ਦੋ ਗੁੱਟਾਂ ਵਿਚਾਲੇ ਹੋਈ ਝੜਪ ’ਚ ਰੇਲਵੇ ਮੁਲਾਜ਼ਮਾਂ ਸਣੇ ਕਈ ਲੋਕ ਜ਼ਖਮੀ
Sunday, Jul 02, 2023 - 06:42 PM (IST)

ਅਬੋਹਰ (ਸੁਨੀਲ) : ਕਿੱਲਿਆਂਵਾਲੀ ਵਿਖੇ ਦੋ ਗੁੱਟਾਂ ਵਿਚਾਲੇ ਹੋਈ ਝੜਪ ਦੌਰਾਨ ਰੇਲਵੇ ਮੁਲਾਜ਼ਮਾਂ ਸਮੇਤ ਅੱਧੀ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਕਿੱਲਿਆਂਵਾਲੀ ਰੋਡ ਰੇਲਵੇ ਫਾਟਕ ’ਤੇ ਤਾਇਨਾਤ ਕੌਸ਼ਲ ਪੁੱਤਰ ਰਾਮੇਸ਼ਵਰ ਦਾਸ ਬੀਤੀ ਰਾਤ ਫਾਟਕ ’ਤੇ ਡਿਊਟੀ ਕਰ ਰਿਹਾ ਸੀ, ਇਸ ਦੌਰਾਨ ਉਸ ਨੇ ਸੈਦਾਂਵਾਲੀ ਵਾਸੀ ਕਿਸਾਨ ਅਨਿਲ ਕੁਮਾਰ ਪੁੱਤਰ ਚੇਤਰਾਮ ਨੂੰ ਆਪਣੇ ਟਰੈਕਟਰ ਦੇ ਪਿੱਛੇ ਖੇਤੀਬਾੜੀ ਸੰਦ ਨਾਲ ਰੇਲ ਪੱਟੜੀ ਨੂੰ ਹੋ ਰਹੇ ਨੁਕਸਾਨ ਦੇ ਕਾਰਨ ਰੋਕਣ ’ਤੇ ਉਕਤ ਕਿਸਾਨ ਨੇ ਉਸਦੀ ਕੁੱਟਮਾਰ ਕੀਤੀ। ਕੌਸ਼ਲ ਨੇ ਦੱਸਿਆ ਕਿ ਇਸ ਤੋਂ ਬਾਅਦ ਉਕਤ ਕਿਸਾਨ ਆਪਣੇ ਕੁਝ ਸਾਥੀਆਂ ਸਮੇਤ ਉਥੇ ਆ ਗਿਆ ਅਤੇ ਉਸ ਨੂੰ ਅਤੇ ਰੇਲਵੇ ਮੁਲਾਜ਼ਮ ਬਾਬੂ ਨੂੰ ਜ਼ਬਰਦਸਤੀ ਆਪਣੇ ਪਿੰਡ ਲੈ ਗਿਆ ਅਤੇ ਉੱਥੇ ਉਨ੍ਹਾਂ ਦੀ ਜ਼ਬਰਦਸਤੀ ਕੁੱਟਮਾਰ ਕੀਤੀ। ਇਸ ਸਬੰਧੀ ਹੋਰ ਰੇਲਵੇ ਮੁਲਾਜ਼ਮਾਂ ਤੋਂ ਸੂਚਨਾ ਮਿਲਣ ’ਤੇ ਪੰਜਾਬ ਪੁਲਸ ਅਤੇ ਰੇਲਵੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਉਨ੍ਹਾਂ ਦੇ ਚੁੰਗਲ ’ਚੋਂ ਛੁਡਵਾਇਆ। ਇਸ ਦੌਰਾਨ ਰੇਲਵੇ ਕਰਮਚਾਰੀ ਸ਼ਮਸ਼ੇਰ ਅਤੇ ਸੰਜੇ ਵੀ ਜ਼ਖਮੀ ਹੋ ਗਏ।
ਦੂਜੇ ਪਾਸੇ ਜ਼ਖਮੀ ਅਨਿਲ ਕੁਮਾਰ ਦੇ ਪਿਤਾ ਚੇਤਰਾਮ ਨੇ ਦੱਸਿਆ ਕਿ ਬੀਤੀ ਰਾਤ ਉਸ ਦਾ ਲੜਕਾ ਰੇਲਵੇ ਲਾਈਨਾਂ ਤੋਂ ਟਰੈਕਟਰ ਲੈ ਕੇ ਆ ਰਿਹਾ ਸੀ ਤਾਂ ਉਕਤ ਕਰਮਚਾਰੀਆਂ ਨੇ ਉਸ ਨਾਲ ਲੜਾਈ ਕੀਤੀ, ਉਸ ਤੋਂ ਬਾਅਦ ਉਕਤ ਰੇਲਵੇ ਕਰਮਚਾਰੀ ਹੋਰ ਵਿਭਾਗੀ ਕਰਮਚਾਰੀਆਂ ਨੂੰ ਲੈ ਕੇ ਆਇਆ। ਜਦੋਂ ਉਸਨੇ ਅਤੇ ਉਸਦੀ ਪਤਨੀ ਦਯਾਵੰਤੀ ਨੇ ਆਪਣੇ ਬੇਟੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਉਨ੍ਹਾਂ ਨੂੰ ਵੀ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਸਾਰਿਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਅਨਿਲ ਕੁਮਾਰ ਅਤੇ ਕੌਸ਼ਲ ਦੀ ਹਾਲਤ ਗੰਭੀਰ ਹੋਣ ਕਾਰਨ ਇੱਥੇ ਰੈਫਰ ਕਰ ਦਿੱਤਾ ਗਿਆ ਹੈ।