ਜਲੰਧਰ: ਗੈਂਗਰੇਪ ਮਾਮਲੇ 'ਚ ਸਾਹਮਣੇ ਆਈ ਇਕ ਹੋਰ ਗੱਲ, ਲੋੜੀਂਦੇ ਅਰਸ਼ਦ ਦੇ ਕਾਂਗਰਸੀ ਆਗੂ ਨਾਲ ਜੁੜੇ ਤਾਰ
Friday, May 28, 2021 - 10:54 PM (IST)
ਜਲੰਧਰ- ਜਲੰਧਰ ਦੇ ਮਾਡਲ ਟਾਊਨ ਵਿਚ ਹੋਏ ਗੈਂਗਰੇਪ ਦੇ ਮਾਮਲੇ ਵਿਚ ਲੋੜੀਂਦੇ ਮੁਲਜ਼ਮ ਅਰਸ਼ਦ ਖ਼ਾਨ ਨੂੰ ਫੜਨ ਵਿਚ ਅਜੇ ਤੱਕ ਪੁਲਸ ਅਸਫ਼ਲ ਰਹੀ ਹੈ। ਉਸ ਦੀ ਭਾਲ ਵਿਚ ਪੁਲਸ ਵੱਲੋਂ ਲਗਾਤਾਰ ਯੂ. ਪੀ. ਪੁਲਸ ਤੋਂ ਲੈ ਕੇ ਹੋਰ ਸੂਬਿਆਂ ਦੀ ਪੁਲਸ ਨਾਲ ਸੰਪਰਕ ਕਾਇਮ ਕੀਤਾ ਜਾ ਰਿਹਾ ਹੈ ਤਾਂ ਕਿ ਉਸ ਦੀ ਸੂਚਨਾ ਮਿਲਦੇ ਹੀ ਉਸ ਨੂੰ ਕਾਬੂ ਕੀਤਾ ਜਾ ਸਕੇ ਪਰ ਇਸ ਮਾਮਲੇ ਵਿਚ ਕਾਂਗਰਸੀ ਨੇਤਾ ਦੀ ਐਂਟਰੀ ਨਾਲ ਲੋਕਾਂ ਦੀ ਨਜ਼ਰ ਹੁਣ ਇਸ ਪੂਰੇ ਮਾਮਲੇ ’ਤੇ ਹੈ।
ਇਹ ਵੀ ਪੜ੍ਹੋ: ਜੰਡਿਆਲਾ-ਫਗਵਾੜਾ ਰੋਡ ’ਤੇ ਵਾਪਰਿਆ ਭਿਆਨਕ ਹਾਦਸਾ, ਦੋ ਸਕੇ ਭਰਾਵਾਂ ਦੀ ਮੌਤ, ਕਾਰ ਦੇ ਉੱਡੇ ਪਰਖੱਚੇ
ਪਤਾ ਲੱਗਾ ਹੈ ਕਿ ਚੇਅਰਮੈਨਸ਼ਿਪ ਦਾ ਸ਼ੌਕੀਨ ਇਕ ਕਾਂਗਰਸੀ ਨੇਤਾ ਇਨ੍ਹੀਂ ਦਿਨੀਂ ਅਰਸ਼ਦ ਨੂੰ ਬਚਾਉਣ ਲਈ ਜ਼ੋਰ ਲਾ ਰਿਹਾ ਹੈ। ਉਹ ਅਜਿਹਾ ਕਿਉਂ ਕਰ ਰਿਹਾ ਹੈ, ਇਹ ਅੱਗੇ ਚੱਲ ਕੇ ਪਤਾ ਲੱਗੇਗਾ ਪਰ ਪਤਾ ਲੱਗਾ ਹੈ ਕਿ ਅਰਸ਼ਦ ਦਾ ਨਜ਼ਦੀਕੀ ਰਿਸ਼ਤੇਦਾਰ ਇਸ ਕਾਂਗਰਸੀ ਨੇਤਾ ਦੇ ਘਰ ਦੇ ਚੱਕਰ ਲਾ ਰਿਹਾ ਹੈ। ਇਹ ਉਹ ਹੀ ਕਾਂਗਰਸੀ ਨੇਤਾ ਹੈ, ਜੋ ਹਰ ਵਾਰ ਕਾਂਗਰਸ ਦੀ ਸਰਕਾਰ ਆਉਣ ’ਤੇ ਆਪਣੇ ਲਈ ਇਕ ਬਿਹਤਰ ਚੇਅਰਮੈਨਸ਼ਿਪ ਭਾਲਦਾ ਹੈ ਫਿਰ ਚਾਹੇ ਲੋਕਾਂ ਦਾ ਇਸ ਵਿਚ ‘ਇੰਟਰਸਟ’ ਬਣੇ ਜਾਂ ਨਾ ਬਣੇ। ਉਂਝ ਇਹ ਕਾਂਗਰਸੀ ਨੇਤਾ ਇਕ ਵਾਰ ਲੋਕਾਂ ਦੀਆਂ ਉਮੀਦ ’ਤੇ ਫੇਲ੍ਹ ਹੋ ਚੁੱਕਾ ਹੈ ਪਰ ਇਸ ਤੋਂ ਬਾਅਦ ਉਸ ਨੂੰ ਲੱਗਿਆ ਕਿ ਸਭ ਤੋਂ ਆਸਾਨ ਕੰਮ ਹੈ ਚੇਅਰਮੈਨਸ਼ਿਪ ਲਈ ਜਾਵੇ ਅਤੇ ਮਜ਼ੇ ਕੀਤੇ ਜਾਣ।
ਇਹ ਵੀ ਪੜ੍ਹੋ: ਕਰਜ਼ੇ ਨੇ ਨਿਗਲਿਆ ਇਕ ਹੋਰ ਕਿਸਾਨ, ਖੇਤਾਂ 'ਚ ਮੋਟਰ 'ਤੇ ਲੱਗੇ ਟਰਾਂਸਫਾਰਮਰ ਨਾਲ ਲਿਆ ਫਾਹਾ
ਕਈ ਵਾਰ ਇਸ ਨੇਤਾ ਦਾ ਨਾਂ ਪਹਿਲਾਂ ਵੀ ਪਾਰਟੀ ਦੇ ਨੇਤਾਵਾਂ ਨੂੰ ਖ਼ੁਸ਼ ਕਰਨ ਵਿਚ ਸਾਹਮਣੇ ਆਇਆ ਹੈ ਅਤੇ ਕਈ ਵਾਰ ਇਹੀ ਨੇਤਾ ਹਾਈ ਪ੍ਰੋਫਾਈਲ ਗੰਦੇ ਧੰਦੇ ਦਾ ਹਿੱਸਾ ਰਹਿ ਚੁੱਕਾ ਹੈ ਪਰ ਇਸ ਵਾਰ ਇਸ ਨੇਤਾ ਦਾ ਇਕ ਮੁਲਜ਼ਮ ਨੂੰ ਬਚਾਉਣ ਵਿਚ ਜੇ ਨਾਂ ਉਛਲਦਾ ਹੈ ਤਾਂ ਉਸ ਨਾਲ ਲੋਕਾਂ ਵਿਚ ਪਾਰਟੀ ਦੇ ਅਕਸ ’ਤੇ ਬੁਰਾ ਪ੍ਰਭਾਵ ਪਵੇਗਾ। ਆਪਣੇ ਨੇਤਾ ਨੂੰ ਖ਼ੁਸ਼ ਕਰਕੇ ਫ਼ਾਇਦਾ ਲੈਣ ਤਕ ਤਾਂ ਠੀਕ ਸੀ ਪਰ ਇਕ ਨਾਬਾਲਗ ਕੁੜੀ ਨਾਲ ਗੈਂਗਰੇਪ ਦੇ ਮੁਲਜ਼ਮ ਅਰਸ਼ਦ ਖ਼ਾਨ ਨੂੰ ਬਚਾਉਣ ਲਈ ਜੋ ਇਸ ਨੇਤਾ ਨੇ ਵਕਾਲਤ ਸ਼ੁਰੂ ਕੀਤੀ ਹੈ, ਉਸ ਨਾਲ ਪਾਰਟੀ ਦੀ ਕਿਰਕਿਰੀ ਹੋਣ ਵਿਚ ਕੋਈ ਕਮੀ ਨਹੀਂ ਰਹਿ ਗਈ ਹੈ। ਉੱਪਰੋਂ ਗੰਭੀਰ ਗੱਲ ਇਹ ਹੈ ਕਿ ਅਗਲੇ ਸਾਲ ਚੋਣਾਂ ਆ ਰਹੀਆਂ ਹਨ ਅਤੇ ਵਿਰੋਧੀ ਧਿਰ ਨੂੰ ਬੈਠੇ-ਬਿਠਾਏ ਇਕ ਹੋਰ ਮੁੱਦਾ ਇਸ ਨੇਤਾ ਨੇ ਦੇ ਦਿੱਤਾ ਹੈ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ ’ਚ ‘ਬਲੈਕ ਫੰਗਸ’ ਦੀ ਮਾਰ, ਦੋ ਹੋਰ ਮਰੀਜ਼ਾਂ ਨੇ ਤੋੜਿਆ ਦਮ
ਕੀ ਹੈ ਅਰਸ਼ਦ ਅਤੇ ਕਾਂਗਰਸੀ ਨੇਤਾ ਦਾ ਕੁਨੈਕਸ਼ਨ
ਸਪਾ ਸੈਂਟਰ ਵਿਚ ਗੈਂਗਰੇਪ ਦੇ ਮੁਲਜ਼ਮ ਅਤੇ ਮਾਸਟਰਮਾਈਂਡ ਆਸ਼ੀਸ਼ ਬਹਿਲ ਦੇ ਨਜ਼ਦੀਕੀ ਸਾਥੀ ਅਰਸ਼ਦ ਖਾਨ ਲਈ ਆਖ਼ਿਰ ਇਹ ਕਾਂਗਰਸੀ ਨੇਤਾ ਕਿਉਂ ਪੈਰਵੀ ਕਰ ਰਿਹਾ ਹੈ, ਇਹ ਇਕ ਵੱਡਾ ਸਵਾਲ ਹੈ ਜਿਸ ’ਤੇ ਲੋਕਾਂ ਨੂੰ ਜਵਾਬ ਦੀ ਭਾਲ ਹੈ। ਅਸਲ ਵਿਚ ਕਾਂਗਰਸੀ ਨੇਤਾ ਅਤੇ ਅਰਸ਼ਦ ਅਤੇ ਉਸ ਦੇ ਨਜ਼ਦੀਕੀ ਅੱਜ ਦੇ ਇਕ-ਦੂਜੇ ਦੇ ਜਾਣਕਾਰ ਨਹੀਂ ਹਨ ਸਗੋਂ ਨੇਤਾ ਜੀ ਜਦੋਂ ਆਲੀਸ਼ਾਨ ਕੋਠੀ ਬਣਾ ਰਿਹਾ ਸੀ, ਉਦੋਂ ਅਰਸ਼ਦ ਅਤੇ ਅਤੇ ਉਸ ਦੇ ਨਜ਼ਦੀਕੀ ਦੀ ਨੇਤਾ ਜੀ ਨਾਲ ਜਾਣ-ਪਛਾਣ ਹੋਈ ਸੀ।
ਅਰਸ਼ਦ ਦੇ ਨਜ਼ਦੀਕੀ ਨੇ ਕੋਠੀ ਬਣਾਉਣ ਦਾ ਕੰਮ ਕੀਤਾ ਤਾਂ ਅਰਸ਼ਦ ਨੇ ਨੇਤਾ ਜੀ ਦੀ ਕੋਠੀ ਵਿਚ ਉਨ੍ਹਾਂ ਕਮਰਿਆਂ ਦੇ ਦਰਵਾਜ਼ੇ ਬਣਾਏ, ਜਿਨ੍ਹਾਂ ਦੇ ਪਿੱਛੇ ਅੱਜਕਲ੍ਹ ਅਰਸ਼ਦ ਨੂੰ ਬਚਾਉਣ ਦੀ ਯੋਜਨਾ ’ਤੇ ਕੰਮ ਹੋ ਰਿਹਾ ਹੈ। ਲੱਕੜੀ ਦੇ ਕੰਮ ਵਿਚ ਕਮਾਈ ਉਸ ਤਰ੍ਹਾਂ ਦੀ ਨਹੀਂ ਸੀ, ਜਿਸ ਤਰ੍ਹਾਂ ਦੀ ਜਿਸਮ ਦੇ ਧੰਦੇ ਵਿਚ ਸੀ ਤਾਂ ਅਰਸ਼ਦ ਨੇ ਟਰੈਕ ਬਦਲ ਲਿਆ ਅਤੇ ਉਹ ਨੇਤਾ ਜੀ ਦੇ ਨਜ਼ਦੀਕ ਹੁੰਦਾ ਗਿਆ। ਸਮੇਂ-ਸਮੇਂ ’ਤੇ ਰਸ਼ੀਅਨ ਤੋਂ ਲੈ ਕੇ ਥਾਈਲੈਂਡ ਦੀਆਂ ਖੂਬਸੂਰਤ ਲੜਕੀਆਂ ਅਰਸ਼ਦ ਦੇ ਨੇਤਾ ਜੀ ਦੇ ਸਾਹਮਣੇ ਖੜ੍ਹੀਆਂ ਕਰ ਦਿੱਤੀਆਂ ਅਤੇ ਨੇਤਾ ਜੀ ਨੇ ਇਨ੍ਹਾਂ ਦੇ ਦਮ ’ਤੇ ਬਿਹਤਰ ਪੋਸਟ ਅਤੇ ਫ਼ਾਇਦੇ ਲੈਣੇ ਸ਼ੁਰੂ ਕਰ ਦਿੱਤੇ। ਅੱਜ ਅਰਸ਼ਦ ਦਾ ਨਜ਼ਦੀਕੀ ਜੋ ਖ਼ੁਦ ਨੂੰ ਉਸ ਤੋਂ ਵੱਖ ਦੱਸ ਰਿਹਾ ਹੈ, ਉਸ ਨੂੰ ਬਚਾਉਣ ਲਈ ਜੀਅ-ਤੋੜ ਕੋਸ਼ਿਸ਼ਾਂ ਕਰ ਰਿਹਾ ਹੈ ਅਤੇ ਲਗਾਤਾਰ ਨੇਤਾ ਜੀ ਦੇ ਨਾਲ ਸੰਪਰਕ ਵਿਚ ਹੈ।
ਇਹ ਵੀ ਪੜ੍ਹੋ: ਜਲੰਧਰ ਵਿਖੇ ਸਪਾ ਸੈਂਟਰ 'ਚ ਹੋਏ ਗੈਂਗਰੇਪ ਮਾਮਲੇ ’ਚ ਆਇਆ ਨਵਾਂ ਮੋੜ, ਜਾਂਚ ਕਰ ਰਹੀ SIT 'ਚ ਬਦਲਾਅ
ਵਿਰੋਧੀ ਧਿਰ ਦੀ ਖਾਮੋਸ਼ੀ ਵੀ ਚਰਚਾ ਵਿਚ
ਗੈਂਗਰੇਪ ਸ਼ਿਮਲਾ ਦਾ ਹੋਵੇ ਜਾਂ ਕਿਸੇ ਹੋਰ ਦਾ, ਵਿਰੋਧੀ ਪਾਰਟੀ ਦੇ ਤੌਰ ’ਤੇ ਭਾਜਪਾ ਨੇ ਸਦਾ ਹੀ ਆਵਾਜ਼ ਉਠਾਈ ਹੈ ਪਰ ਜਲੰਧਰ ਦੇ ਗੈਂਗਰੇਪ ’ਤੇ ਭਾਜਪਾ ਦੇ ਨੇਤਾ ਨਾ ਤਾਂ ਧਰਨੇ ’ਤੇ ਬੈਠੇ ਅਤੇ ਨਾ ਹੀ ਪੁਲਸ ’ਤੇ ਦਬਾਅ ਬਣਾ ਕੇ ਮੁਲਜ਼ਮਾਂ ਨੂੰ ਫੜਾਉਣ ਲਈ ਮੈਦਾਨ ਵਿਚ ਉਤਰੇ। ਪਾਰਟੀ ਦੇ ਨੇਤਾ ਈ. ਡੀ. ਤੋਂ ਲੈ ਕੇ ਚਾਈਲਡ ਪ੍ਰੋਟੈਕਸ਼ਨ ਤੱਕ ਦੀ ਗੱਲ ਤਾਂ ਕਹਿ ਰਹੇ ਹਨ ਪਰ ਕੋਈ ਵੀ ਖੁੱਲ੍ਹ ਕੇ ਇਸ ਮਾਮਲੇ ਵਿਚ ਨਹੀਂ ਬੋਲ ਰਿਹਾ। ਹੋ ਸਕਦਾ ਹੈ ਕਿ ਕਾਂਗਰਸੀ ਨੇਤਾ ਦੇ ਨਾਲ-ਨਾਲ ਵਿਰੋਧੀ ਧਿਰ ਦੇ ਵੀ ਕਿਸੇ ਨੇਤਾ ਦਾ ਆਸ਼ੀਸ਼ ਦੇ ਨਾਲ ਲਿੰਕ ਰਿਹਾ ਹੋਵੇ ਜਾਂ ਅਰਸ਼ਦ ਦੀ ਨਿਊ ਗਾਰਡਨ ਕਾਲੋਨੀ ਦੀ ਕੋਠੀ ਵਿਚ ਆਉਣਾ-ਜਾਣਾ ਹੋਵੇ, ਜਿਸ ਕਾਰਨ ਵਿਰੋਧੀ ਧਿਰ ਬੋਲ ਹੀ ਨਹੀਂ ਰਹੀ।
