੀਆਂ ਜਾਂਦੀਆਂ ਹਨ। ਇਸ ਨੂੰ ਰੋਕਣ ਲਈ ਅਸੀਂ 'ਸੜਕ ਸੁਰੱਖਿਆ ਫੋਰਸ' ਬਣਾਵਾਂਗੇ। ਇਹ ਪੁਲਸ ਫੋਰਸ ਸਿਰਫ ਸੜਕਾਂ ਦਾ ਧਿਆਨ ਰੱਖੇਗੀ ਅਤੇ ਇਸ ਨੂੰ ਨਵੀਆਂ ਗੱਡੀਆਂ ਲੈ ਕੇ ਦੇਵਾਂਗੇ। ਇਸ ਫੋਰਸ ਦਾ ਕੰਮ ਗਲਤ ਤਰੀਕੇ ਨਾਲ ਵਾਹਨ ਚਲਾ ਰਹੇ ਲੋਕਾਂ ਨੂੰ ਰੋਕਣਾ, ਸੜਕਾਂ 'ਤੇ ਖੜ੍ਹੇ ਖ਼ਰਾਬ ਵਾਹਨਾਂ ਨੂੰ ਸਾਈਡ 'ਤੇ ਕਰਨਾ ਅਤੇ ਸੜਕ ਨੂੰ ਕਲੀਅਰ ਰੱਖਣਾ ਹੋਵੇਗਾ। ਇਸ ਦੇ ਨਾਲ ਹੀ ਥਾਣਿਆਂ ਦੀ ਪੁਲਸ 'ਤੇ ਬੋਝ ਘਟੇਗਾ ਅਤੇ ਜਿੱਥੇ ਉਹ ਥਾਣਿਆਂ 'ਚ ਜ਼ਿਆਦਾ ਦੇਰ ਡਿਊਟੀ ਦੇ ਸਕਣਗੇ, ਉੱਥੇ ਹੀ ਆਪਣੇ ਪਰਿਵਾਰਾਂ ਨਾਲ ਵੀ ਸਮਾਂ ਬਿਤਾ ਸਕਣਗੇ। ਅਖ਼ੀਰ 'ਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਪੁਲਸ ਨੂੰ ਆਪਣੀ ਡਿਊਟੀ ਕਰਨ 'ਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ ਪੁਲਸ ਸਾਡੇ ਲਈ ਹਰ ਵਾਲੇ ਸੀਨਾ ਤਾਣ ਕੇ ਖੜ੍ਹੀ ਹੈ ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਪੰਜਾਬ ਪੁਲਸ ਨੂੰ ਦੁਨੀਆ ਦੀ ਸਭ ਤੋਂ ਵਧੀਆ ਪੁਲਸ ਬਣਾਈਏ ਅਤੇ ਸਭ ਤੋਂ ਵਧੀਆ ਸਹੂਲਤਾਂ ਪੰਜਾਬ ਪੁਲਸ ਕੋਲ ਹੋਣ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News