44 ਲੱਖ ਰੁਪਏ ਖਰਚ ਕੇ ਖਰੀਦੇ 2 ਵੈਂਟੀਲੇਟਰ, ਡਾਕਟਰ ਕਹਿ ਰਹੇ ਸਾਨੂੰ ਇਸ ਦਾ ਕੋਈ ਤਜ਼ਰਬਾ ਨਹੀਂ

Saturday, Aug 11, 2018 - 06:13 PM (IST)

44 ਲੱਖ ਰੁਪਏ ਖਰਚ ਕੇ ਖਰੀਦੇ 2 ਵੈਂਟੀਲੇਟਰ, ਡਾਕਟਰ ਕਹਿ ਰਹੇ ਸਾਨੂੰ ਇਸ ਦਾ ਕੋਈ ਤਜ਼ਰਬਾ ਨਹੀਂ

ਜਲੰਧਰ— ਇਥੋਂ ਦੇ ਸਿਵਲ ਹਸਪਤਾਲ 'ਚ ਨਵਜੰਮੇ ਬੱਚਿਆਂ ਲਈ 44 ਲੱਖ ਰੁਪਏ ਖਰਚ ਕਰਕੇ ਦੋ ਵੈਂਟੀਲੇਟਰ ਖਰੀਦੇ ਗਏ ਸਨ ਪਰ ਇਕ ਮਹੀਨਾ ਬੀਤਣ ਦੇ ਬਾਅਦ ਵੀ ਵੈਂਟੀਲੇਟਰਾਂ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਹੈ। ਹਸਪਤਾਲ ਪ੍ਰਬੰਧਨ ਨੂੰ ਡਾਕਟਰਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਵੈਂਟੀਲੇਟਰ ਚਲਾਉਣ ਦਾ ਨਾ ਤਜ਼ਰਬਾ ਹੈ ਨਾ ਹੀ ਕੋਈ ਜਾਣਕਾਰੀ। ਜੇਕਰ ਅਸੀਂ ਇਸ ਦੀ ਵਰਤੋਂ ਕੀਤੀ ਤਾਂ ਬੱਚਿਆਂ ਦਾ ਨੁਕਸਾਨ ਹੋ ਸਕਦਾ ਹੈ।ਇਨ੍ਹਾਂ ਦੀ ਵਰਤੋਂ ਕਰਨ ਨੂੰ ਲੈ ਕੇ ਡਾਕਟਰਾਂ ਨੇ ਬੈਰੋਟ੍ਰਾਮਾ (ਫੈਫੜਿਆਂ 'ਚ ਹਵਾ ਦੇ ਦਬਾਅ ਨਾਲ ਹੋਣ ਵਾਲੇ ਨੁਕਸਾਨ) ਦੀ ਸ਼ੰਕਾ ਜਤਾਈ ਹੈ। ਦੱਸਣਯੋਗ ਹੈ ਕਿ ਰਾਜ ਸਭਾ ਸੰਸਦ ਮੈਂਬਰ ਨਰੇਸ਼ ਗੁਜਰਾਲ ਵੱਲੋਂ ਦਿੱਤੇ ਗਏ ਫੰਡ 'ਚੋਂ ਵੈਂਟੀਲੇਟਰ ਖਰੀਦੇ ਸਨ। ਪ੍ਰੀਮੈਚਿਊਰ ਅਤੇ ਨਾਬਾਲਗ ਬੱਚਿਆਂ ਨੂੰ ਜੇਕਰ ਵੈਂਟੀਲੇਟਰ ਦੀ ਲੋੜ ਹੈ ਤਾਂ ਉਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ ਭੇਜਿਆ ਜਾ ਰਿਹਾ ਹੈ। ਪ੍ਰਾਈਵੇਟ ਹਸਪਤਾਲਾਂ 'ਚ ਇਕ ਦਿਨ ਦਾ 7 ਤੋਂ 10 ਹਜ਼ਾਰ ਖਰਚ ਹੈ। 
ਜੇਕਰ ਡਾਕਟਰ ਟ੍ਰੇਨਿੰਗ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਜਾਵੇ: ਡਾ. ਬਾਵਾ  
