ਦੋਆਬਾ ਵਾਸੀਆਂ ਲਈ ਖ਼ੁਸ਼ਖਬਰੀ, ਆਦਮਪੁਰ ਹਵਾਈ ਅੱਡੇ ਤੋਂ ਇਸ ਤਾਰੀਖ਼ ਤੋਂ ਹੋਣਗੀਆਂ ਸ਼ੁਰੂ ਨਾਗਰਿਕ ਉਡਾਣਾਂ
Sunday, Feb 25, 2024 - 06:05 PM (IST)
ਜਲੰਧਰ (ਧਵਨ)- ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਅਹਿਮ ਐਲਾਨ ਕਰਦਿਆਂ ਕਿਹਾ ਹੈ ਕਿ ਆਦਮਪੁਰ ਹਵਾਈ ਅੱਡੇ ਤੋਂ 2 ਮਾਰਚ ਤੋਂ ਨਾਗਰਿਕ ਉਡਾਣਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਆਦਮਪੁਰ ਹਵਾਈ ਅੱਡੇ ਦਾ ਟਰਮੀਨਲ ਪਹਿਲਾਂ ਹੀ ਮੁਕੰਮਲ ਹੋ ਚੁੱਕਾ ਹੈ। ਰਿੰਕੂ ਨੇ ਸ਼ਨੀਵਾਰ ਦੇਰ ਸ਼ਾਮ ਜਲੰਧਰ ਦੇ ਵੋਟਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਆਦਮਪੁਰ ਹਵਾਈ ਅੱਡੇ ਤੋਂ ਨਾਗਰਿਕ ਫਲਾਈਟਾਂ ਸ਼ੁਰੂ ਕਰਨ ਦੀ ਖ਼ੁਸ਼ਖਬਰੀ ਦਿੱਤੀ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਮਾਰਚ ਨੂੰ ਦੇਸ਼ ਦੇ ਕੁਝ ਹਵਾਈ ਅੱਡਿਆਂ ਦਾ ਉਦਘਾਟਨ ਕਰਨ ਜਾ ਰਹੇ ਹਨ, ਜਿਸ ’ਚ ਕੇਂਦਰ ਸਰਕਾਰ ਵੱਲੋਂ ਆਦਮਪੁਰ ਹਵਾਈ ਅੱਡੇ ਦਾ ਨਾਂ ਵੀ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਹਾਲ ਹੀ ’ਚ ਆਦਮਪੁਰ ਹਵਾਈ ਅੱਡੇ ਤੋਂ ਨਾਗਰਿਕ ਉਡਾਣਾਂ ਸ਼ੁਰੂ ਕਰਨ ਸਬੰਧੀ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਤੇ ਸਕੱਤਰ ਨੂੰ ਮਿਲੇ ਸਨ ਅਤੇ ਉਨ੍ਹਾਂ ਦੇ ਧਿਆਨ ’ਚ ਲਿਆਂਦਾ ਸੀ ਕਿ ਆਦਮਪੁਰ ਵਿਖੇ ਟਰਮੀਨਲ 'ਤੇ ਇਮਾਰਤ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਹੁਣ ਇਥੋਂ ਨਾਗਰਿਕ ਉਡਾਣਾਂ ਸ਼ੁਰੂ ਕੀਤੀਆਂ ਜਾਣ।
ਇਹ ਵੀ ਪੜ੍ਹੋ: ਬਿਨ੍ਹਾਂ ਡਰਾਈਵਰ ਤੇ ਗਾਰਡ ਦੇ 80 ਦੀ ਰਫ਼ਤਾਰ ਨਾਲ ਪਟੜੀ 'ਤੇ ਦੌੜੀ ਟਰੇਨ, ਪੰਜਾਬ 'ਚ ਟਲਿਆ ਵੱਡਾ ਟਰੇਨ ਹਾਦਸਾ
ਰਿੰਕੂ ਨੇ ਦੱਸਿਆ ਕਿ 2 ਮਾਰਚ ਨੂੰ ਸਟਾਰ ਵਨ ਕੰਪਨੀ ਆਪਣੇ ਜਹਾਜ਼ ਨਾਲ ਆਦਮਪੁਰ ਉਤਰੇਗੀ। ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣਾਂ ’ਚ ਉਨ੍ਹਾਂ ਜਲੰਧਰ ਦੇ ਵੋਟਰਾਂ ਨਾਲ ਆਦਮਪੁਰ ਤੋਂ ਉਡਾਣਾਂ ਸ਼ੁਰੂ ਕਰਨ ਦਾ ਵਾਅਦਾ ਕੀਤਾ ਸੀ, ਜਿਸ ਨੂੰ ਹੁਣ ਉਨ੍ਹਾਂ ਨੇ ਪੂਰਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਵੰਦੇ ਭਾਰਤ ਰੇਲ ਗੱਡੀ ਚਲਾਉਣ ਦਾ ਵਾਅਦਾ ਵੀ ਪੂਰਾ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਹਵਾਈ ਅੱਡੇ ਦੇ ਖੁੱਲ੍ਹਣ ਨਾਲ ਜਲੰਧਰ ਅਤੇ ਦੋਅਾਬੇ ਦੇ ਲੋਕਾਂ ਨੂੰ ਵਿਸ਼ੇਸ਼ ਤੌਰ ’ਤੇ ਫਾਇਦਾ ਹੋਵੇਗਾ ਅਤੇ ਪ੍ਰਵਾਸੀਆਂ ਦੀ ਆਵਾਜਾਈ ਵੀ ਸੁਖਾਲੀ ਹੋਵੇਗੀ। ਉਨ੍ਹਾਂ ਕਿਹਾ ਕਿ ਜਲੰਧਰ ਦੇ ਲੋਕਾਂ ਦੇ ਸਹਿਯੋਗ ਨਾਲ ਹੀ ਉਹ ਕੇਂਦਰ ਸਰਕਾਰ ਤੋਂ ਇਨ੍ਹਾਂ ਵੱਡੇ ਮੁੱਦਿਆਂ ਨੂੰ ਹੱਲ ਕਰਵਾਉਣ ’ਚ ਸਫ਼ਲ ਹੋਏ ਹਨ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਆਦਮਪੁਰ ਹਵਾਈ ਅੱਡਾ ਚਾਲੂ ਕਰਨ ਦੀ ਉਨ੍ਹਾਂ ਨੇ ਜਲੰਧਰ ਵਾਸੀਆਂ ਨੂੰ ਖ਼ੁਸ਼ਖਬਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ਆਦਮਪੁਰ ਹਵਾਈ ਅੱਡੇ ਦਾ ਨਾਂ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਂ ’ਤੇ ਰੱਖਿਆ ਜਾਵੇ। ਉਹ ਇਹ ਮਾਮਲਾ ਪਹਿਲਾਂ ਹੀ ਕੇਂਦਰ ਸਰਕਾਰ ਕੋਲ ਉਠਾ ਚੁੱਕੇ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਭਾਰਤ ਸਰਕਾਰ ਉਨ੍ਹਾਂ ਦੀ ਮੰਗ ਪੂਰੀ ਕਰੇਗੀ।
ਇਹ ਵੀ ਪੜ੍ਹੋ: ਪਠਾਨਕੋਟ 'ਚ ਵਪਾਰੀਆਂ ਨਾਲ CM ਭਗਵੰਤ ਮਾਨ ਦਾ ਸੰਵਾਦ, ਸੰਨੀ ਦਿਓਲ 'ਤੇ ਸਾਧੇ ਤਿੱਖੇ ਨਿਸ਼ਾਨੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।