'ਤੀਜੀ ਅੱਖ' ਦੀ ਨਿਗਰਾਨੀ 'ਚ ਹੋਵੇਗਾ ਆਰ.ਟੀ.ਏ. ਦਾ ਦਫਤਰ
Tuesday, Dec 18, 2018 - 12:04 PM (IST)

ਜਲੰਧਰ (ਅਮਿਤ)— ਡੀ. ਏ. ਸੀ. ਦੀ ਪਹਿਲੀ ਮੰਜ਼ਿਲ 'ਤੇ ਸਥਿਤ ਆਰ. ਟੀ. ਏ. ਦਫਤਰ ਅਤੇ ਪੁਰਾਣੇ ਡੀ. ਟੀ. ਓ. ਦਫਤਰ ਵਾਲੀ ਜਗ੍ਹਾ 'ਤੇ ਛੇਤੀ ਹੀ ਸੀ. ਸੀ. ਟੀ. ਵੀ. ਕੈਮਰੇ ਲਾਏ ਜਾਣਗੇ। ਇਸ ਦੇ ਨਾਲ ਹੀ ਦਫਤਰਾਂ ਦੇ ਅੰਦਰ ਅਨ-ਅਧਿਕਾਰਤ ਦਾਖਲੇ 'ਤੇ ਪੂਰੀ ਪਾਬੰਦੀ ਵੀ ਲਾਈ ਜਾ ਸਕਦੀ ਹੈ। ਸੋਮਵਾਰ ਨੂੰ ਸੈਕਟਰੀ ਆਰ. ਟੀ. ਏ. ਨੇ ਇਕ ਵਿਸ਼ੇਸ਼ ਮੀਟਿੰਗ ਕਰ ਕੇ ਇਸ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ। 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ 'ਚ ਸੈਕਟਰੀ ਆਰ. ਟੀ. ਏ. ਕੰਵਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਗੱਲ ਨੂੰ ਲੈ ਕੇ ਬਹੁਤ ਸ਼ਿਕਾਇਤਾਂ ਆ ਰਹੀਆਂ ਸਨ ਕਿ ਕੁੱਝ ਕਲਰਕਾਂ ਕੋਲ ਸਵੇਰੇ ਤੋਂ ਸ਼ਾਮ ਤੋਂ ਲੈ ਕੇ ਸ਼ਾਮ ਤਕ ਏਜੰਟ ਮੰਡਰਾਉਂਦੇ ਰਹਿੰਦੇ ਹਨ। ਇੰਨਾ ਹੀ ਨਹੀਂ ਕੁੱਝ ਕਲਰਕਾਂ ਕੋਲ ਤਾਂ ਏਜੰਟ ਕਈ-ਕਈ ਘੰਟੇ ਬੈਠ ਕੇ ਆਪਣੇ ਕੰਮ ਕਰਵਾਉਂਦੇ ਹਨ, ਜਿਸ ਨਾਲ ਦਫਤਰ ਅਤੇ ਵਿਭਾਗ ਦਾ ਅਕਸ ਆਮ ਜਨਤਾ ਦੀਆਂ ਨਜ਼ਰਾਂ 'ਚ ਕਾਫੀ ਡਿਗ ਰਿਹਾ ਹੈ। ਆਰ. ਟੀ. ਏ. ਨੇ ਕਿਹਾ ਕਿ ਉਨ੍ਹਾਂ ਦੇ ਦਫਤਰ 'ਚ ਕੁੱਝ ਸੀਟਾਂ ਅਜਿਹੀਆਂ ਹਨ, ਜਿੱਥੇ ਕਿਸੇ ਤਰ੍ਹਾਂ ਦੀ ਪਬਲਿਕ ਡੀਲਿੰਗ ਦਾ ਕੰਮ ਹੀ ਨਹੀਂ ਹੈ। ਇਸ ਲਈ ਅਜਿਹੀਆਂ ਥਾਵਾਂ 'ਤੇ ਤਾਂ ਕਿਸੇ ਵੀ ਬਾਹਰਲੇ ਵਿਅਕਤੀ ਦੇ ਦਾਖਲੇ 'ਤੇ ਪੂਰੀ ਤਰ੍ਹਾਂ ਰੋਕ ਲਾਈ ਜਾਵੇਗੀ।
ਜਿੱਥੇ ਪਬਲਿਕ ਡੀਲਿੰਗ ਦਾ ਕੰਮ ਹੈ, ਉਥੇ ਵੀ ਸਿਰਫ ਤੈਅ ਸਮੇਂ 'ਤੇ ਹੀ ਪਬਲਿਕ ਨੂੰ ਦਾਖਲ ਹੋਣ ਦੀ ਇਜਾਜ਼ਤ ਹਾਸਲ ਹੋਵੇਗੀ। ਬਾਕੀ ਦੇ ਸਮੇਂ 'ਚ ਸਿਰਫ ਮੁਲਾਜ਼ਮ ਆਪਣੀਆਂ ਸੀਟਾਂ 'ਤੇ ਬੈਠ ਕੇ ਦਫਤਰੀ ਕੰਮ ਹੀ ਨਿਪਟਾਉਣਗੇ। ਆਰ. ਟੀ. ਏ. ਨੇ ਕਿਹਾ ਕਿ ਜੇਕਰ ਕੋਈ ਵੀ ਕਲਰਕ ਉਨ੍ਹਾਂ ਦੇ ਹੁਕਮਾਂ ਦੀ ਉਲੰਘਣਾ ਕਰਦਾ ਹੈ ਅਤੇ ਉਸ ਦੇ ਕੋਲ ਏਜੰਟ ਬੈਠੇ ਹੋਏ ਮਿਲਦੇ ਹਨ ਤਾਂ ਉਸ ਸੂਰਤ 'ਚ ਸਬੰਧਤ ਕਲਰਕ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ, ਜਿਸ ਵਿਚ ਉਸ ਦੇ ਤਬਾਦਲੇ ਦੀ ਸਿਫਾਰਿਸ਼ ਤਕ ਸ਼ਾਮਲ ਹਨ।