ਹਸਪਤਾਲ ਦੇ ਮੈਡੀਕਲ ਸੁਪਰੀਟੈਂਡੈਂਟ ਡਾ. ਕੇ. ਐੱਸ. ਬਾਵਾ ਨੇ ਦੱਸਿਆ ਕਿ ਅਸੀਂ ਡਾਕਟਰਾਂ ਦੀ ਟ੍ਰੇਨਿੰਗ ਦੇ ਕਈ ਸੈਸ਼ਨ ਲਗਾ ਚੁੱਕੇ ਹਾਂ। ਜੇਕਰ ਅਜੇ ਵੀ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਵੈਂਟੀਲੇਟਰ ਚਲਾਉਣ 'ਚ ਅਸਮਰਥ ਹਨ ਤਾਂ ਉਨ੍ਹਾਂ ਨੂੰ ਟ੍ਰੇਨਿੰਗ ਵੀ ਦਿੱਤੀ ਜਾ ਸਕਦੀ ਹੈ। ਅਸੀਂ ਡਾਕਟਰਾਂ ਨੂੰ ਕਹਿ ਦਿੱਤਾ ਹੈ ਕਿ ਜਿਹੜੇ ਬੱਚਿਆਂ ਨੂੰ ਵੈਂਟੀਲੇਟਰ ਦੀ ਲੋੜ ਹੈ, ਉਨ੍ਹਾਂ ਨੂੰ ਸਿਵਲ ਹਸਪਤਾਲ 'ਚ ਹੀ ਇਹ ਸੇਵਾ ਦਿੱਤੀ ਜਾਵੇ। ਦੂਜੇ ਹਸਪਤਾਲਾਂ 'ਚ ਰੈਫਰ ਕਰਨ ਦੀ ਲੋੜ ਨਹੀਂ ਹੈ। ਹਾਲਾਂਕਿ ਅਜੇ ਵੀ ਸਾਡੇ ਡਾਕਟਰ ਵੈਂਟੀਲੇਟਰ ਮਸ਼ੀਨਾਂ ਨੂੰ ਚਲਾਉਣ ਤੋਂ ਕਤਰਾ ਰਹੇ ਹਨ ਜਦਕਿ ਇਨ੍ਹਾਂ ਮਸ਼ੀਨਾਂ ਨੂੰ ਚਲਾਉਣਾ ਬੇਹੱਦ ਸੌਖਾ ਹੈ। 
ਸਿਵਲ ਹਸਪਤਾਲ ਦੇ ਇਕ ਸੀਨੀਅਰ ਐਨੇਸਥੇਟਿਸਟ ਨੇ ਦੱਸਿਆ ਕਿ 60 ਕਿਲੋ ਦੇ ਵਿਅਕਤੀ ਨੂੰ ਵੈਂਟੀਲੇਟਰ ਸਪੋਰਟ ਦੇਣਾ ਆਸਾਨ ਹੁੰਦਾ ਹੈ ਪਰ 900 ਗ੍ਰਾਮ ਦੇ ਨਵਜੰਮੇ ਬੱਚੇ ਨੂੰ ਮਸ਼ੀਨ 'ਤੇ ਪਾਉਣ ਲਈ ਸਾਵਧਾਨੀ ਦੀ ਲੋੜ ਹੁੰਦੀ ਹੈ। ਵੈਂਟੀਲੇਟਰ ਲਗਾਉਂਦੇ ਸਮੇਂ ਆਕਸੀਜ਼ਨ ਦੀ ਪਾਈਪ ਨੂੰ ਮਰੀਜ਼ ਦੇ ਫੇਫੜਿਆਂ 'ਚ ਉਤਾਰਿਆ ਜਾਂਦਾ ਹੈ। ਫੇਫੜਿਆਂ 'ਚ ਹਵਾ ਦਾ ਪ੍ਰੈਸ਼ਰ ਜ਼ਿਆਦਾ ਹੋ ਜਾਵੇ ਤਾਂ ਬੈਰੋਟ੍ਰਾਮਾ ਯਾਨੀ ਫੇਫੜਿਆਂ ਨੂੰ ਨੁਕਸਾਨ ਹੋ ਸਕਦਾ ਹੈ। ਇਸ ਨਾਲ ਮੌਤ ਵੀ ਹੋ ਸਕਦੀ ਹੈ। ਜੇਕਰ ਡਾਕਟਰਾਂ ਨੂੰ ਤਿੰਨ ਮਹੀਨੇ ਟ੍ਰੇਨਿੰਗ ਦਿੱਤੀ ਜਾਵੇ ਤਾਂ ਉਹ ਮਸ਼ੀਨਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦੇਣਗੇ।


Related News