ਹਾਲ-ਏ-ਸਿਵਲ ਸਰਜਨ ਦਫਤਰ, ਅਧਿਕਾਰੀਆਂ ਨੂੰ ਨਹੀਂ ਸਟਾਫ ਦੀ ਸਿਹਤ ਦੀ ਕੋਈ ਪਰਵਾਹ

Monday, Oct 16, 2017 - 04:47 PM (IST)

ਹਾਲ-ਏ-ਸਿਵਲ ਸਰਜਨ ਦਫਤਰ, ਅਧਿਕਾਰੀਆਂ ਨੂੰ ਨਹੀਂ ਸਟਾਫ ਦੀ ਸਿਹਤ ਦੀ ਕੋਈ ਪਰਵਾਹ

ਜਲੰਧਰ(ਰੱਤਾ)— ਰੱਖ ਰਖਾਅ ਦੀ ਕਮੀ ਅਤੇ ਅਧਿਕਾਰੀਆਂ ਦੀ ਅਣਦੇਖੀ ਦੇ ਕਾਰਨ ਸਰਕਾਰੀ ਇਮਾਰਤਾਂ ਅਤੇ ਸਰਕਾਰੀ ਜਾਇਦਾਦ ਦੀ ਕੀ ਹਾਲਤ ਹੁੰਦੀ ਹੈ, ਇਸ ਦਾ ਜੇਕਰ ਕਿਸੇ ਨੇ ਸਬੂਤ ਦੇਖਣਾ ਹੈ ਤਾਂ ਉਹ ਸਿਵਲ ਸਰਜਨ ਦਫਤਰ 'ਚ ਚੱਕਰ ਲਗਾ ਕੇ ਖੁਦ ਦੇਖ ਸਕਦਾ ਹੈ। ਇਸ ਦਫਤਰ ਦਾ ਕੁਝ ਹਿੱਸਾ ਜਿੱਥੇ ਕਾਫੀ ਖਸਤਾ ਹਾਲਤ 'ਚ ਹੈ, ਉਥੇ ਹੀ ਜਗ੍ਹਾ-ਜਗ੍ਹਾ 'ਤੇ ਕਬਾੜ ਅਤੇ ਬਾਥਰੂਮਾਂ ਦੀ ਹਾਲਤ ਅਧਿਕਾਰੀਆਂ ਦੀ ਅਣਦੇਖੀ ਨੂੰ ਖੁਦ ਬਿਆਨ ਕਰਦੀ ਨਜ਼ਰ ਆ ਰਹੀ ਹੈ। ਉਂਝ ਤਾਂ ਸਿਵਲ ਸਰਜਨ ਦਫਤਰ ਅਤੇ ਪੂਰਾ ਸਿਹਤ ਵਿਭਾਗ ਲੋਕਾਂ ਦੀ ਸਿਹਤ ਦੀ ਰੱਖਵਾਲੀ ਕਰਦਾ ਹੈ ਪਰ ਇਸ ਦਫਤਰ ਦੇ ਅਧਿਕਾਰੀਆਂ ਨੂੰ ਆਪਣੇ ਸਟਾਫ ਦੀ ਸਿਹਤ ਦੀ ਸ਼ਾਇਦ ਕੋਈ ਪਰਵਾਹ ਨਹੀਂ ਹੈ। 
ਥਾਂ-ਥਾਂ ਪਿਆ ਹੈ ਕਬਾੜ
ਇਸ ਦਫਤਰ 'ਚ ਉਂਝ ਤਾਂ ਕਈ ਥਾਵਾਂ 'ਤੇ ਖਰਾਬ ਅਲਮਾਰੀਆਂ, ਟੇਬਲ, ਕੁਰਸੀਆਂ ਆਦਿ ਪਈਆਂ ਹਨ ਪਰ ਸਭ ਤੋਂ ਜ਼ਿਆਦਾ ਸਾਮਾਨ ਸਿਵਲ ਸਰਜਨ ਦੇ ਕਮਰੇ ਦੇ ਪਿੱਛੇ ਅਤੇ 4 ਨਵੰਬਰ ਕਮਰੇ ਦੇ ਨਾਲ ਪਿਆ ਹੋਇਆ ਹੈ। ਇਸ 'ਚ ਜਿੱਥੇ ਟੁੱਟੀਆਂ ਹੋਈਆਂ ਅਲਮਾਰੀਆਂ ਅਤੇ ਟੇਬਲ ਪਏ ਹਨ, ਉਥੇ ਹੀ ਇਨ੍ਹਾਂ 'ਚ ਦਫਤਰ ਦਾ ਰਿਕਾਰਡ ਵੀ ਹੈ। ਇਸ ਕਬਾੜ ਦੇ ਕਾਰਨ ਇਥੇ ਕਾਫੀ ਮੱਛਰ ਵੀ ਹੁੰਦੇ ਹਨ। 
ਇਥੋਂ ਦੇ ਵਿਹੜੇ 'ਚ ਕੂੜਾ ਦਾ ਢੇਰ ਲੱਗਾ ਹੋਇਆ ਹੈ ਅਤੇ ਜਦੋਂ ਇਹ ਢੇਰ ਵੱਧ ਜਾਂਦਾ ਹੈ ਤਾਂ ਇਸ ਨੂੰ ਚੁੱਕਣ ਦੀ ਬਜਾਏ ਅੱਗ ਲਗਾ ਦਿੱਤੀ ਜਾਂਦੀ ਹੈ,ਜਿਸ ਨਾਲ ਪ੍ਰਦੂਸ਼ਣ ਫੈਲਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਢੇਰ ਦੇ ਅੱਗੇ ਗੱਡੀਆਂ ਵੀ ਖੜੀਆਂ ਕੀਤੀਆਂ ਜਾਂਦੀਆਂ ਹਨ ਪਰ ਫਿਰ ਵੀ ਅਧਿਕਾਰੀ ਇਸ ਵੱਲ ਕੋਈ ਧਿਆਨ ਨਹੀਂ ਦਿੰਦੇ। 
ਬਾਥਰੂਮਾਂ ਦੇ ਅੱਗੇ ਖੜ੍ਹਾ ਰਹਿੰਦਾ ਹੈ ਪਾਣੀ
ਇਕ ਪਾਸੇ ਤਾਂ ਵਿਭਾਗ ਦੇ ਅਧਿਕਾਰੀ ਲੋਕਾਂ ਨੂੰ ਇਸ ਦੇ ਲਈ ਜਾਗਰੂਕ ਕਰਨ ਦੀ ਗੱਲ ਕਰਦੇ ਹਨ ਕਿ ਆਪਣੇ ਘਰਾਂ ਦੇ ਨੇੜੇ ਅਤੇ ਛੱਤਾਂ 'ਤੇ ਪਾਣੀ ਖੜ੍ਹਾ ਨਾ ਹੋਣ ਦੇਣ ਕਿਉਂਕਿ ਇਸ ਨਾਲ ਮੱਛਰ ਪੈਦਾ ਹੁੰਦੇ ਹਨ ਪਰ ਆਪਣੇ ਦਫਤਰ 'ਚ ਉਨ੍ਹਾਂ ਨੂੰ ਸ਼ਾਇਦ ਇਹ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ। ਇਥੋਂ ਦੇ ਬਾਥਰੂਮਾਂ ਦੇ ਅੱਗੇ ਪਾਣੀ ਖੜ੍ਹਾ ਰਹਿੰਦਾ ਹੈ। 
ਕੰਧਾਂ 'ਤੇ ਜੰਮ ਚੁੱਕੀ ਹੈ ਕਾਈ
ਕਈ ਸਾਲ ਪਹਿਲਾਂ ਲੱਖਾਂ ਰੁਪਏ ਖਰਚ ਕਰਕੇ ਸਿਵਲ ਸਰਜਨ ਦਫਤਰ 'ਚ ਸਟਾਫ ਲਈ ਬਣਾਏ ਗਏ ਬਾਥਰੂਮਾਂ ਦੀ ਹਾਲਤ ਇਹ ਹੈ ਕਿ ਉਨ੍ਹਾਂ ਦੀਆਂ ਛੱਤਾਂ ਤੋਂ ਪਾਣੀ ਟਪਕਦਾ ਰਹਿੰਦਾ ਹੈ, ਜਿਸ ਨਾਲ ਕੰਧਾਂ ਦੀ ਹਾਲਤ ਇੰਨੀ ਖਸਤਾ ਹੋ ਚੁੱਕੀ ਹੈ ਕਿ ਕਦੇ ਵੀ ਡਿੱਗ ਸਕਦੀਆਂ ਹਨ। ਇਹ ਹੀ ਨਹੀਂ ਇਸੇ ਪਾਣੀ ਦੇ ਕਰਕੇ ਕੰਧਾਂ 'ਤੇ ਕਾਈ ਵੀ ਜੰਮ ਚੁੱਕੀ ਹੈ।


Related News