ਕਾਹਲੋਂ ਤੇ ਗਿੱਲ ਦੀ ਅਗਵਾਈ ''ਚ ਸੈਂਕੜੇ ਵਰਕਰਾਂ ਨੇ 3 ਘੰਟੇ ਝਾੜੂ ਲਾਉਂਦਿਆਂ ਨਿਭਾਈ ਸੇਵਾ
Sunday, Nov 05, 2017 - 07:20 AM (IST)
ਅੰਮ੍ਰਿਤਸਰ (ਬਿਊਰੋ, ਛੀਨਾ) - ਸ੍ਰੀ ਦਰਬਾਰ ਸਾਹਿਬ ਵਿਰਾਸਤੀ ਮਾਰਗ ਦੀ ਸਫ਼ਾਈ ਪ੍ਰਤੀ ਪ੍ਰਸ਼ਾਸਨ ਅਤੇ ਸਰਕਾਰ ਦੇ ਅਵੇਸਲੇਪਣ ਤੇ ਲਾਪ੍ਰਵਾਹੀ ਕਾਰਨ ਯੂਥ ਅਕਾਲੀ ਦਲ ਨੇ ਇਸ ਦੀ ਸਫ਼ਾਈ ਅਤੇ ਸੇਵਾ ਦਾ ਜ਼ਿੰਮਾ ਆਪਣੇ ਸਿਰ ਲੈਣ ਦਾ ਐਲਾਨ ਕੀਤਾ ਹੈ। ਸੈਂਕੜੇ ਯੂਥ ਤੇ ਅਕਾਲੀ ਵਰਕਰਾਂ ਨੇ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਅਤੇ ਸਕੱਤਰ ਜਨਰਲ ਤਲਬੀਰ ਸਿੰਘ ਗਿੱਲ ਦੀ ਅਗਵਾਈ 'ਚ ਬੀਤੀ ਰਾਤ 9 ਤੋਂ 12 ਵਜੇ ਤੱਕ ਵਿਰਾਸਤੀ ਮਾਰਗ 'ਤੇ ਝਾੜੂ ਲਾਉਂਦਿਆਂ ਇਸ ਦੀ ਸ਼ੁਰੂਆਤ ਕੀਤੀ।
ਪ੍ਰੋ. ਸਰਚਾਂਦ ਸਿੰਘ ਵੱਲੋਂ ਜਾਰੀ ਬਿਆਨ 'ਚ ਸ. ਕਾਹਲੋਂ ਅਤੇ ਗਿੱਲ ਨੇ ਉਕਤ ਸਫ਼ਾਈ ਮੁਹਿੰਮ 'ਚ ਨੌਜਵਾਨਾਂ ਨੂੰ ਵੱਧ-ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਕੇਂਦਰੀ ਧਰਮ ਅਸਥਾਨ ਸ੍ਰੀ ਦਰਬਾਰ ਸਾਹਿਬ ਸਿੱਖ ਕੌਮ ਦਾ ਮੱਕਾ ਹੈ, ਜਿਥੇ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਅਤੇ ਯਾਤਰੀ ਦਰਸ਼ਨ, ਇਸ਼ਨਾਨ ਤੇ ਨਤਮਸਤਕ ਹੋਣ ਲਈ ਰੋਜ਼ਾਨਾ ਪਹੁੰਚਦੇ ਹਨ ਪਰ ਇਥੋਂ ਦੀ ਸਫ਼ਾਈ ਦਾ ਮੰਦਾ ਹਾਲ ਦੇਖ ਕੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਗਹਿਰੀ ਸੱਟ ਵੱਜਦੀ ਹੈ। ਆਗੂਆਂ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਵਿਰਾਸਤੀ ਮਾਰਗ ਨੂੰ ਸੁੰਦਰ ਦਿਖ ਦੇਣਾ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸੁਪਨਮਈ ਪ੍ਰਾਜੈਕਟ ਸੀ, ਜਿਸ 'ਤੇ ਬਾਦਲ ਸਰਕਾਰ ਦੌਰਾਨ ਕਰੋੜਾਂ ਰੁਪਏ ਖਰਚ ਕਰਦਿਆਂ ਇਤਿਹਾਸਕ ਉਪਰਾਲਾ ਕੀਤਾ ਗਿਆ ਹੈ।
