ਸਿਵਲ ਹਸਪਤਾਲ ਦੀਆਂ ਨਰਸਾਂ ਨੇ ਨਰਸਿੰਗ ਸਿਸਟਰਜ਼ ਖਿਲਾਫ ਖੋਲ੍ਹਿਆ ਮੋਰਚਾ

Saturday, Jul 28, 2018 - 05:00 AM (IST)

ਸਿਵਲ ਹਸਪਤਾਲ ਦੀਆਂ ਨਰਸਾਂ ਨੇ ਨਰਸਿੰਗ ਸਿਸਟਰਜ਼ ਖਿਲਾਫ ਖੋਲ੍ਹਿਆ ਮੋਰਚਾ

ਅੰਮ੍ਰਿਤਸਰ, (ਦਲਜੀਤ)- ਸਿਵਲ ਹਸਪਤਾਲ ਦੀਅਾਂ ਸਟਾਫ ਨਰਸਾਂ ਨੇ ਨਰਸਿੰਗ ਸਿਸਟਰਜ਼ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ, ਜਿਨ੍ਹਾਂ ਨੇ ਨਰਸਿੰਗ ਸਿਸਟਰਜ਼ ’ਤੇ ਪ੍ਰਤਾਡ਼ਿਤ ਕਰਨ ਦਾ ਦੋਸ਼ ਲਾਉਂਦੇ ਹੋਏ ਅੱਜ ਹਸਪਤਾਲ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਸਟਾਫ ਨਰਸ ਰਾਜਿੰਦਰ ਕੌਰ ਤੇ ਪ੍ਰਧਾਨ ਜਸਬੀਰ ਕੌਰ ਨੇ ਕਿਹਾ ਕਿ ਸਿਵਲ ਹਸਪਤਾਲ ਵਿਚ 52 ਸਟਾਫ ਨਰਸਾਂ ਦਿਨ-ਰਾਤ ਮਰੀਜ਼ਾਂ ਦੀ ਸੇਵਾ ’ਚ ਲੱਗੀਆਂ ਰਹਿੰਦੀਆਂ ਹਨ, ਦੂਜੇ ਪਾਸੇ ਸਟਾਫ ਨਰਸਾਂ ’ਤੇ ਲਾਈਆਂ ਗਈਆਂ 2 ਨਰਸਿੰਗ ਸਿਸਟਰਜ਼ ਦਾ ਸੁਭਾਅ ਬੇਹੱਦ ਨਿੰਦਣਯੋਗ ਹੈ, ਜੋ ਗੱਲ-ਗੱਲ ’ਤੇ ਸਟਾਫ ਨਰਸਾਂ ਨੂੰ ਜ਼ਲੀਲ ਕਰ ਰਹੀਅਾਂ ਹਨ।
ਰਜਿੰਦਰ ਕੌਰ ਨੇ ਦੱਸਿਆ ਕਿ ਪਿਛਲੇ ਦਿਨੀਂ ਹੀ ਉਸ ਨੂੰ ਆਪਣੇ ਪਤੀ ਦੀ ਨੀ-ਪਲੇਸਮੈਂਟ ਕਰਵਾਉਣ ਲਈ ਛੁੱਟੀ ਚਾਹੀਦੀ ਸੀ ਪਰ ਨਰਸਿੰਗ ਸਿਸਟਰਜ਼ ਨੇ ਛੁੱਟੀ ਦੇਣ ਦੀ ਬਜਾਏ ਉਸ ਨੂੰ ਜ਼ਲੀਲ ਕੀਤਾ। ਨਰਸਿੰਗ ਸਿਸਟਰਜ਼ ਸਾਡੇ ਨਾਲ ਇਸ ਤਰ੍ਹਾਂ ਗੱਲ ਕਰਦੀਆਂ ਹਨ ਜਿਵੇਂ ਅਸੀਂ ਉਨ੍ਹਾਂ ਦੇ ਕਰਮਚਾਰੀ ਹਾਂ। ਆਪਣੀ ਮਨਮਾਨੀ ਕਰਦੇ ਹੋਏ ਸਟਾਫ ਨਰਸਾਂ ਨੂੰ ਇਧਰ-ਉਧਰ ਡਿਊਟੀ ’ਤੇ ਲਾ ਦਿੰਦੀਆਂ ਹਨ। ਇਸ ਬਾਰੇ ਅਸੀਂ ਕਈ ਵਾਰ ਉਨ੍ਹਾਂ ਨੂੰ ਕਿਹਾ ਵੀ ਕਿ ਉਹ ਸਟਾਫ ਪ੍ਰਤੀ ਆਪਣਾ ਸੁਭਾਅ ਠੀਕ ਰੱਖਣ ਪਰ ਉਹ ਅਜਿਹੀਆਂ ਗੱਲਾਂ ਕਰਦੀਆਂ ਹਨ ਜਿਵੇਂ ਪੂਰਾ ਹਸਪਤਾਲ ਉਹ ਚਲਾ ਰਹੀਆਂ ਹੋਣ।
ਉਨ੍ਹਾਂ ਕਿਹਾ ਕਿ ਨਰਸਿੰਗ ਸਿਸਟਰਜ਼ ਕੋਲ ਸਟਾਫ ਨਰਸ ਦੀ ਏ. ਸੀ. ਆਰ. ਲਿਖਣ ਦਾ ਅਧਿਕਾਰ ਹੈ, ਇਸ ਲਈ ਉਹ ਗੱਲ-ਗੱਲ ’ਤੇ ਉਨ੍ਹਾਂ ’ਤੇ ਧੌਂਸ ਜਮਾਉਂਦੀਆਂ ਹਨ। ਸੱਚ ਤਾਂ ਇਹ ਹੈ ਕਿ ਨਰਸਿੰਗ ਸਿਸਟਰਜ਼ ਧਡ਼ੇਬੰਦੀ ਕਰਦੀਆਂ ਹਨ ਤੇ ਹਸਪਤਾਲ ਦਾ ਮਾਹੌਲ ਖ਼ਰਾਬ ਕਰ ਰਹੀਆਂ ਹਨ। ਜੇਕਰ ਉਨ੍ਹਾਂ ਨੇ ਆਪਣਾ ਸੁਭਾਅ ਠੀਕ ਨਾ ਕੀਤਾ ਤਾਂ ਸਾਰੀਅਾਂ ਸਟਾਫ ਨਰਸਾਂ ਵੱਡਾ ਅੰਦੋਲਨ ਕਰਨਗੀਆਂ। ਇਸ ਸਬੰਧੀ ਉਹ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਨੂੰ ਵੀ ਸ਼ਿਕਾਇਤ ਕਰ ਚੁੱਕੀਆਂ ਹਨ।
ਦੂਜੇ ਪਾਸੇ ਹਸਪਤਾਲ ਦੇ ਸੀਨੀਅਰ ਮੈਡੀਕਲ ਅਧਿਕਾਰੀ ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਾਜਿੰਦਰ ਅਰੋਡ਼ਾ ਦਾ ਕਹਿਣਾ ਹੈ ਕਿ ਸਟਾਫ ਨਰਸਾਂ ਨੇ ਉਨ੍ਹਾਂ ਨੂੰ ਨਰਸਿੰਗ ਸਟਾਫ ਦੀ ਸ਼ਿਕਾਇਤ ਦਿੱਤੀ ਹੈ, ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।
 


Related News