ਜ਼ਿਲ੍ਹੇ ''ਤੇ ਹਨ ਚਿੰਤਾ ਦੇ ਬੱਦਲ, ਸਾਵਧਾਨੀ ਪ੍ਰਤੀ ਅਵੇਸਲਾਪਨ ਮਨੁੱਖੀ ਜਿੰਦਗੀ ਲਈ ਬਣ ਰਿਹੈ ਘਾਤਕ

06/04/2020 6:52:44 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖ਼ੁਰਾਣਾ) - ਜ਼ਿਲ੍ਹੇ ਅੰਦਰ ਲਾਗ ਦੀ ਬਿਮਾਰੀ ਕੋਰੋਨਾ ਵਾਇਰਸ ਦਾ ਖ਼ਤਰਾ ਵੱਧਦਾ ਹੀ ਜਾ ਰਿਹਾ ਹੈ। ਹਰ ਨਵੀਂ ਸਵੇਰ ਨਾਲ ਵੱਧ ਰਹੇ ਕੋਰੋਨਾ ਪਾਜ਼ੇਟਿਵ ਦੇ ਅੰਕੜੇ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਲਈ ਦੁਚਿੱਤੀ ਪੈਦਾ ਕਰ ਰਹੇ ਹਨ। ਉਥੇ ਹੀ ਕੋਰੋਨਾ ਨਾਲ ਨਜਿੱਠਣ ਲਈ ਪ੍ਰਸਾਸ਼ਨ ਭਾਵੇਂ ਹੀ ਪੱਬਾਂ ਭਾਰ ਹੈ, ਪਰ ਸੂਝਵਾਨ ਲੋਕ ਹੁਣ ਕੋਰੋਨਾ ਦੇ ਪ੍ਰਭਾਵ ਲਈ ਪ੍ਰਸ਼ਾਸ਼ਨ ਦੀ ਕਥਿਤ ਅਣਗਹਿਲੀ 'ਤੇ ਆਮ ਲੋਕਾਂ ਦੀ ਲਾਪਰਵਾਹੀ ਨੂੰ ਸਿੱਧੇ ਤੌਰ 'ਤੇ ਕਾਰਨ ਮੰਨਣ ਲੱਗੇ ਹਨ। ਜੇਕਰ ਗੱਲ ਜ਼ਿਲ੍ਹਾ ਪ੍ਰਸਾਸ਼ਨ ਦੀ  ਹੋਵੇ ਤਾਂ 23 ਮਾਰਚ ਤੋਂ ਲੈ ਕੇ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਲਗਾਤਾਰ
ਲੋਕਾਂ ਅੰਦਰ  ਜਾਗਰੂਕਤਾ ਫੈਲਾਉਣ 'ਚ ਲੱਗਿਆ ਹੋਇਆ ਹੈ, ਪਰ ਹਰ ਵਾਰ ਦੀ ਤਰ੍ਹਾਂ ਜਨਤਾ ਅਜਿਹੀਆਂ ਹਦਾਇਤਾਂ ਨੂੰ ਸਿੱਧੇ ਤੌਰ 'ਤੇ ਨਹੀਂ ਲੈ ਰਹੀ। ਨਤੀਜਨ ਮਜ਼ਾਕ ਹੀ ਮਜ਼ਾਕ 'ਚ ਜ਼ਿਲ੍ਹਾ ਖਤਰੇ ਦੇ ਘੇਰੇ 'ਚ ਆ ਰਿਹਾ ਹੈ। ਸਰਕਾਰੀ ਨਿਯਮਾਂ ਪ੍ਰਤੀ ਲੋਕਾਂ ਦਾ ਅਵੇਸਲਾਪਨ ਕਿਸ ਕਦਰ ਜ਼ਿਲ੍ਹੇ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਸਦਾ ਅੰਦਾਜ਼ਾ ਇਸ ਗੱਲ ਤੋਂ  ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ 67 ਮਰੀਜ਼ਾਂ ਨੂੰ ਠੀਕ ਕਰਨ ਉਪਰੰਤ ਤਾਲਾਬੰਦੀ ਦੀ ਢਿੱਲ ਤੋਂ ਕੁੱਝ ਦਿਨ ਬਾਅਦ ਹੀ ਜ਼ਿਲ੍ਹੇ ਅੰਦਰ ਤਿੰਨ ਕੋਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆ ਗਏ ਹਨ। ਦੂਜੇ ਪਾਸੇ ਜੇਕਰ ਵੇਖਿਆ ਜਾਵੇ ਤਾਂ ਆਮ ਲੋਕਾਂ ਅੰਦਰ ਹਦਾਇਤਾਂ ਦੀ ਉਲੰਘਣਾ ਇਸ ਲਈ ਸਿੱਧੇ ਤੌਰ 'ਤੇ ਜਿੰਮੇਵਾਰ ਹੈ, ਕਿਉਂਕਿ ਜ਼ਿਲ੍ਹੇ ਦੀ ਕੁੱਲ ਅਬਾਦੀ ਵਿੱਚੋਂ ਅੱਧਾ ਫੀਸਦੀ ਲੋਕ ਮਾਸਕ ਪਹਿਨਣ ਤੇ ਸਮਾਜਿਕ ਦੂਰੀ ਰੱਖਣ ਨੂੰ ਤਰਜ਼ੀਹ ਨਹੀਂ ਦੇ ਰਹੇ। ਇਹ ਉਨ੍ਹਾਂ ਦੀ ਮਜ਼ਬੂਰੀ ਸਮਝੀ ਜਾਵੇ ਜਾਂ ਲਾਪਰਵਾਹੀ, ਪਰ ਲੋਕਾਂ ਅੰਦਰ ਅਜਿਹੀ ਮਾਨਸਿਕਤਾ ਪ੍ਰਸ਼ਾਸ਼ਨ ਲਈ ਪਰੇਸ਼ਾਨੀ ਬਣ ਰਹੀ ਹੈ।