ਉਨ੍ਹਾਂ ਅਫ਼ਸੋਸ ਜਤਾਇਆ ਕਿ ਸਫ਼ਾਈ ਦੀ ਜ਼ਿੰਮੇਵਾਰੀ ਤੋਂ ਕਾਂਗਰਸ ਸਰਕਾਰ ਭੱਜ ਰਹੀ ਹੈ। ਮੌਜੂਦਾ ਸਰਕਾਰ ਵੱਲੋਂ ਸਫ਼ਾਈ ਕੰਪਨੀ ਅਤੇ ਮੁਲਾਜ਼ਮਾਂ ਨੂੰ ਸਮੇਂ ਸਿਰ ਭੁਗਤਾਨ ਨਾ ਕਰਨ ਕਾਰਨ ਸਫ਼ਾਈ ਵਿਵਸਥਾ ਬੁਰੀ ਤਰਾਂ ਪ੍ਰਭਾਵਿਤ ਹੋ ਰਹੀ ਹੈ। ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਵੱਲੋਂ ਜੋ ਇਸੇ ਸ਼ਹਿਰ ਨਾਲ ਸਬੰਧਤ ਹੋਣ ਦੇ ਬਾਵਜੂਦ ਸ੍ਰੀ ਦਰਬਾਰ ਸਾਹਿਬ ਦੇ ਵਿਰਾਸਤੀ ਮਾਰਗ ਅਤੇ ਚੌਗਿਰਦੇ ਪ੍ਰਤੀ ਕੋਈ ਧਿਆਨ ਨਾ ਦੇਣ ਕਾਰਨ ਉਤਪੰਨ ਹੋਈ ਸਫ਼ਾਈ ਦੀ ਮਾੜੀ ਹਾਲਤ ਨੇ ਸਫ਼ਾਈ ਪ੍ਰਤੀ ਸਾਨੂੰ ਅਜਿਹਾ ਫੈਸਲਾ ਲੈਣ ਲਈ ਮਜਬੂਰ ਕੀਤਾ ਹੈ।
ਇਸ ਮੌਕੇ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਅਜੈਬੀਰਪਾਲ ਸਿੰਘ ਰੰਧਾਵਾ, ਰਾਣਾ ਰਣਬੀਰ ਸਿੰਘ ਲੋਪੋਕੇ, ਅਮਰਬੀਰ ਸਿੰਘ ਢੋਟ, ਅੰਮੂ ਗੁੰਮਟਾਲਾ, ਗੁਰਜੀਤ ਸਿੰਘ ਬਿਜਲੀ ਵਾਲਾ, ਰਣਜੀਤ ਸਿੰਘ ਮੀਆਂਵਿੰਡ, ਜਗਰੂਪ ਸਿੰਘ ਚੰਦੀ, ਹਰਜੀਤ ਸਿੰਘ ਮੀਆਂਵਿੰਡ, ਗਗਨਦੀਪ ਸਿੰਘ, ਯਾਦਵਿੰਦਰ ਸਿੰਘ ਮਾਨੋਚਾਹਲ, ਮਲਕੀਤ ਸਿੰਘ ਬੀ. ਡੀ. ਓ., ਸਰਬ ਭੁੱਲਰ, ਰਵੀ ਬੂਹ, ਗੁਰਪ੍ਰੀਤ ਪ੍ਰਿੰਸ, ਸਤਿੰਦਰਜੀਤ ਸਿੰਘ, ਬੀਬੀ ਰਾਜਵਿੰਦਰ ਕੌਰ, ਬੀਬੀ ਬਲਵਿੰਦਰ ਕੌਰ ਸੰਧੂ, ਅਨੀਤਾ, ਬੀਬੀ ਰੂਪ ਕੌਰ, ਜਸਪਾਲ ਸਿੰਘ ਭੋਮਾ, ਹਿੰਮਤ ਸਿੰਘ ਕਾਦਰਾਬਾਦ, ਜੋਜ ਮਰੜੀ, ਸਾਹਿਬ ਸਿੰਘ ਰੰਗੀਲਪੁਰਾ ਆਦਿ ਮੌਜੂਦ ਸਨ।
