ASI ਦੀ ਭਰਤੀ ਦੌਰਾਨ ਗੜਬੜੀ ਦੀ ਕੋਸ਼ਿਸ਼ 'ਚ ਫ਼ੌਜ ਦਾ ਕਲਰਕ ਕਾਬੂ
Wednesday, Dec 14, 2022 - 04:21 PM (IST)
ਚੰਡੀਗੜ੍ਹ (ਸੁਸ਼ੀਲ ਰਾਜ) : ਚੰਡੀਗੜ੍ਹ ਪੁਲਸ 'ਚ ਸਹਾਇਕ ਸਬ-ਇੰਸਪੈਕਟਰ (ਏ. ਐੱਸ. ਆਈ.) ਦੀ ਭਰਤੀ ਲਈ ਫਾਰਮ ਭਰਦੇ ਸਮੇਂ ਹੋਈ ਕੁਤਾਹੀ ਦੇ ਮਾਮਲੇ 'ਚ ਕ੍ਰਾਈਮ ਬ੍ਰਾਂਚ ਨੇ ਜਬਲਪੁਰ ਸਥਿਤ ਆਰਮੀ ਹੈੱਡਕੁਆਰਟਰ 'ਚ ਤਾਇਨਾਤ ਇਕ ਕਲਰਕ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਜੀਂਦ ਦੇ ਉਚਾਨਾ ਪਿੰਡ ਅਲੀਪੁਰਾ ਵਾਸੀ ਅਨਿਲ ਵਜੋਂ ਹੋਈ ਹੈ। ਦੋਸ਼ੀ ਜਬਲਪੁਰ ਆਰਮੀ ਹੈੱਡਕੁਆਰਟਰ ਐੱਸ. ਟੀ. ਸੀ. ’ਚ ਐੱਲ. ਡੀ. ਸੀ. ਤਾਇਨਾਤ ਹੈ। ਮੁਲਜ਼ਮਾਂ ਨੇ ਰੋਜਲੇਸ਼ ਦੇ ਨਾਂ ’ਤੇ ਜਾਅਲੀ ਫਾਰਮ ਭਰਿਆ ਸੀ। ਅਦਾਲਤ ਨੇ ਮੁਲਜ਼ਮ ਨੂੰ ਦੋ ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪੁਲਸ ਫ਼ਰਾਰ ਮੁਲਜ਼ਮਾਂ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ। ਚੰਡੀਗੜ੍ਹ ਪੁਲਸ 'ਚ ਕ੍ਰਾਈਮ ਬ੍ਰਾਂਚ ਦੇ ਇੰਚਾਰਜ ਰਾਜੀਵ ਕੁਮਾਰ ਨੂੰ ਏ. ਐੱਸ. ਆਈ. ਭਰਤੀ ਦੌਰਾਨ ਫਾਰਮ ਭਰਨ ਸਮੇਂ ਗਲਤੀਆਂ ਕਰਨ ਵਾਲਿਆਂ ਨੂੰ ਫੜ੍ਹਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਪੁਲਸ ਨੇ ਏ. ਐੱਸ. ਆਈ. ਭਰਤੀ ਲਈ ਜਦੋਂ ਸ਼ੱਕੀ ਨੌਜਵਾਨਾਂ ਦੇ ਫਾਰਮ ਚੈੱਕ ਕੀਤੇ ਤਾਂ ਰੋਜਲੇਸ਼ ਨਾਂ ਦੇ ਨੌਜਵਾਨ ਦਾ ਫਾਰਮ ਸ਼ੱਕੀ ਪਾਇਆ ਗਿਆ। ਪੁਲਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਫਾਰਮ ’ਚ ਦਿੱਤੀ ਗਈ ਜਾਣਕਾਰੀ ਰੋਜਲੇਸ਼ ਦੀ ਸੀ ਅਤੇ ਫੋਟੋ ਕਿਸੇ ਹੋਰ ਨੌਜਵਾਨ ਦੀ ਸੀ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਮਾਮਲੇ ਦੀ ਜਾਂਚ ਕਰਦਿਆਂ ਵੇਖਿਆ ਕਿ ਇਹ ਜੀਂਦ ਦੇ ਉਚਾਨਾ ਪਿੰਡ ਅਲੀਪੁਰਾ ਦੇ ਰਹਿਣ ਵਾਲੇ ਅਨਿਲ ਦੀ ਸੀ। ਉਹ ਇਸ ਸਮੇਂ ਜਬਲਪੁਰ ਸਥਿਤ ਆਰਮੀ ਹੈੱਡਕੁਆਰਟਰ 'ਚ ਕਲਰਕ ਵਜੋਂ ਤਾਇਨਾਤ ਹੈ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਮਾਮਲੇ ਦੀ ਜਾਂਚ ਕਰਦਿਆਂ ਅਨਿਲ ਕੁਮਾਰ ਨੂੰ ਕਾਬੂ ਕਰ ਲਿਆ। ਮੁਲਜ਼ਮ ਅਨਿਲ ਨੇ ਦੱਸਿਆ ਕਿ ਫ਼ੌਜ ਵਿਚ ਕਲਰਕ ਵਜੋਂ ਭਰਤੀ ਹੋਣ ਤੋਂ ਪਹਿਲਾਂ ਉਹ ਉਚਾਨਾ ਵਿਚ ਫੋਟੋਸਟੇਟ ਨਾਂ ਦਾ ਸਾਈਬਰ ਕੈਫੇ ਚਲਾਉਂਦਾ ਸੀ। ਉਸ ਦੇ ਸਾਈਬਰ ਕੈਫੇ ਵਿਚ ਰੋਜਲੇਸ਼ ਦੇ ਨਾਂ ’ਤੇ ਏ. ਐੱਸ. ਆਈ. ਨੇ ਜਾਅਲੀ ਫਾਰਮ ਭਰਿਆ ਸੀ।
ਹੁਣ ਤੱਕ ਕਾਂਸਟੇਬਲ ਸਮੇਤ 3 ਗ੍ਰਿਫ਼ਤਾਰ
ਕ੍ਰਾਈਮ ਬ੍ਰਾਂਚ ਦੀ ਟੀਮ ਨੇ 5 ਦਸੰਬਰ ਨੂੰ ਸਹਾਇਕ ਸਬ-ਇੰਸਪੈਕਟਰ (ਏ. ਐੱਸ. ਆਈ.) ਦੀ ਭਰਤੀ ਲਈ ਭਰੇ ਫਾਰਮ ’ਚ ਗੜਬੜੀ ਦੇ ਮਾਮਲੇ ’ਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮਾਂ ਦੀ ਪਛਾਣ ਚੰਡੀਗੜ੍ਹ ਪੁਲਸ 'ਚ ਤਾਇਨਾਤ ਹੌਲਦਾਰ ਨਰੇਸ਼ ਕੁਮਾਰ ਵਾਸੀ ਸੈਕਟਰ-42, ਏ. ਜੀ. ਪੰਜਾਬ 'ਚ ਤਾਇਨਾਤ ਸੈਕਟਰ-41 ਦੇ ਵਸਨੀਕ ਹਰਦੀਪ ਅਤੇ ਸਾਈਬਰ ਕੈਫ਼ੇ ਦੇ ਮਾਲਕ ਚੰਦਰਕਾਂਤ ਨਿਵਾਸੀ ਮਨੀਮਾਜਰਾ ਵਜੋਂ ਹੋਈ ਸੀ।