ਸਕੂਲਾਂ ’ਚ ਪਰਤਣਗੇ ਜ਼ਿਲ੍ਹਾ ਪ੍ਰਸ਼ਾਸਨ ਦੇ ਦਫਤਰਾਂ ’ਚ ਕੰਮ ਕਰਦੇ ਕਲਰਕ
Saturday, Mar 13, 2021 - 01:59 PM (IST)
ਲੁਧਿਆਣਾ (ਵਿੱਕੀ) : ਜ਼ਿਲ੍ਹਾ ਪ੍ਰਸ਼ਾਸਨ ਦੇ ਦਫ਼ਤਰਾਂ ਵਿਚ ਕੰਮ ਕਰ ਰਹੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਕਲਰਕਾਂ ਨੂੰ ਬੋਰਡ ਪ੍ਰੀਖਿਆਵਾਂ ਦੇ ਮੱਦੇਨਜ਼ਰ ਸਕੂਲਾਂ ’ਚ ਤਾਇਨਾਤ ਕਰਨ ਸਬੰਧੀ ਇਕ ਪੱਤਰ ਜਾਰੀ ਕਰਦੇ ਹੋਏ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਸੈਕੰਡਰੀ, ਐਲੀਮੈਂਟਰੀ ਸਿੱਖਿਆ) ਨੂੰ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਮਹਿਕਮੇ ਵੱਲੋਂ ਜਾਰੀ ਇਕ ਪੱਤਰ ਵਿਚ ਕਿਹਾ ਗਿਆ ਹੈ ਕਿ ਬਹੁਤ ਸਾਰੇ ਸਕੂਲ ਮੁਖੀਆਂ ਵੱਲੋਂ ਮੁੱਖ ਦਫ਼ਤਰ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿੱਖਿਆ ਮਹਿਕਮੇ ਦੇ ਕੁੱਝ ਸਟਾਫ਼ ਦੀ ਡਿਊਟੀ ਵੱਖ-ਵੱਖ ਕੰਮਾਂ ਲਈ ਲਗਾਈ ਜਾਂਦੀ ਹੈ।
ਇਨ੍ਹਾਂ ਡਿਊਟੀਆਂ ਲਈ ਬਹੁਤ ਸਾਰੇ ਕਲਰਕਾਂ ਦੇ ਨਾਂ ਭੇਜੇ ਜਾਂਦੇ ਹਨ, ਜਦੋਂ ਕਿ ਇਸ ਸਮੇਂ ਬੋਰਡ ਪ੍ਰੀਖਿਆਵਾਂ ਨੂੰ ਧਿਆਨ ’ਚ ਰੱਖਦੇ ਹੋਏ ਸਕੂਲਾਂ ਵਿਚ ਤਾਇਨਾਤ ਕਲਰਕਾਂ ਦੀ ਬਹੁਤ ਲੋੜ ਹੈ। ਉਕਤ ਗੱਲ ਨੂੰ ਧਿਆਨ ’ਚ ਰੱਖਦੇ ਹੋਏ ਸਾਰੇ ਸਕੂਲ ਮੁਖੀਆਂ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਵਿਸ਼ੇਸ਼ ਤੌਰ ’ਤੇ ਜਿਨ੍ਹਾਂ ਸਕੂਲਾਂ ਵਿਚ ਬੋਰਡ ਦੇ ਸੈਂਟਰ ਬਣੇ ਹਨ ਜਾਂ ਬਣਦੇ ਹਨ, ਅਜਿਹੇ ਸਕੂਲਾਂ ਵਿਚ ਕਲਰਕ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਨੂੰ ਦੇਖਦੇ ਹੋਏ ਮਹਿਕਮੇ ਵੱਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਆਪਣੇ ਜ਼ਿਲ੍ਹੇ ਵਿਚ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਜਿਨ੍ਹਾਂ ਸਕੂਲਾਂ ’ਚ ਬੋਰਡ ਦੇ ਸੈਂਟਰ ਬਣੇ ਹਨ ਜਾਂ ਬਣਦੇ ਹਨ, ਵਿਚ ਜੇਕਰ ਕਿਸੇ ਕਲਰਕ ਦੀ ਡਿਊਟੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਪਣੇ ਦਫ਼ਤਰ ’ਚ ਕੋਵਿਡ-19, ਚੋਣ, ਜਨਗਣਨਾ ਦੇ ਮਕਸਦ ਲਈ ਲਾਈ ਗਈ ਹੈ ਤਾਂ ਉਸ ਦਾ ਬਦਲਵਾਂ ਪ੍ਰਬੰਧ ਕਰਦੇ ਹੋਏ ਕਲਰਕ ਤੋਂ ਇਲਾਵਾ ਕਿਸੇ ਹੋਰ ਨਾਨ-ਟੀਚਿੰਗ ਸਟਾਫ਼ ਨੂੰ ਤਾਇਨਾਤ ਕਰ ਦਿੱਤਾ ਜਾਵੇ। ਪੱਤਰ ਵਿਚ ਸਾਰੇ ਜ਼ਿਲ੍ਹਿਆਂ ਦੇ ਸਿੱਖਿਆ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਆਪਣੇ ਜ਼ਿਲ੍ਹੇ ਦੇ ਡਿਪਟੀ ਕਸਿਮਨਰ ਨੂੰ ਨਿੱਜੀ ਪੱਧਰ ’ਤੇ ਮਿਲ ਕੇ ਉਕਤ ਅਨੁਸਾਰ ਕਲਰਕ ਨੂੰ ਰਿਲੀਵ ਕਰਵਾਇਆ ਜਾਵੇ।