ਮੁੱਖ ਮੰਤਰੀ ਨੇ ਆਪਣਾ ਸੁਰੱਖਿਆ ਘੇਰਾ ਘਟਾਉਣ ਦਾ ਐਲਾਨ ਕਰਕੇ VIP ਕਲਚਰ ਦੇ ਖਾਤਮੇ ਦਾ ਬੰਨ੍ਹਿਆ ਮੁੱਢ

Thursday, Sep 23, 2021 - 09:11 PM (IST)

ਮੁੱਖ ਮੰਤਰੀ ਨੇ ਆਪਣਾ ਸੁਰੱਖਿਆ ਘੇਰਾ ਘਟਾਉਣ ਦਾ ਐਲਾਨ ਕਰਕੇ VIP ਕਲਚਰ ਦੇ ਖਾਤਮੇ ਦਾ ਬੰਨ੍ਹਿਆ ਮੁੱਢ

ਕਪੂਰਥਲਾ- ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਆਪਣੇ ਆਪ ਨੂੰ ਆਮ ਇਨਸਾਨ ਅਤੇ ਹਰੇਕ ਪੰਜਾਬੀ ਦੇ ਭਰਾ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਸਰਕਾਰੀ ਕਾਰਜ ਪ੍ਰਣਾਲੀ ਵਿਚ ਵੀ.ਆਈ.ਪੀ. ਕਲਚਰ ਦੇ ਖਾਤਮੇ ਦਾ ਮੁੱਢ ਬੰਨ ਦਿੱਤਾ ਹੈ ਜਿਸ ਨਾਲ ਆਮ ਲੋਕਾਂ ਨੂੰ ਸਹੂਲਤ ਹਾਸਲ ਹੋਵੇਗੀ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਵੱਲੋਂ ਨਰਮੇ ਦੀ ਫਸਲ 'ਤੇ ਗੁਲਾਬੀ ਸੁੰਡੀ ਦੇ ਹਮਲੇ 'ਚ ਨੁਕਸਾਨ ਦਾ ਪਤਾ ਲਗਾਉਣ ਲਈ ਵਿਸ਼ੇਸ਼ ਗਿਰਦਾਵਰੀ ਦੇ ਹੁਕਮ
ਸ. ਚੰਨੀ ਨੇ ਆਪਣੇ ਸੁਰੱਖਿਆ ਘੇਰੇ ਨੂੰ ਘਟਾਉਣ ਦਾ ਐਲਾਨ ਕਰਦੇ ਹੋਏ ਕਿਹਾ, “ਮੈਂ ਵੀ ਤੁਹਾਡੇ ਵਿੱਚੋਂ ਇਕ ਹਾਂ ਅਤੇ ਮੇਰੇ ਆਪਣੇ ਲੋਕਾਂ ਤੋਂ ਮੇਰੀ ਸੁਰੱਖਿਆ ਕਰਨ ਲਈ ਮੈਨੂੰ 1000 ਸੁਰੱਖਿਆ ਕਰਮੀਆਂ ਦੀ ਫੌਜ ਦੀ ਲੋੜ ਨਹੀਂ ਹੈ।”
ਅੱਜ ਇੱਥੇ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਨੇ ਕਿਹਾ, “ਜਦੋਂ ਮੈਂ ਆਪਣਾ ਅਹੁਦਾ ਸੰਭਾਲਿਆ ਤਾਂ ਮੈਨੂੰ ਦੱਸਿਆ ਗਿਆ ਕਿ 1000 ਸੁਰੱਖਿਆ ਜਵਾਨਾਂ ਦਾ ਦਸਤਾ ਮੇਰੀ ਹਿਫਾਜ਼ਤ ਲਈ ਹੋਵੇਗਾ।” ਇਸ ਨੂੰ ਸਰਕਾਰ ਦੇ ਵਸੀਲਿਆਂ ਦੀ ਘੋਰ ਬਰਬਾਦੀ ਦੱਸਦਿਆਂ ਉਨਾਂ ਕਿਹਾ ਕਿ ਇਸ ਕਵਾਇਦ ਨੂੰ ਚੱਲਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਕਿਉਂ ਜੋ ਕੁਝ ਵੀ ਪੰਜਾਬੀਆਂ ਲਈ ਨੁਕਸਾਨਦੇਹ ਹੋਵੇਗਾ, ਉਹ ਮੈਨੂੰ ਵੀ ਤਕਲੀਫ ਦੇਵੇਗਾ ਕਿਉਂਕਿ ਮੈਂ ਵੀ ਬਾਕੀ ਪੰਜਾਬੀਆਂ ਵਾਂਗ ਇਕ ਸਧਾਰਨ ਇਨਸਾਨ ਹਾਂ। ਸ. ਚੰਨੀ ਨੇ ਉਨਾਂ ਦੀ ਜ਼ਿੰਦਗੀ ਨੂੰ ਖਤਰਾ ਹੋਣ ਦੇ ਸਬੰਧ ਵਿਚ ਸੁਰੱਖਿਆ ਏਜੰਸੀਆਂ ਵੱਲੋਂ ਦਿੱਤੇ ਤਰਕ ਨੂੰ ਲਾਂਭੇ ਕਰਦੇ ਹੋਏ ਕਿਹਾ ਕਿ ਉਨਾਂ ਨੇ ਪੁਲੀਸ ਨੂੰ ਸੁਰੱਖਿਆ ਘਟਾਉਣ ਲਈ ਕਹਿ ਦਿੱਤਾ ਹੈ।
