ਮੁੱਖ ਮੰਤਰੀ ਦਾ ਸੈਸ਼ਨ ਬਾਰੇ ਪ੍ਰਤੀਕਰਮ ਮਨੋਰੰਜਕ ਪਰ ਬੇਤੁਕਾ : ਸੁਖਬੀਰ ਬਾਦਲ

08/19/2020 9:40:19 PM

ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਦੇ ਸਿਰਫ ਇਕ ਦਿਨ ਇਜਲਾਸ ਸੱਦੇ ਜਾਣ ਦੇ ਫੈਸਲੇ ਦੀ ਉਨ੍ਹਾਂ ਵੱਲੋਂ ਕੀਤੀ ਗਈ ਆਲੋਚਨਾ 'ਤੇ ਪ੍ਰਤੀਕਰਮ ਬਹੁਤ ਹੀ ਮਨੋਰੰਜਕ, ਬੇਤੁਕਾ ਤੇ ਇਸ ਗੱਲ ਦਾ ਸਬੂਤ ਹੈ ਕਿ ਉਨ੍ਹਾਂ ਦੀ ਗਲਤੀ ਬਾਰੇ ਗੱਲ ਕਰਨ ਤੋਂ ਉਹ ਪ੍ਰੇਸ਼ਾਨ ਹਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਗੱਲ ਪ੍ਰਵਾਨ ਕਰ ਕਿ ਕਾਂਗਰਸ ਸਰਕਾਰ ਨੇ ਇਕ ਦਿਨ ਦਾ ਵਿਧਾਨ ਸਭਾ ਸੈਸ਼ਨ ਸਿਰਫ ਸੰਵਿਧਾਨਕ ਜ਼ਰੂਰਤ ਨੂੰ ਪੂਰਾ ਕਰਨ ਵਾਸਤੇ ਸੱਦਿਆ ਹੈ, ਮੁੱਖ ਮੰਤਰੀ ਨੇ ਦੋਸ਼ਾਂ ਨੂੰ ਕਬੂਲ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮੈਂ ਇਹੀ ਆਖਿਆ ਸੀ ਕਿ ਮੁੱਖ ਮੰਤਰੀ ਨੇ ਇਹ ਸੈਸ਼ਨ ਇਕ ਦਿਨ ਵਾਸਤੇ ਵੀ ਨਹੀਂ ਸੱਦਣਾ ਸੀ ਤੇ ਉਨ੍ਹਾਂ ਸਿਰਫ ਸੰਵਿਧਾਨਕ ਮਜਬੂਰੀ ਵਾਸਤੇ ਅਜਿਹਾ ਕੀਤਾ ਹੈ। ਹੁਣ ਮੁੱਖ ਮੰਤਰੀ ਨੇ ਖੁਦ ਮੰਨ ਲਿਆ ਹੈ ਕਿ ਇਹੀ ਸੱਚਾਈ ਹੈ ਤੇ ਇਸ ਤੋਂ ਪਤਾ ਲੱਗਦਾ ਹੈ ਕਿ ਮੁੱਖ ਮੰਤਰੀ ਨੂੰ ਇਹ ਵੀ ਪਤਾ ਨਹੀਂ ਲੱਗਦਾ ਕਿ ਉਹ ਕੀ ਗੱਲ ਕਰ ਰਹੇ ਹਨ।
ਸ੍ਰੀ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਤੇ ਆਪ ਆਪਸ 'ਚ ਰਲ ਕੇ ਕੰਮ ਕਰ ਰਹੇ ਹਨ ਅਤੇ ਮੁੱਖ ਮੰਤਰੀ ਵੱਲੋਂ ਆਪ ਦੀ ਤੁਲਨਾ ਸ਼੍ਰੋਮਣੀ ਅਕਾਲੀ ਦਲ ਨਾਲ ਕਰਨਾ ਸਿਰਫ ਇਕ ਧਿਆਨ ਵੰਡਾਊ ਯਤਨ ਹੈ। ਉਨ੍ਹਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਆਪ ਹਮੇਸ਼ਾ ਸਰਕਾਰ ਦੀਆਂ ਬਜਰ ਗਲਤੀਆਂ, ਕੁਪ੍ਰਸ਼ਾਸਨ ਤੇ ਘੁਟਾਲਿਆਂ ਬਾਰੇ ਚੁੱਪ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਵੇਖ ਰਹੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਸਿਰਫ ਇਕਲੌਤੀ ਵਿਰੋਧੀ ਪਾਰਟੀ ਹੈ ਜੋ ਲੋਕਾਂ ਦੇ ਹਿਤਾਂ ਵਾਸਤੇ ਲੜਾਈ ਲੜ ਰਹੀ ਹੈ। ਉਨ੍ਹਾਂ ਹਿਕਾ ਕਿ ਆਪ ਕਾਂਗਰਸ ਦੀ ਬੀ ਟੀਮ ਵਜੋਂ ਕੰਮ ਕਰ ਰਹੀ ਹੈ ਤੇ ਇਸੇ ਲਈ ਉਹ ਮੈਦਾਨ 'ਚੋਂ ਗਾਇਬ ਹੈ। ਉਨ੍ਹਾਂ ਕਿਹਾ ਕਿ ਆਪ ਦਾ ਇਕੋ ਇਕ ਕੰਮ ਮੁੱਖ ਮੰਤਰੀ ਵੱਲੋਂ ਉਨ੍ਹਾਂ ਦੀ ਲਗਾਈ ਡਿਊਟੀ ਸ਼੍ਰੋਮਣੀ ਅਕਾਲੀ ਦਲ 'ਤੇ ਹਮਲੇ ਕਰਨ ਦੀ ਹੈ। ਉਨ੍ਹਾਂ ਕਿਹਾ ਕਿ ਇਹ ਖੇਡ ਹੁਣ ਬਹੁਤੀ ਦੇਰ ਤੱਕ ਲੁਕੀ ਨਹੀਂ ਰਹੇਗੀ ਕਿਉਂਕਿ ਪੰਜਾਬੀਆਂ ਨੇ ਸਭ ਕੁਝ ਆਪਣੀਆਂ ਅੱਖਾਂ ਨਾਲ ਵੇਖ ਲਿਆ ਹੈ।


Bharat Thapa

Content Editor

Related News