ਸਿਵਲ ਹਸਪਤਾਲ ਨਾਭਾ ''ਚ ਅਲਟਰਾਸਾਊਂਡ ਸੁਵਿਧਾ ਬੰਦ!
Sunday, Sep 17, 2017 - 10:36 AM (IST)
ਨਾਭਾ (ਗੋਇਲ)-ਸੂਬਾ ਸਰਕਾਰ ਵੱਲੋਂ ਜਨਤਾ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਸਰਕਾਰੀ ਹਸਪਤਾਲਾਂ ਨੂੰ ਕਰੋੜਾਂ ਰੁਪਏ ਦਿੱਤੇ ਜਾਂਦੇ ਹਨ, ਜਿਸ ਨਾਲ ਸਰਕਾਰੀ ਹਸਪਤਾਲਾਂ 'ਚ ਆਉਣ ਵਾਲੇ ਮਰੀਜ਼ਾਂ ਨੂੰ ਵਧੀਆ ਅਤੇ ਸਸਤਾ ਇਲਾਜ ਮਿਲ ਸਕੇ। ਦੂਜੇ ਪਾਸੇ ਨਾਭਾ ਦੇ ਸਿਵਲ ਹਸਪਤਾਲ ਵਿਚ ਅਲਟਰਾਸਾਊਂਡ ਸੁਵਿਧਾ ਬੰਦ ਹੋਣ 'ਤੇ ਮਰੀਜ਼ਾਂ ਨੂੰ ਮਾਯੂਸ ਹੋ ਕੇ ਵਾਪਸ ਜਾਣਾ ਪੈਂਦਾ ਹੈ। ਹਾਲਾਂਕਿ ਹਸਪਤਾਲ ਮੈਨੇਜਮੈਂਟ ਵੱਲੋਂ ਗਰਭਵਤੀ ਔਰਤਾਂ ਲਈ ਇਕ ਪ੍ਰਾਈਵੇਟ ਡਾਕਟਰ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ, ਪਿਛਲੇ ਕੁਝ ਮਹੀਨਿਆਂ ਤੋਂ ਇਹ ਸਹੂਲਤ ਵੀ ਬੰਦ ਹੈ, ਜਿਸ ਕਾਰਨ ਗਰਭਵਤੀ ਔਰਤਾਂ ਨੂੰ ਬਾਹਰ ਮਹਿੰਗੇ ਰੇਟਾਂ 'ਤੇ ਅਲਟਰਾਸਾਊਂਡ ਕਰਵਾਉਣਾ ਪੈਂਦਾ ਹੈ।
ਅਲਟਰਾਸਾਊਂਡ ਸੁਵਿਧਾ ਬੰਦ ਹੋਣ ਕਾਰਨ ਹਸਪਤਾਲ 'ਚ ਆਏ ਮਰੀਜ਼ਾਂ ਨੂੰ ਆਰਥਿਕ ਅਤੇ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਾਭਾ ਸਿਵਲ ਹਸਪਤਾਲ ਵਿਚ ਲਗਭਗ 250 ਪਿੰਡਾਂ, ਆਸ-ਪਾਸ ਦੇ ਕਸਬਿਆਂ ਅਤੇ ਨਾਭਾ ਸ਼ਹਿਰ ਤੋਂ ਮਰੀਜ਼ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਫਾਇਦਾ ਚੁੱਕਣ ਲਈ ਆਉਂਦੇ ਹਨ। ਇਸ ਸੁਵਿਧਾ ਦੇ ਬੰਦ ਹੋਣ ਕਾਰਨ ਮਰੀਜ਼ ਪ੍ਰਾਈਵੇਟ ਹਸਪਤਾਲਾਂ ਤੋਂ ਮਹਿੰਗੇ ਰੇਟਾਂ 'ਤੇ ਅਲਟਰਾਸਾਊਂਡ ਕਰਵਾਉਣ ਲਈ ਮਜਬੂਰ ਹਨ। ਸਰਕਾਰ ਵੱਲੋਂ ਇਹ ਸਹੂਲਤ ਗਰਭਵਤੀ ਔਰਤਾਂ ਨੂੰ ਮੁਫਤ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜ਼ਰੂਰਤਮੰਦ ਮਰੀਜ਼ਾਂ ਨੂੰ ਇਹ ਸੁਵਿਧਾ ਲਗਭਗ 200 ਰੁਪਏ ਵਿਚ ਦਿੱਤੀ ਜਾ ਰਹੀ ਹੈ, ਜਦਕਿ ਪ੍ਰਾਈਵੇਟ ਹਸਪਤਾਲ 500 ਤੋਂ 700 ਰੁਪਏ ਵਿਚ ਅਲਟਰਾਸਾਊਂਡ ਕਰਦੇ ਹਨ।
ਇਸ ਬਾਰੇ ਉਦਯੋਗਪਤੀ ਅਸ਼ੋਕ ਬਾਂਸਲ ਨੇ ਦੱਸਿਆ ਕਿ ਉਹ ਇਸ ਮਾਮਲੇ ਵਿਚ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੂੰ ਪੱਤਰ ਲਿਖਣਗੇ ਤੇ ਉਨ੍ਹਾਂ ਨੂੰ ਉਕਤ ਸਮੱਸਿਆ ਤੋਂ ਜਾਣੂ ਕਰਵਾ ਕੇ ਪੱਕੇ ਡਾਕਟਰ ਦੀ ਤਾਇਨਾਤੀ ਦੀ ਮੰਗ ਕਰਨਗੇ। ਸਮਾਜ ਸੇਵਕ ਤੇ ਉਦਯੋਗਪਤੀ ਹਰੀ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਚ ਲੋਕਾਂ ਦੀ ਸੁਵਿਧਾ ਨੂੰ ਦੇਖਦੇ ਹੋਏ ਤੁਰੰਤ ਅਲਟਰਾਸਾਊਂਡ ਵਿਭਾਗ ਵਿਚ ਡਾਕਟਰ ਤਾਇਨਾਤ ਕਰਨਾ ਚਾਹੀਦਾ ਹੈ ਤਾਂ ਕਿ ਲੋੜਵੰਦ ਮਰੀਜ਼ ਆਪਣਾ ਇਲਾਜ ਕਰਵਾ ਸਕਣ ਤੇ ਗਰਭਵਤੀ ਔਰਤਾਂ ਨੂੰ ਇਸ ਸੁਵਿਧਾ ਲਈ ਪ੍ਰਾਈਵੇਟ ਹਸਪਤਾਲਾਂ ਵਿਚ ਨਾ ਜਾਣਾ ਪਵੇ।
ਇਸ ਬਾਰੇ ਜਦੋਂ ਐੱਸ. ਐੱਮ. ਓ. ਡਾ. ਦਲਬੀਰ ਕੌਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਗਰਭਵਤੀ ਔਰਤਾਂ ਦੇ ਅਲਟਰਾਸਾਊਂਡ ਲਈ ਜਲਦੀ ਹੀ ਪਹਿਲਾਂ ਦੀ ਤਰ੍ਹਾਂ ਪ੍ਰਾਈਵੇਟ ਡਾਕਟਰ ਦੀ ਸੇਵਾ ਲਈ ਜਾਵੇਗੀ। ਕੁਝ ਹੀ ਦਿਨਾਂ ਵਿਚ ਇਥੇ ਗਰਭਵਤੀ ਔਰਤਾਂ ਦਾ ਅਲਟਰਾਸਾਊਂਡ ਸ਼ੁਰੂ ਹੋ ਜਾਵੇਗਾ।