ਹੁਣ ਵਜ਼ੀਫ਼ਾ ਘਪਲੇ ਦੀਆਂ ਪਰਤਾਂ ਫਰੋਲਣ ਦੀ ਤਿਆਰੀ ’ਚ ਪੰਜਾਬ ਸਰਕਾਰ, CM ਮਾਨ ਵੱਲੋਂ CBI ਜਾਂਚ ਦਾ ਭਰੋਸਾ

Thursday, Aug 18, 2022 - 01:50 PM (IST)

ਹੁਣ ਵਜ਼ੀਫ਼ਾ ਘਪਲੇ ਦੀਆਂ ਪਰਤਾਂ ਫਰੋਲਣ ਦੀ ਤਿਆਰੀ ’ਚ ਪੰਜਾਬ ਸਰਕਾਰ, CM ਮਾਨ ਵੱਲੋਂ CBI ਜਾਂਚ ਦਾ ਭਰੋਸਾ

ਚੰਡਗੜ੍ਹ : ਪੰਜਾਬ ਦੇ ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਦੇ ਇਕ ਵਫ਼ਦ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। ਵਫ਼ਦ ਦੀ ਅਗਵਾਈ ਸਾਬਕਾ ਵਿਧਾਇਕ ਬਲਦੇਵ ਸਿੰਘ ਨੇ ਕੀਤੀ। ਵਫ਼ਦ 'ਚ ਸ਼ਾਮਲ ਕੌਮੀ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਗਿੱਲ, ਲਛਮਣ ਸਿੰਘ ਸਹੋਤਾ, ਬਲਵੰਤ ਸਿੰਘ, ਬੇਅੰਤ ਸਿੰਘ ਸਿੱਧੂ, ਜਸਕਰਨ ਸਿੰਘ ਸੰਧੂ ਤੇ ਗੁਰਬਚਨ ਸਿੰਘ ਸਿਵੀਆਂ ਨੇ ਸੂਬੇ ਦੇ ਲੋਕਾਂ ਨਾਲ ਸਬੰਧਤ ਕਈ ਅਹਿਮ ਮਸਲੇ ਮੁੱਖ ਮੰਤਰੀ ਦੇ ਧਿਆਨ 'ਚ ਲਿਆਂਦੇ।

ਮੁੱਖ ਮੰਤਰੀ ਦੀ ਰਿਹਾਇਸ਼ ਤੇ ਹੋਈ ਇਸ ਮੁਲਾਕਾਤ ਦੌਰਾਨ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਨੂੰ ਆਪੋ-ਆਪਣੇ ਮੰਗ ਪੱਤਰ ਸੌਂਪੇ। ਇਸ ਮੌਕੇ ਸਾਬਕਾ ਵਿਧਾਇਕ ਮਾ. ਬਲਦੇਵ ਸਿੰਘਨੇ ਲੋਕਹਿੱਤ ਨਾਲ ਸਬੰਧਤ ਮੁੱਦਿਆਂ 'ਤੇ ਮੁੱਖ ਮੰਤਰੀ ਨਾਲ ਚਰਚਾ ਕੀਤੀ। ਸਤਨਾਮ ਸਿੰਘ ਗਿੱਲ ਨੇ ਈਸਾਈ ਤੇ ਮੁਸਲਮਾਨ ਭਾਈਚਾਰੇ ਦੇ ਹੱਕ 'ਚ ਵਕਾਲਤ ਕਰਦਿਆਂ ਕਬਰਿਸਤਾਨਾਂ ਲਈ ਲੋੜ ਅਨੁਸਾਰ ਜ਼ਮੀਨ ਅਲਾਟ ਕਰਨ ਤੋਂ ਇਲਾਵਾ ਅਨੇਕਾਂ ਹੋਰ ਮੰਗਾਂ ਵਾਲਾ ਮੰਗ ਪੱਤਰ ਸੌਂਪਿਆ। ਗਿੱਲ ਨੇ ਕਿਹਾ ਕਿ ਆਦਰਸ਼ ਸਕੂਲਾਂ ਤੇ ਵਜ਼ੀਫ਼ਾ ਸਕੀਮਾਂ ਦੀ ਜਾਂਚ ਸੀ.ਬੀ.ਆਈ., ਈ.ਡੀ. ਜਾਂ ਵਿਜੀਲੈਂਸ ਦੇ ਸਪੁਰਦ ਕਰਨ ਦਾ ਭਰੋਸਾ ਦਿੰਦਿਆਂ ਮੁੱਖ ਮੰਤਰੀ ਪੰਜਾਬ ਨੇ ਕਿਹਾ ਜਾਂਚ ਪਾਰਦਰਸ਼ੀ ਤੇ ਨਤੀਜਾ ਦੇਣ ਵਾਲੀ ਹੋਵੇਗੀ।

ਕੀ ਹੈ ਪੋਸਟ ਮੈਟ੍ਰਿਕ ਵਜ਼ੀਫ਼ਾ ਘੁਟਾਲਾ
ਕਾਂਗਰਸ ਸਰਕਾਰ ਵੇਲੇ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਰਹਿੰਦਿਆਂ ਸਾਧੂ ਸਿੰਘ ਧਰਮਸੋਤ ਸਮਾਜਿਕ ਸੁਰੱਖਿਆ ਮੰਤਰੀ ਸੀ। ਉਨ੍ਹਾਂ 'ਤੇ ਦੋਸ਼ ਲੱਗੇ ਸੀ ਵਜ਼ੀਫ਼ਾ ਵੰਡਣ 'ਚ ਧਾਂਧਲੀ ਹੋਈ ਹੈ। 39 ਕਰੋੜ ਰੁਪਏ ਵੰਡਣ ਦਾ ਕੋਈ ਰਿਕਾਰਡ ਨਹੀਂ ਮਿਲਿਆ। 

ਭ੍ਰਿਸ਼ਟਾਚਾਰ ਦੇ ਕੇਸ 'ਚ ਜੇਲ੍ਹ 'ਚ ਹਨ ਧਰਮਸੋਤ
ਸਾਧੂ ਸਿੰਘ ਧਰਮਸੋਤ ਫਿਲਹਾਲ ਨਾਭਾ ਜੇਲ੍ਹ 'ਚ ਬੰਦ ਹਨ। ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਜੰਗਲਾਤ ਵਿਭਾਗ 'ਚ ਭ੍ਰਿਸ਼ਟਾਚਾਰ ਦੇ ਕੇਸ 'ਚ ਗ੍ਰਿਫ਼ਤਾਰ ਕੀਤਾ ਸੀ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News