ਮੁੱਖ ਮੰਤਰੀ ਨੇ ਖੁਲਾਸਾ ਕਰਦਿਆਂ ਕਿਹਾ ਕਿ ਉਨਾਂ ਨੂੰ ਖੁਦ ਇਸ ਗੱਲ ਬਾਰੇ ਜਾਣ ਕੇ ਹੈਰਾਨੀ ਹੋਈ ਕਿ ਸੂਬੇ ਦੇ ਮੁਖੀ ਦੇ ਤੌਰ ਉਤੇ ਉਨਾਂ ਲਈ ਅਰਾਮਦਾਇਕ ਸਫਰ ਲਈ ਕਮਰੇ ਜਿੱਡੀ ਮਹਿੰਗੀ ਕਾਰ ਹੈ। ਇਸ ਕਾਰ ਦੀ ਕੀਮਤ 2 ਕਰੋੜ ਰੁਪਏ ਹੈ ਜੋ ਕਿ ਕਰਦਾਤਾਵਾਂ ਦੇ ਪੈਸੇ ਨਾਲ ਖਰੀਦੀ ਹੈ। ਸ. ਚੰਨੀ ਨੇ ਕਿਹਾ ਕਿ ਅਜਿਹੀ ਲਗਜਰੀ ਬੇਲੋੜੀ ਹੈ ਜਿਸ ਦੀ ਉਨਾਂ ਨੂੰ ਕੋਈ ਇੱਛਾ ਨਹੀਂ ਅਤੇ ਇਹ ਫੰਡ ਲੋਕਾਂ ਖਾਸ ਕਰਕੇ ਕਮਜੋਰ ਤੇ ਲਿਤਾੜੇ ਹੋਏ ਲੋਕਾਂ ਦੀ ਭਲਾਈ ਲਈ ਖਰਚਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ - ਪ੍ਰੀਖਿਆਰਥੀਆਂ ਨੂੰ ਲੱਗਾ ਵੱਡਾ ਝਟਕਾ : ਪੰਜਾਬ ਪੁਲਸ ਹੈੱਡ ਕਾਂਸਟੇਬਲ ਦੀ ਭਰਤੀ ਪ੍ਰੀਖਿਆ ਹੋਈ ਰੱਦ
ਮੁੱਖ ਮੰਤਰੀ ਨੇ ਅੱਗੇ ਬੋਲਦਿਆਂ ਕਿਹਾ ਕਿ ਉਹ ਸਾਦੀ ਰਹਿਣੀ ਤੇ ਉੱਚੇ ਵਿਚਾਰ ਰੱਖਣ ਵਿੱਚ ਵਿਸ਼ਵਾਸ ਰੱਖਦੇ ਹਨ, ਇਸ ਲਈ ਵੀ.ਆਈ.ਪੀ. ਸੱਭਿਆਚਾਰ ਹਰ ਕੀਮਤ ਉਤੇ ਖਤਮ ਕੀਤਾ ਜਾਵੇਗਾ। ਉਨਾਂ ਕਿਹਾ ਕਿ ਉਹ ਲਗਜਰੀ ਜ਼ਿੰਦਗੀ ਜਿਉਣ ਦਾ ਸ਼ੌਂਕ ਰੱਖਣ ਦੀ ਬਜਾਏ ਪੰਜਾਬ ਦੇ ਲੋਕਾ ਦੀ ਸੇਵਾ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ। ਉਨਾਂ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਉਨਾਂ ਦੇ ਕਾਫਲੇ ਦੀਆਂ ਗੱਡੀਆਂ ਘਟਾਈਆਂ ਜਾਣ। ਸ. ਚੰਨੀ ਨੇ ਕਿਹਾ ਕਿ ਉਹ ਵੀ.ਆਈ.ਪੀ. ਨਹੀਂ ਸਗੋਂ ਸਾਧਾਰਨ ਪੰਜਾਬੀ ਹਨ ਅਤੇ ਕੋਈ ਵੀ ਉਨਾਂ ਨੂੰ ਕਿਸੇ ਵੀ ਸਮੇਂ ਮੋਬਾਈਲ ਉਤੇ ਕਾਲ ਕਰ ਸਕਦਾ ਹੈ ਅਤੇ ਉਹ ਲੋਕਾਂ ਦੀ ਸੇਵਾ ਲਈ 24 ਘੰਟੇ ਹਾਜ਼ਰ ਹਨ।    


author

Bharat Thapa

Content Editor

Related News