ਲੋਕ ਇਨਸਾਫ ਪਾਰਟੀ ਦੇ ਵਰਕਰਾਂ ਅਤੇ ਪੁਲਸ ਵਿਚਾਲੇ ਝੜਪ

09/21/2020 2:20:41 AM

ਪਾਇਲ,(ਧੀਰਾ)- ਲੋਕ ਇਨਸਾਫ ਪਾਰਟੀ ਵਲੋਂ ਹਲਕਾ ਇੰਚਾਰਜ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਅਤੇ ਸਰਬਜੀਤ ਸਿੰਘ ਕੰਗ ਦੀ ਅਗਵਾਈ ਵਿਚ ਪਿੰਡ ਮਕਸੂਦੜਾ ਦੇ ਨੌਜਵਾਨ ਨੂੰ ਸਰਪੰਚ ਨਾਲ ਹੋਏ ਝਗੜੇ ਕਾਰਣ ਪੁਲਸ ਵਲੋਂ ਚੁੱਕੇ ਜਾਣ ਤੋਂ ਬਾਅਦ ਥਾਣਾ ਪਾਇਲ ਵਿਖੇ ਧਰਨਾ ਲਾਇਆ ਗਿਆ। ਧਰਨੇ ਵਿਚ ਗਿਆਸਪੁਰਾ ਅਤੇ ਕੰਗ ਮੰਗ ਕਰ ਰਹੇ ਸਨ ਕਿ ਨੌਜਵਾਨ ਨੂੰ ਚੁੱਕਣ ਵਾਲੇ ਦੋਵੇਂ ਥਾਣੇਦਾਰ ਮੁਖਤਿਆਰ ਸਿੰਘ ਅਤੇ ਸਿਕੰਦਰ ਰਾਜ ਨੂੰ ਮੁਅੱਤਲ ਕੀਤਾ ਜਾਵੇ | ਐੱਸ. ਐੱਚ. ਓ. ਜਸਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਪੁਲਸ ਨੇ ਕੋਈ ਨੌਜਵਾਨ ਨਹੀਂ ਚੁੱਕਿਆ ਅਤੇ ਦੋਵੇ ਥਾਣੇਦਾਰ ਨੌਜਵਾਨ ਅਤੇ ਪਿੰਡ ਮਕਸੂਦੜਾ ਦੇ ਸਰਪੰਚ ਨੂੰ ਪ੍ਰਵਾਨਾ ਨੋਟ ਕਰਵਾਉਣ ਲਈ ਗਏ ਸਨ। ਕੱਲ ਨੂੰ ਦੋਵੇਂ ਧਿਰਾਂ ਥਾਣੇ ਹਾਜ਼ਰ ਹੋਣ |