ਦਿਖਾਈ ਦਿੰਦੀ ਹੈ ਪੁਲਸ ਤਾਂ ਪਹਿਣਿਆ ਜਾਂਦਾ ਹੈ ਮਾਸਕ, ਨਹੀਂ ਤਾਂ ਕੀਤਾ ਜਾਂਦਾ ਹੈ ਨਜ਼ਰਅੰਦਾਜ਼

ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪੁਲਸ ਵੱਲੋਂ ਮਾਸਕ ਨਾ ਪਹਿਨਣ ਵਾਲਿਆਂ ਖ਼ਿਲਾਫ ਭਾਵੇਂ ਸਖਤੀ ਵਰਤੀ ਜਾ ਰਹੀ ਹੈ ਅਤੇ ਸ਼ਹਿਰ ਦੇ ਹਰ ਪ੍ਰਮੁੱਖ ਚੌਂਕ ਅਤੇ ਸੜਕਾਂ ਤੇ ਪੁਲਸ ਨਾਕੇ ਲਗਾ ਕੇ ਮਾਸਕ ਨਾ ਪਾਉਣ ਵਾਲਿਆਂ ਦੇ ਚਲਾਨ ਕੀਤੇ ਜਾ ਰਹੇ ਹਨ। ਪਰ ਕੁਝ ਸ਼ਰਾਰਤੀ ਅਨਸਰ ਪੁਲਸ ਦੀਆਂ ਅੱਖਾਂ 'ਚ ਘੱਟਾ ਪਾਉਣ ਤੋਂ ਬਾਜ਼ ਨਹੀਂ ਆ ਰਹੇ।  ਸ਼ਹਿਰ ਦੇ ਬਾਹਰੀ ਰਸਤਿਆਂ, ਚੌਂਕਾਂ ਜਾਂ ਹੋਰ ਪਬਲਿਕ ਥਾਵਾਂ 'ਤੇ ਪੁਲਸ ਵੱਲੋਂ ਨਾਕੇ ਲਗਾ ਕੇ ਮਾਸਕ ਨਾ ਪਹਿਨਣ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ। ਪਰ ਖ਼ੁਦ ਨੂੰ ਮਾਸਕ ਬਿਨ੍ਹਾਂ ਸੁਰੱਖਿਅਤ ਸਮਝਣ ਵਾਲੇ ਸ਼ਰਾਰਤੀ ਲੋਕ ਪੁਲਸ ਨਾਕਿਆਂ ਸਮੇਂ ਮਾਸਕ ਲਗਾ ਲੈਂਦੇ ਹਨ,
ਜਦੋਂਕਿ ਪੂਰਾ ਦਿਨ ਲੋਕ ਬਿਨ੍ਹਾਂ ਮਾਸਕ ਤੋਂ ਬਤੀਤ ਕਰ ਰਹੇ ਹਨ। ਅਜਿਹਾ ਹੀ ਹਾਲ ਸਮਾਜਿਕ ਦੂਰੀ ਪ੍ਰਤੀ ਵੀ ਵੇਖਿਆ ਜਾ ਸਕਦਾ ਹੈ। ਸਰਕਾਰ ਵੱਲੋਂ ਮਾਸਕ ਨਾ ਪਹਿਨਣ ਵਾਲਿਆਂ ਨੂੰ 500, ਪਬਲਿਕ ਥਾਂ 'ਤੇ ਥੁੱਕਣ ਵਾਲੇ ਨੂੰ 500 ਅਤੇ ਇਕਾਂਤਵਾਸ ਦੀ ਪਾਲਣਾ ਨਾ ਕਰਨ ਵਾਲੇ ਨੂੰ 2000 ਰੁਪਏ ਜ਼ੁਰਮਾਨੇ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪਰ ਜਿੱਥੇ ਇਕਾਂਤਵਾਸ ਦੀ ਉਲੰਘਣਾ ਸਾਹਮਣੇ ਆ ਰਹੀ ਹੈ। ਉਥੇ ਹੀ ਪੁਲਸ ਦੀ ਗੈਰ ਮੌਜੂਦਗੀ ਵਾਲੀਆਂ ਥਾਵਾਂ 'ਤੇ ਉਕਤ ਹਰਕਤਾਂ ਆਮ ਹੀ ਹੋ ਰਹੀਆਂ ਹਨ। ਫ਼ਿਲਹਾਲ ਜ਼ਿਲ੍ਹੇ ਦਾ ਹਾਲ ਇਹ ਹੈ ਕਿ ਪੁਲਸ ਲੋਕਾਂ ਨੂੰ ਮਾਸਕ ਪਹਿਨਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ, ਪਰ
ਸ਼ਰਾਰਤੀ ਅਨਸਰ ਪੁਲਸ ਦੀਆਂ ਕੋਸ਼ਿਸ਼ਾਂ 'ਚ ਰਾਹ ਦਾ ਰੋੜ੍ਹਾ ਬਣ ਰਹੇ ਹਨ।


Harinder Kaur

Content Editor

Related News