ਸਫਾਈ ਸੇਵਕ ਹੜਤਾਲ ''ਤੇ; ਸ਼ਹਿਰ ''ਚ ਥਾਂ-ਥਾਂ ਲੱਗੇ ਕੂੜੇ ਦੇ ਢੇਰ
Thursday, Mar 29, 2018 - 11:55 PM (IST)

ਸ੍ਰੀ ਅਨੰਦਪੁਰ ਸਾਹਿਬ, (ਦਲਜੀਤ)- ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੇ ਸਮੂਹ ਸਫਾਈ ਮੁਲਾਜ਼ਮਾਂ ਦੀ ਪਿਛਲੇ ਚਾਰ ਦਿਨਾਂ ਤੋਂ ਚੱਲ ਰਹੀ ਹੜਤਾਲ ਕਾਰਨ ਸ਼ਹਿਰ ਅੰਦਰ ਥਾਂ-ਥਾਂ ਗੰਦਗੀ ਦੇ ਢੇਰ ਲੱਗ ਗਏ ਹਨ, ਜਿਸ ਕਾਰਨ ਬੀਮਾਰੀਆਂ ਫੈਲਣ ਦਾ ਖਤਰਾ ਪੈਦਾ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਨਗਰ ਕੌਂਸਲ ਦੇ ਇਕ ਕਰਮਚਾਰੀ ਦੇ ਲੜਕੇ ਦੀ ਪਿਛਲੇ ਦਿਨੀਂ ਕਿਸੇ ਕੇਸ ਦੇ ਸਬੰਧ ਵਿਚ ਪੁਲਸ ਵੱਲੋਂ ਕਾਫੀ ਕੁੱਟ-ਮਾਰ ਕੀਤੀ ਗਈ ਸੀ, ਜਿਸ ਦੇ ਰੋਸ ਵਜੋਂ ਨਗਰ ਕੌਂਸਲ ਦੇ ਸਮੂਹ ਮੁਲਾਜ਼ਮਾਂ ਨੇ ਇਨਸਾਫ ਦੀ ਮੰਗ ਕਰਦਿਆਂ ਹੜਤਾਲ ਕਰ ਦਿੱਤੀ ਸੀ, ਜੋ ਅੱਜ ਚੌਥੇ ਦਿਨ ਵਿਚ ਸ਼ਾਮਲ ਹੋ ਚੁੱਕੀ ਹੈ। ਇਸ ਹੜਤਾਲ ਕਾਰਨ ਜਿਥੇ ਸ਼ਹਿਰ ਅੰਦਰ ਥਾਂ-ਥਾਂ ਕੂੜੇ ਦੇ ਢੇਰ ਲੱਗਣੇ ਸ਼ੁਰੂ ਹੋ ਚੁੱਕੇ ਹਨ, ਉੱਥੇ ਹੀ ਸਥਾਨਕ ਕਚਹਿਰੀ ਸੜਕ ਤੋਂ ਲੰਘਦਾ ਨਾਲਾ ਜੋ ਸਬਜ਼ੀ ਮੰਡੀ ਅਤੇ ਕਲਗੀਧਰ ਮਾਰਕੀਟ ਦੇ ਹੇਠੋਂ ਹੁੰਦਾ ਹੋਇਆ ਅੱਗੇ ਜਾਂਦਾ ਹੈ, ਵੀ ਗੰਦਗੀ ਨਾਲ ਭਰ ਚੁੱਕਾ ਹੈ। ਕੁਝ ਦਿਨਾਂ ਬਾਅਦ ਸ਼ਹਿਰ ਅੰਦਰ ਵਿਸਾਖੀ ਦਾ ਪਵਿੱਤਰ ਤਿਉਹਾਰ ਮਨਾਇਆ ਜਾਣਾ ਹੈ ਪਰ ਸ਼ਹਿਰ 'ਚ ਲੱਗੇ ਗੰਦਗੀ ਦੇ ਢੇਰਾਂ ਕਾਰਨ ਬਾਹਰੋਂ ਆਈ ਸੰਗਤ ਦੇ ਮਨਾਂ 'ਤੇ ਕੀ ਬੀਤੇਗੀ, ਇਸ ਸਬੰਧੀ ਪ੍ਰਸ਼ਾਸਨ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਤੇ ਇਸ ਮਸਲੇ ਦਾ ਜਲਦੀ ਤੋਂ ਜਲਦੀ ਕੋਈ ਯੋਗ ਹੱਲ ਕੱਢ ਕੇ ਇਹ ਹੜਤਾਲ ਖਤਮ ਕਰਵਾਉਣੀ ਚਾਹੀਦੀ ਹੈ।
ਸਾਡੀ ਮੰਗ ਨਾ ਮੰਨੀ ਤਾਂ ਨਾਲ ਲੱਗਦੇ ਸ਼ਹਿਰਾਂ ਦੇ ਸੇਵਕ ਵੀ ਹੋਣਗੇ ਧਰਨੇ 'ਚ ਸ਼ਾਮਲ : ਮੁਲਾਜ਼ਮ
ਹੜਤਾਲ ਦੇ ਅੱਜ ਪੰਜਵੇਂ ਦਿਨ ਕਈ ਰਾਜਸੀ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂ, ਵਰਕਰ ਸ਼ਾਮਲ ਹੋਏ। ਪੀੜਤ ਲੜਕੇ ਭੁਪਿੰਦਰ ਸਿੰਘ ਦੇ ਪਿਤਾ ਦਾਰਾ ਸਿੰਘ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਪੁਲਸ ਦੀ ਕੁੱਟ-ਮਾਰ ਕਾਰਨ ਹਸਪਤਾਲ ਵਿਖੇ ਦਾਖਲ ਉਸ ਦੇ ਪੁੱਤਰ ਵੱਲੋਂ ਬਿਆਨ ਦਰਜ ਕਰਵਾਉਣ ਦੇ ਬਾਵਜੂਦ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲ ਜਾਂਦਾ ਸਾਡੇ ਸਮੂਹ ਮੁਲਾਜ਼ਮਾਂ ਦੀ ਹੜਤਾਲ ਅਤੇ ਇਹ ਧਰਨਾ ਲਗਾਤਾਰ ਜਾਰੀ ਰਹੇਗਾ। ਜਦੋਂਕਿ ਨੇੜਲੇ ਸਾਰੇ ਸ਼ਹਿਰਾਂ ਦੇ ਮੁਲਾਜ਼ਮਾਂ ਵੱਲੋਂ ਵੀ ਇਸ ਧਰਨੇ 'ਚ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਹਰਦਿਆਲ ਸਿੰਘ ਬੈਂਸ, ਜਸਪਾਲ ਸਿੰਘ ਪੰਮੀ, ਪ੍ਰਧਾਨ ਸੁਖਵੀਰ ਸਿੰਘ, ਸੰਜੀਵ ਕੁਮਾਰ, ਬੇਅੰਤ ਸਿੰਘ, ਗੁਰਮੀਤ ਸਿੰਘ, ਰਮੇਸ਼ ਕੁਮਾਰ, ਤੇਲੂ ਰਾਮ, ਅਮਰ ਸਿੰਘ ਸਿਆਲ, ਹਰਦੇਵ ਸਿੰਘ, ਜੈਮਲ ਸਿੰਘ, ਮਦਨ ਲਾਲ ਤੇ ਲੁਕੇਸ਼ ਕੁਮਾਰ ਆਦਿ ਹਾਜ਼ਰ ਸਨ।