ਇਹ ਵੀ ਪੜ੍ਹੋ: ਜਲੰਧਰ 'ਚ ਇਕ ਵਾਰ ਫਿਰ ਸ਼ਰਮਸਾਰ ਘਟਨਾ, 26 ਸਾਲਾ ਵਿਆਹੁਤਾ ਨਾਲ ਗੈਂਗਰੇਪ ਕਰਦਿਆਂ ਬਣਾਈ ਵੀਡੀਓ
1-2 ਦਿਨਾਂ ਵਿਚ ਪੁਲਸ ਦੇ ਹੱਥੇ ਚੜ੍ਹ ਸਕਦਾ ਹੈ ਅਰਸ਼ਦ
ਜਲੰਧਰ ਦੇ ਇਸ ਗੈਂਗਰੇਪ ਮਾਮਲੇ ’ਚ ਫਰਾਰ ਮੁੱਖ ਮੁਲਜ਼ਮਾਂ ਵਿਚੋਂ ਇਕ ਅਰਸ਼ਦ ਨੂੰ ਫੜਨ ਲਈ ਪੁਲਸ ਨੇ ਕੋਸ਼ਿਸ਼ ਤੇਜ਼ ਕਰ ਦਿੱਤੀ ਹੈ। ਅਰਸ਼ਦ ਦੇ ਨਜ਼ਦੀਕੀ ਲੋਕਾਂ ’ਤੇ ਪੂਰਾ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਸ ਨੂੰ ਪੁਲਸ ਸਾਹਮਣੇ ਪੇਸ਼ ਕੀਤਾ ਜਾਵੇ। ਬੇਸ਼ੱਕ ਅਜੇ ਤੱਕ ਅਰਸ਼ਦ ਨੂੰ ਬਚਾਉਣ ਲਈ ਕਾਂਗਰਸੀ ਨੇਤਾ ਤਰਕੀਬਾਂ ਲਾ ਰਿਹਾ ਹੈ ਪਰ ਉਸ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਹੁੰਦੀਆਂ ਦਿਸ ਰਹੀਆਂ। ਜਿਸ ਤਰ੍ਹਾਂ ਪੁਲਸ ਦਾ ਦਬਾਅ ਵਧ ਰਿਹਾ ਹੈ ਜਾਪਦਾ ਹੈ ਕਿ ਅਗਲੇ 1-2 ਦਿਨਾਂ ਵਿਚ ਅਰਸ਼ਦ ਪੁਲਸ ਦੇ ਹੱਥੇ ਚੜ੍ਹ ਸਕਦਾ ਹੈ।
ਇਹ ਵੀ ਪੜ੍ਹੋ:ਕਰਜ਼ੇ ਨੇ ਨਿਗਲਿਆ ਇਕ ਹੋਰ ਕਿਸਾਨ, ਖੇਤਾਂ 'ਚ ਮੋਟਰ 'ਤੇ ਲੱਗੇ ਟਰਾਂਸਫਾਰਮਰ ਨਾਲ ਲਿਆ ਫਾਹਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