ਇਸ ਤੋਂ ਬਾਅਦ ਮਸਲੇ ਨੂੰ ਸੁਲਝਾਉਣ ਲਈ ਗਿਆਸਪੁਰਾ ਅਤੇ ਕੰਗ ਨੂੰ ਗੱਲਬਾਤ ਲਈ ਐੱਸ. ਐੱਚ. ਓ. ਦੇ ਦਫ਼ਤਰ ਬੁਲਾਇਆ ਜਿਥੇ ਆਪਸ ਵਿਚ ਪੁਲਸ ਅਤੇ ਦੋਵੇਂ ਆਗੂ ਉਲਝ ਗਏ | ਇਸ ਮੌਕੇ ਡਿਊਟੀ ’ਤੇ ਆਏ ਇੰਸਪੈਕਟਰ ਕਰਨੈਲ ਸਿੰਘ ਨੇ ਦੱਸਿਆ ਕਿ ਜਦੋਂ ਗੱਲਬਾਤ ਚੱਲ ਰਹੀ ਸੀ ਪਾਇਲ ਥਾਣੇ ਦੇ ਮੁਖੀ ਜਸਪਾਲ ਸਿੰਘ ਧਾਲੀਵਾਲ ਨੂੰ ਗਿਆਸਪੁਰਾ ਨੇ ਧੱਕਾ ਮਾਰਿਆ ਅਤੇ ਉਸਦੀ ਪੱਗ ਲਾ ਦਿੱਤੀ। ਇਸੇ ਦੌਰਾਨ ਗਿਆਸਪੁਰਾ, ਕੰਗ, ਜਗਰਾਜ ਸਿੰਘ ਮਕਸੂਦੜਾ ਅਤੇ ਬਲਵੀਰ ਸਿੰਘ ਬਿਲਾਸਪੁਰ ਪੁਰ ਸਮੇਤ ਕਈ ਵਿਅਕਤੀਆਂ ਨੇ ਮੇਰੇ ’ਤੇ ਹਮਲਾ ਕਰ ਦਿੱਤਾ ਅਤੇ ਮੇਰੇ ਕੱਪੜੇ ਪਾੜ ਕੇ ਜ਼ਖਮੀ ਕਰ ਦਿੱਤਾ ਅਤੇ ਮੈਨੂੰ ਪੁਲਸ ਮੁਲਾਜ਼ਮਾਂ ਨੇ ਬਚਾਇਆ | ਇਸੇ ਦੌਰਾਨ ਪੁਲਸ ’ਤੇ ਬਾਹਰ ਖੜ੍ਹੇ ਲੋਕ ਇਨਸਾਫ ਪਾਰਟੀ ਦੇ ਵਰਕਰਾਂ ਨੇ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ਤੋਂ ਬਾਅਦ ਪੁਲਸ ਨੇ ਲੋਕ ਇਨਸਾਫ ਪਾਰਟੀ ਦੇ ਵਰਕਰਾਂ ’ਤੇ ਡਾਂਗਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਨ੍ਹਾਂ ਨੂੰ ਕੱਟ-ਕੁੱਟ ਥਾਣੇ ’ਚੋਂ ਭਜਾਇਆ ਅਤੇ ਵਰਕਰਾ ਨੇ ਭੱਜ ਕੇ ਆਪਣਾ ਖਹਿੜਾ ਛੁਡਵਾਇਆ | ਅਜੇ ਡਾਂਗਾਂ ਚੱਲ ਹੀ ਰਹੀਆਂ ਸਨ ਤਾਂ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਥਾਣੇ ਅੰਦਰੋ ਆਪਣੀ ਪੱਗ ਹੱਥ ਵਿਚ ਫੜੀ ਬਾਹਰ ਨੂੰ ਭੱਜ ਕਿ ਆ ਰਿਹਾ ਸੀ ਅਤੇ ਇਹ ਪਤਾ ਨਹੀਂ ਲੱਗ ਸਕਿਆ ਕਿ ਉਸਦੀ ਪੱਗ ਕਿਸਨੇ ਲਾਹੀ | ਪੁਲਸ ਨੇ ਮੌਕੇ ’ਤੇ ਬਲਵੀਰ ਸਿੰਘ ਬਿਲਾਸਪੁਰ ਨੂੰ ਗ੍ਰਿਫਤਾਰ ਕਰ ਲਿਆ | ਇਸ ਘਟਨਾ ਤੋਂ ਬਾਅਦ ਸੰਪਰਕ ਕਰਨ ’ਤੇ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਉਸਨੂੰ ਥਾਣੇ ਅੰਦਰ ਪੁਲਸ ਨੇ ਬੁਰੀ ਤਰ੍ਹਾਂ ਕੁੱਟਿਆ, ਮੇਰੀ ਪੱਗ ਲਾਹੀ, ਰਿਵਾਲਵਰ ਤਾਣਿਆ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ |

ਪੁਲਸ ਨੇ ਦੋਸ਼ਾਂ ਨੂੰ ਨਕਾਰਿਆ

ਪੁਲਸ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਕਿਹਾ ਕਿ ਲੋੋਕ ਇਨਸਾਫ ਪਾਰਟੀ ਦੇ ਵਰਕਰਾਂ ਨੇ ਪੁਲਸ ’ਤੇ ਹਮਲਾ ਕੀਤਾ ਹੈ | ਦੇਰ ਰਾਤ ਮਿਲੀ ਸੂਚਨਾ ਅਨੁਸਾਰ ਪਾਇਲ ਪੁਲਸ ਨੇ ਮਨਵਿੰਦਰ ਸਿੰਘ ਗਿਆਸਪੁਰਾ, ਸਰਬਜੀਤ ਸਿੰਘ ਕੰਗ, ਜਗਰਾਜ ਸਿੰਘ ਮਕਸੂਦੜਾ, ਬਲਵੀਰ ਸਿੰਘ ਬਿਲਾਸਪੁਰ ਸਮੇਤ 25-30 ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਹੈ |


Bharat Thapa

Content Editor

Related News