ਸਿਹਤ ਵਿਭਾਗ ਦੇ ਕਲੈਰੀਕਲ ਸਟਾਫ ਨੇ ਕਾਲੇ ਬਿੱਲੇ ਲਾ ਕੇ ਕੀਤੀ ਨਾਅਰੇਬਾਜ਼ੀ
Friday, Apr 06, 2018 - 12:35 AM (IST)

ਮੋਗਾ, (ਸੰਦੀਪ)- ਸਿਹਤ ਵਿਭਾਗ ਦੇ ਕਲੈਰੀਕਲ ਸਟਾਫ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਜ਼ਿਲਾ ਪੱਧਰੀ ਸਿਵਲ ਹਸਪਤਾਲ 'ਚ ਕਾਲੇ ਬਿੱਲੇ ਲਾ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਲੈਰੀਕਲ ਸਟਾਫ ਯੂਨੀਅਨ ਦੇ ਪ੍ਰਧਾਨ ਗੁਰਬਚਨ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਹੈਲਥ ਸੁਬਾਰਡੀਨੇਟਰ ਆਫਿਸਰਜ਼ ਕਲੈਰੀਕਲ ਐਸੋਸੀਏਸ਼ਨ ਦੇ ਪ੍ਰਦੇਸ਼ ਫੈਸਲੇ ਤਹਿਤ 3 ਤੋਂ ਲੈ ਕੇ 10 ਅਪ੍ਰੈਲ ਤੱਕ ਕਰਮਚਾਰੀ ਦੁਪਹਿਰ 1 ਤੋਂ 2 ਵਜੇ ਤੱਕ ਗੇਟ ਰੈਲੀਆਂ ਕਰ ਕੇ ਆਪਣਾ ਰੋਸ ਪ੍ਰਗਟ ਕਰਨਗੇ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਵੱਲੋਂ ਵਿਧਾਨ ਸਭਾ 'ਚ ਮੁਲਾਜ਼ਮ ਵਿਰੋਧੀ ਬਜਟ ਪੇਸ਼ ਕੀਤਾ ਹੈ, ਜਿਸ ਦੀ ਉਹ ਸਖਤ ਸ਼ਬਦਾਂ 'ਚ ਨਿੰਦਾ ਕਰਦੇ ਹਨ ਅਤੇ ਇਸ ਬਜਟ ਨੂੰ ਉਹ ਨਕਾਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਜਲਦ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀ ਹੋਵੇਗੀ।
ਇਸ ਮੌਕੇ ਸੁਪਰਡੈਂਟ ਪ੍ਰਸ਼ੋਤਮ ਲਾਲ, ਪ੍ਰੈੱਸ ਸਕੱਤਰ ਕਰਨਵੀਰ ਗਰੋਵਰ, ਸੀਨੀਅਰ ਸਹਾਇਕ ਮਨਜੀਤ ਸਿੰਘ, ਗੁਰਚਰਨ ਸਿੰਘ ਘੋਲੀਆ, ਮਿਸ ਚਰਨ ਕੌਰ, ਰਜਿੰਦਰ ਸਿੰਘ, ਗੁਰਪ੍ਰਤਾਪ ਸਿੰਘ, ਸੀਮਾ ਪੁਰੀ, ਨਰੇਸ਼ ਕੁਮਾਰ, ਬਸੰਤ ਸਿੰਘ, ਸਿਮਰਨ ਕੌਰ, ਲਖਵੀਰ ਕੌਰ, ਕਵਿਤਾ ਆਦਿ ਹਾਜ਼ਰ ਸਨ।
ਇਹ ਹਨ ਮੁੱਖ ਮੰਗਾਂ
* ਪਿਛਲੇ 22 ਮਹੀਨਿਆਂ ਤੋਂ ਮਹਿੰਗਾਈ ਭੱਤੇ ਦਾ ਏਰੀਅਰ ਦਿੱਤਾ ਜਾਵੇ।
* 1 ਜਨਵਰੀ 2017 ਤੋਂ ਲਟਕਦੀਆਂ ਪਈਆਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦਿੱਤੀਆਂ ਜਾਣ।
* ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ।
* ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ।